ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ਰਹਾਉ॥ ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੧॥ ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ |
ਹਸਤ ਖੇਲਤ—ਹੱਸਦਾ ਖੇਡਦਾ, ਬੜੇ ਚਾਉ ਨਾਲ । ਦੇਹੁਰੇ—ਮੰਦਰ ਵਿਚ {ਸ਼ਕਟ. ਦੇਵਾਲਯ} । ਕਰਤ—ਕਰਦਾ ।੧। ਹੀਨੜੀ—ਬਹੁਤ ਹੀਣੀ, ਬਹੁਤ ਨੀਵੀਂ । ਜਾਦਮ ਰਾਇਆ—ਹੇ ਜਾਦਮ ਰਾਇ!, ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! ਕਾਹੇ ਕਉ—ਕਾਹਦੇ ਲਈ? ਕਿਉਂ? ਆਇਆ—ਮੈਂ ਜੰਮਿਆ ।੧।ਰਹਾਉ। ਪਲਟਾਇ—ਪਰਤ ਕੇ, ਮੁੜ ਕੇ । ਜਾਇ—ਜਾ ਕੇ ।੨। ਕਉ—ਦੀ ਖ਼ਾਤਰ, ਵਾਸਤੇ ।੩। |
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ਰਹਾਉ॥ ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ) ।੧।ਰਹਾਉ। ਹਸਤ ਖੇਲਤ ਤੇਰੇ ਦੇਹੁਰੇ ਆਇਆ ॥ ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸੀ, ਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ।੧। ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੨॥ ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ, ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ।੨। ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ (ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ, (ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ।੩।੬। ਨੋਟ:- ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ; ਨਾਮਦੇਵ ਜੀ ਦੀ ਜਾਤਿ ਛੀਂਬਾ ਸੀ । ਕਿਸੇ ਦਿਨ ਬੰਦਗੀ ਦੀ ਮੌਜ ਵਿਚ ਨਾਮਦੇਵ ਜੀ ਮੰਦਰ ਚਲੇ ਗਏ, ਉਸ ਮਮੇਂ ਪੰਡਤ ਵਾਦ ਹੋਣ ਕਾਰਣ ਛੂਆ-ਛੂਤ ਪ੍ਰਚਲਤ ਸੀ । ਉਹਨਾ ਨੂੰ ਸ਼ੁਦਰ ਜਾਨ ਕੇ ਮੰਦਰ ਚੋਂ ਬਾਹਰ ਕੱਡ ਦਿੱਤਾ ਗਿਆ । ਬੀਠੁਲ, ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਅਤੇ ਪੂਜਾ ਕਰਦੇ ਹੁੰਦੇ ਤਾਂ ਰੋਜ਼ ਆਉਣ ਵਾਲੇ ਨਾਮਦੇਵ ਨੂੰ ਉਹਨਾਂ ਲੋਕਾਂ ਨੇ ਕਿਸੇ ਇੱਕ ਦਿਨ 'ਹੀਨੜੀ ਜਾਤਿ' ਦਾ ਜਾਣ ਕੇ ਕਿਉਂ ਬਾਹਰ ਕੱਢਣਾ ਸੀ? ਇਹ ਇੱਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾ ਮੰਦਰ ਜਾਇਆ ਕਰਦੇ ਸਨ, ਨਾ ਸ਼ੂਦਰ ਹੋਣ ਕਰਕੇ ਉੱਚੀ ਜਾਤ ਵਾਲਿਆਂ ਵਲੋਂ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਸੀ । ਇਹ ਤਾਂ ਇਕ ਦਿਨ ਕਿਸੇ ਮੌਜ ਵਿਚ ਆਏ ਹੋਏ ਚਲੇ ਗਏ। |