ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥ ੧ ॥ ਰੀ ਬਾਈ ਬੇਢੀ ਦੇਨੁ ਨ ਜਾਈ ॥ ਦੇਖੁ ਬੇਢੀ ਰਹਿਓ ਸਮਾਈ ॥ ਹਮਾਰੈ ਬੇਢੀ ਪ੍ਰਾਨ ਅਧਾਰਾ ॥ ੧ ॥ ਰਹਾਉ ॥ ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥ ੨ ॥ ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥ ੩ ॥ ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥ ੪ ॥ ੨ ॥ |
ਪਾੜ—ਨਾਲ ਦੀ । ਕਾ ਪਹਿ—ਕਿਸ ਪਾਸੋਂ? ਛਾਨਿ—ਕੁੱਲੀ । ਛਵਾਈ—ਬਣਵਾਈ ਹੈ । ਤੋ ਪਹਿ—ਤੇਰੇ ਨਾਲੋਂ । ਦੈ ਹਉ—ਮੈਂ ਦੇ ਦਿਆਂਗੀ । ਬੇਢੀ—ਤਰਖਾਣ ।੧। ਰੀ ਬਾਈ—ਹੇ ਭੈਣ!। ਦੇਨੁ ਨ ਜਾਈ—ਦਿੱਤਾ ਨਹੀਂ ਜਾ ਸਕਦਾ । ਪ੍ਰਾਣ ਅਧਾਰਾ—ਪ੍ਰਾਣਾਂ ਦਾ ਆਸਰਾ ।ਰਹਾਉ। ਸਭਹੁ ਤੇ—ਸਭਨਾਂ ਨਾਲੋਂ । ਤੋਰੈ—ਤੋੜ ਦੇਵੇ । ਤਉ—ਤਾਂ । ਆਪਨ—ਆਪਣੇ ਆਪ ।੨। ਬਰਨਿ ਨ ਸਾਕਉ—ਮੈਂ ਬਿਆਨ ਨਹੀਂ ਕਰ ਸਕਦਾ । ਠਾਂਈ—ਥਾਂਈ । ਗੂੰਗੈ—ਗੁੰਗੇ ਨੇ । ਪੂਛੇ—ਪੁੱਛਿਆਂ ।੩। ਜਲਧਿ—ਸਮੁੰਦਰ । ਬਾਂਧਿ—(ਪੁਲ) ਬੰਨ੍ਹ ਕੇ । ਥਾਪਿਓ—ਅਟੱਲ ਕਰ ਦਿੱਤਾ । ਸੀਅ—ਸੀਤਾ । ਬਹੋਰੀ— (ਰਾਵਣ ਤੋਂ) ਮੋੜ ਲਿਆਂਦੀ । ਆਪਿਓ—ਅਪਣਾ ਦਿੱਤਾ, ਮਾਲਕ ਬਣਾ ਦਿੱਤਾ ।੪। |
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥ ੧ ॥ ਨਾਲ ਦੀ ਗੁਆਂਢਣ ਨੇ ਪੁੱਛਿਆ—ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ? ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ।੧। ਰੀ ਬਾਈ ਬੇਢੀ ਦੇਨੁ ਨ ਜਾਈ ॥ ਦੇਖੁ ਬੇਢੀ ਰਹਿਓ ਸਮਾਈ ॥ ਹਮਾਰੈ ਬੇਢੀ ਪ੍ਰਾਨ ਅਧਾਰਾ ॥ ੧ ॥ ਰਹਾਉ ॥ ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ; ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ ਤੇ ਉਹ ਮੇਰੀ ਜਿੰਦ ਦਾ ਆਸਰਾ ਹੈ ।੧।ਰਹਾਉ। ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥ ੨ ॥ (ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ; (ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ।੨। ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥ ੩ ॥ (ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ; ਤਿਵੇਂ ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ, (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ ।੩। ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥ ੪ ॥ ੨ ॥ ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ—ਉਸ ਨੇ ਧ੍ਰ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ, ਨਾਮਦੇਵ ਦੇ (ਉਸ ਤਰਖਾਣ) ਨੇ (ਲੋਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ।੪।੨। ਨੋਟ:- ਇਹ ਗੱਲ ਜਗਤ ਵਿਚ ਆਮ ਵੇਖਣ ਵਿਚ ਆਉਂਦੀ ਹੈ ਕਿ ਨਿਰੇ ਪੈਸੇ ਲੈ ਕੇ ਕੰਮ ਕਰਨ ਵਾਲਿਆਂ ਨਾਲੋਂ ਉਹ ਮਨੁੱਖ ਵਧੀਕ ਖਿੱਚ ਤੇ ਸ਼ੌਕ ਨਾਲ ਕੰਮ ਕਰਦੇ ਹਨ ਜੋ ਪਿਆਰ ਦੀ ਲਗਨ ਨਾਲ ਕਰਦੇ ਹਨ । ਸੰਨ ੧੯੨੨-੨੩ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਜੋ ਕਾਰ-ਸੇਵਾ ਪ੍ਰੇਮ-ਆਸਰੇ ਸੋਨੇ ਦੇ ਚੂੜੇ ਵਾਲੀਆਂ ਬੀਬੀਆਂ ਨੇ ਦਿਨਾਂ ਵਿਚ ਹੀ ਸਿਰੇ ਚਾੜ੍ਹ ਦਿੱਤੀ ਸੀ, ਉਹ ਮਜੂਰੀ ਲੈ ਕੇ ਕੰਮ ਕਰਨ ਵਾਲੇ ਮੋਟੇ ਤਕੜੇ ਮਨੁੱਖ ਮਹੀਨਿਆਂ ਵਿਚ ਭੀ ਨਾ ਮੁਕਾਉਂਦੇ । ਨਾਮਦੇਵ ਜੀ ਮਾਇਆ ਵਲੋਂ ਤਾਂ ਗਰੀਬ ਸਨ, ਪਰ ਪ੍ਰਭੂ-ਪਿਆਰ ਵਿਚ ਰੰਗੇ ਹੋਏ ਸਨ । ਇਕ ਵਾਰੀ ਉਹਨਾਂ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪਿਆਰ-ਹਿਰਦੇ ਵਾਲੇ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਮੁੜ ਬਣਾ ਦਿੱਤਾ । ਜਿੱਥੇ ਪ੍ਰੇਮ ਹੈ ਉੱਥੇ ਰੱਬ ਆਪ ਹੈ । ਸਤਸੰਗੀ ਜੋ ਇਕ ਦੂਜੇ ਦਾ ਕੰਮ ਕਰਦੇ ਹਨ, ਪ੍ਰੇਮ ਦੇ ਖਿੱਚੇ ਹੋਏ ਕਰਦੇ ਹਨ, ਪ੍ਰੇਮ-ਦੇ-ਸੋਮੇ ਪ੍ਰਭੂ ਦੇ ਪ੍ਰੇਰੇ ਹੋਏ ਕਰਦੇ ਹਨ, ਉਹਨਾਂ ਪ੍ਰੇਮੀ ਜੀਊੜਿਆਂ ਵਿਚ ਪ੍ਰਭੂ ਆਪ ਬੈਠਾ ਉਹ ਕੰਮ ਕਰਦਾ ਹੈ । ਸੋ, ਇਹ ਕੁਦਰਤੀ ਗੱਲ ਹੈ ਕਿ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਬਣੇ । ਨਾਮਦੇਵ ਜੀ ਦੀ ਗੁਆਂਢਣ ਦੇ ਮਨ ਵਿਚ ਭੀ ਰੀਝ ਆਈ ਉਸ ਤਰਖਾਣ ਦਾ ਪਤਾ ਲੈਣ ਲਈ, ਜਿਸ ਨੇ ਨਾਮਦੇਵ ਦਾ ਕੋਠਾ ਬਣਾਇਆ ਸੀ । |