ਬਾਣੀ ਭਗਤ ਨਾਮਦੇਵ ਜੀਉ ਕੀ

   
ਆਪ ਜੀ ਦਾ ਜਨਮ ਮਾਤਾ ਗੋਨਾਬਾਈ ਅਤੇ ਸੁਪਿਤਾ ਸ੍ਰੀ ਦਾਮਾ ਸੇਠ (ਜੋਕਿ ਜਾਤ ਦੇ ਛੀਂਬਾ ਸੀ) ਦੇ ਘਰ, ਪਿੰਡ ਨਰਸੀ ਬਾਮਨੀ, ਜ਼ਿਲਾ ਹਿੰਗੋਲੀ, ਮਹਾਰਾਸ਼ਟਰ ਰਾਜ, ਦਖਣੀ ਭਾਰਤ ਵਿਚ 29-ਅਕਤੂਬਰ 1270 ਨੂੰ ਹੋਇਆ । ਆਪ ਜੀ ਦਾ ਬਚਪਨ ਤੋਂ ਹੀ ਭਗਤੀ ਭਾਵ ਰੂਹਾਨੀਯਤ ਵਲ ਝੁਕਾਨ ਸੀ । ਆਪ ਜੀ ਗ੍ਰਿਹਸਤੀ ਸਨ, ਆਪ ਜੀ ਦੀ ਧਰਮਪਤਨੀ ਦਾ ਨਾਮ ਰਜ਼ਾਈ ਸੀ[ਆਪ ਜੀ ਨੇ ਪਿਤਾ ਪੁਰਖੀ ਕ੍ਰਿਤ ਕੀਤੀ ਪਰ ਏਨੀ ਵਧੀਆਂ ਰੋਜੀ-ਕਮਾਈ ਨਹੀਂ ਸੀ ਹੁੰਦੀ ਭਾਵ ਕਿ ਇਸ ਝੂਠੇ ਜਗਤ ਦੇ ਝੂਠੇ ਕਮ ਸੋਝੀ ਨਹੀਂ ਦਿੰਦੇ ਸਨ, ਇਹੋ ਇਕ ਸਚੇ ਸੰਤ ਮਹਾਪੁਰਸ਼ਾਂ ਦੀ ਨਿਸ਼ਾਨੀ ਹੈ । ਆਪ ਜੀ ਦਾ ਕਾਦਰ ਕਰੀਮ ਵਿਚ ਵਿਸ਼ਵਾਸ ਬਚਪਨ ਤੋਂ ਹੀ ਸੀ ਪਰ ਮੁਰਸ਼ਦ ਦੀ ਪ੍ਰਾਪਤੀ ਜਵਾਨ ਅਵਸਥਾ ਵਿਚ ਹੋਈ । ਆਪ ਜੀ ਨੂੰ ਉਸ ਸਮੇਂ ਦੇ ਦੇਹਧਾਰੀ ਮਹਾਨ ਸੰਤਾਂ-ਪੁਰਸ਼ਾਂ ਵਿਚ ਸਤਿਗੁਰ ਗਿਆਨ ਦੀ ਵਿਧੀ ਦਾ ਗਿਆਨ ਹੋਇਆ । ਸੋ ਆਪ ਜੀ ਨੇ ਮੁਰਸ਼ਦ ਦੀਖਿਆ ਉਸ ਸਮੇਂ ਦੇ ਮਾਹਨ ਦੇਹਧਾਰੀ ਮੁਰਸ਼ਦ ਸਤਿਗੁਰ "ਵਿਸ਼ੋਬਾ ਖੇਚਰ" ਜੀ ਤੋਂ ਪ੍ਰਾਪਤ ਕੀਤੀ । ਕਿਉਂਕਿ ਉਸ ਸਮੇਂ ਦੇ ਹਿੰਦੂ ਧਰਮ ਨੇ ਦਲਿਤ ਸਮਾਜ ਨੂੰ ਜਾਤੀਪਾਤੀ ਦੀ ਜ਼ਾਲਮਤਾ ਨੇ ਪੀੜ-ਪੀੜ ਕੇ ਰਖ ਦਿਤਾ ਸੀ ਜਿਸ ਤੋਂ ਇਨ੍ਹਾਂ ਤਿੰਨਾਂ ਹੀ ਵਰਨਾਂ ਤੋਂ ਕਿਸੇ ਵੀ ਦਇਅ ਜਾ ਰਹਿਮ ਦੀ ਕੋਈ ਆਸ ਨਹੀਂ ਰਹਿ ਗਈ ਸੀ । ਆਪ ਜੀ ਮੂਰਤੀ ਪੂਜਾ ਦੇ ਕਟੜ ਵਿਰੋਧੀ ਸਨ । ਆਪ ਇਸ ਜਗਤ ਦੇ ਹਰ ਤਰਾਂ ਦੇ ਬਾਹਰੀ ਕਰਮ-ਕਾਂਡਾਂ ਦੇ ਉਲਟ ਸਨ । ਆਪ ਇਹੋ ਹੀ ਵਿਸ਼ਵਾਸ ਰਖਦੇ ਸਨ ਕਿ ਪ੍ਰਭੂ ਬੰਦੇ ਦੇ ਬਾਹਰ ਨਹੀਂ ਹੈ ਬਲਕਿ ਅੰਦਰ ਹੀ ਹੈ ਪਰ ਜੇ ਇਨਸਾਨ ਇਸ ਨੂੰ ਭਾਲ ਕਰੇ । ਆਪ ਜੀ ਵਿਸ਼ਵਾਸ ਕਰਦੇ ਸਨ ਤੇ ਕਹਿੰਦੇ ਸਨ ਕਿ ਐ ਇਨਸਾਨ ਤੈਨੂੰ ਕੋਈ ਵੀ ਗਿਆਨ ਧਿਆਨ ਜਾਂ ਹੋਰ ਬਾਹਰੀ ਗ੍ਰੰਥਾਂ, ਵੇਦਾਂ ਜਾਂ ਦੇਵੀ ਦੇਵਤਿਆਂ ਦੀ ਲੋੜ ਨਹੀ ਹੈ ਤੂਂ ਸਿਧਾ ਆਪਣੇ ਅੰਦਰ ਵਸਦੇ ਮੰਦਰ ਵਿਚ ਰੋਸ਼ਨੀ ਦੇਖ ਜਿਥੇ ਸੋਹੰ ਦੀ ਹਮੇਸ਼ਾਂ ਹੀ ਧੁਨ ਹਰ ਪਲ-ਛਿਨ ਅਵਾਜ ਦੇ ਰਹੀ ਹੈ ਜਿਥੇ ਤੈਨੂੰ ਉਸ ਅਸਲੀ ਬੇਗਮਪੁਰ ਪ੍ਰਮਾਤਮਾ ਦੇ ਸਨਮੁਖ ਦਰਸ਼ਨ ਹੋ ਸਕਦੇ ਹਨ । ਜਦ ਆਪ ਜੀ ਨੂੰ ਉਸ ਪ੍ਰਮਾਤਮਾ ਦੀ ਪਾਪਤੀ ਹੋ ਗਈ ਤਾਂ ਹਰ ਜੀਵ ਵਿਚ ਉਸਨੂੰ ਉਹ ਪ੍ਰਮਾਤਮਾ ਨਜ਼ਰ ਦਿਖਾਈ ਦੇਣ ਲਗਾ । ਆਪ ਜੀ ਨੇ ਜੁਆਨ ਅਵਾਸਥਾ ਵਿਚ ਯਾਤਰਾਵਾਂ ਕਰਨੀਆਂ ਸ਼ੁਰੂ ਕਰ ਦਿਤੀਆਂ । ਆਪ ਜੀ ਨੇ ਗੁਜਰਾਤ, ਕਾਠੀਆਵਾੜ, ਮਧਪ੍ਰਦੇਸ਼, ਰਾਜਸਥਾਨ, ਬਿਹਾਰ, ਉਤਰ ਪ੍ਰਦੇਸ ਅਤੇ ਪੰਜਾਬ ਵਿਚ ਯਾਤਰਾਵਾਂ ਕੀਤੀਆਂ । ਆਖਰ ਆਪ ਗੁਰਦਾਸਪੁਰ ਜਿਲੇ ਵਿਚ ਪੈਂਦੇ ਸਥਾਨ ਵਿਖੇ ਡੇਰਾ ਲਾ ਲਿਆ । ਤੇ ਫਿਰ ਹੋਲੀ ਹੋਲੀ ਘੁਮਾਣ ਨਾਮ ਦਾ ਇਕ ਛੋਟਾ ਜਿਹਾ ਪਿੰਡ ਅਬਾਦ ਹੋ ਗਿਆ । ਆਪ ਕਰੀਬਨ ਕੋਈ ਅਠਾਰਾਂ ਸਾਲ ਦੇ ਕਰੀਬ ਇਥੇ ਰਹਿੰਦੇ ਹੋਏ ਨਾਮ ਜਪਦੇ ਤੇ ਜਪਾਉਂਦੇ ਰਹੇ । ਆਖਰ ਆਪ ਜੀ ਜੋਤੀਜੋਤ ਸਮਾ ਗਏ ਜਿਸ ਬਾਰੇ ਵਿਚ ਕਈ ਇਤਿਹਾਸਕਾਰਾਂ ਦੇ ਵਖਰੇ ਵਖਰੇ ਵਿਚਾਰ ਹਨ । ਆਪ ਜੀ ਦੀ ਨਿਮਰਤਾ, ਨਿਰਪਖਤਾ, ਅਧਿਆਤਮਕਤਾ, ਸ਼ੁਦਤਾ, ਸਮਾਜਕਤਾ, ਸੰਤਤਾ, ਉਚਤਤਾ, ਨਿਰਛਲਤਾ, ਦ੍ਰਿੜਤਾ, ਨੂਰਤਾ ਅਤੇ ਪਿਆਰਮਕਤਾ ਦੇਖਦੇ ਹੋਏ ਕਹਿਣਾ ਅਤੇ ਮੰਨਣਾ ਪਵੇਗਾ ਕਿ ਸਤਿਗੁਰੂ ਨਾਮ ਦੇਵ ਜੀ ਦ੍ਰਿਸ਼ਟੀ ਅਤੇ ਸਮਸ੍ਰਿਸ਼ਟੀ ਦੇ ਮਹਾਨ ਸੰਤ ਗੁਰੂ ਸਨ ।