ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥ ਜੀਅ ਕੀ ਜੋਤਿ ਨ ਜਾਨੈ ਕੋਈ ॥ ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ਰਹਾਉ॥ ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਆਪ ਹੀ ਕਰਤਾ ਬੀਠੁਲੁ ਦੇਉ ॥੨॥ ਜੀਅ ਕਾ ਬੰਧਨੁ ਕਰਮੁ ਬਿਆਪੈ ॥ ਜੋ ਕਿਛੁ ਕੀਆ ਸੁ ਆਪੈ ਆਪੈ ॥੩॥ ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥ ਅਮਰੁ ਹੋਇ ਸਦ ਆਕੁਲ ਰਹੈ ॥੪॥੩॥ |
ਕੁ-ਧਰਤੀ । ਕੁਲ—ਧਰਤੀ ਤੇ ਪੈਦਾ ਹੋਇਆ, ਖ਼ਾਨਦਾਨ, ਬੰਸ । ਅਕੁਲ—(ਅ-ਕੁਲ) ਜੋ ਧਰਤੀ ਉਤੇ ਜੰਮੀ (ਕਿਸੇ ਕੁਲ) ਵਿਚੋਂ ਨਹੀਂ ਹੈ । ਪੁਰਖ—ਸਭ ਵਿਚ ਵਿਆਪਕ । ਚਲਿਤੁ—ਜਗਤ-ਰੂਪ ਤਮਾਸ਼ਾ । ਘਟਿ ਘਟਿ—ਹਰੇਕ ਘਟ ਵਿਚ । ਅੰਤਰਿ—ਹਰੇਕ ਦੇ ਅੰਦਰ । ਬ੍ਰਹਮੁ—ਆਤਮਾ, ਜਿੰਦ ।੧। ਜੀਅ ਕੀ ਜੋਤਿ—ਹਰੇਕ ਜੀਵ ਦੇ ਅੰਦਰ ਵੱਸਦੀ ਜੋਤਿ । ਕੋਈ—ਕੋਈ ਪ੍ਰਾਣੀ । ਤੈ ਮੈ ਕੀਆ—ਅਸਾਂ ਜੀਵਾਂ ਨੇ ਜੋ ਕੁਝ ਕੀਤਾ, ਅਸੀ ਜੀਵ ਜੋ ਕੁਝ ਕਰਦੇ ਹਾਂ । ਮੈ—ਤੂੰ ਤੇ ਮੈਂ, ਅਸੀ ਸਾਰੇ ਜੀਵ । ਹੋਈ—ਹੁੰਦਾ ਹੈ ।੧।ਰਹਾਉ। ਜਿਉ—ਜਿਵੇਂ । ਕੁੰਭੇਉ—ਕੁੰਭ, ਘੜਾ । ਕਰਤਾ—ਪੈਦਾ ਕਰਨ ਵਾਲਾ । ਬੀਠੁਲ ਦੇਉ—ਮਾਇਆ ਤੋਂ ਰਹਿਤ ਪ੍ਰਭੂ ।੨। ਕਰਮੁ—ਕੀਤਾ ਹੋਇਆ ਕੰਮ । ਬੰਧਨੁ—ਜੰਜਾਲ । ਬਿਆਪੈ—ਪ੍ਰਭਾਵ ਪਾ ਰੱਖਦਾ ਹੈ । ਆਪੈ—ਆਪ ਹੀ ਆਪ, ਪ੍ਰਭੂ ਨੇ ਆਪ ਹੀ ।੩। ਚਿਤਵੈ—ਚਿਤਵਦਾ ਹੈ, ਤਾਂਘ ਕਰਦਾ ਹੈ । ਲਹੈ—ਹਾਸਲ ਕਰ ਲੈਂਦਾ ਹੈ । ਅਮਰੁ—(ਅ-ਮਰੁ) ਮੌਤ-ਰਹਿਤ । ਆਕੁਲ—ਸਰਬ-ਵਿਆਪਕ ।੪। |
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥ ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥ ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ । ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ।੧। ਜੀਅ ਕੀ ਜੋਤਿ ਨ ਜਾਨੈ ਕੋਈ ॥ ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ਰਹਾਉ॥ ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ, ਪਰ ਅਸੀ ਸਾਰੇ ਜੀਵ ਜੋ ਕੁਝ ਕਰਦੇ ਹਾਂ (ਸਾਡੇ ਅੰਦਰ) ਉਸ ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦੇ ਹਨ ।੧।ਰਹਾਉ। ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ ਆਪ ਹੀ ਕਰਤਾ ਬੀਠੁਲੁ ਦੇਉ ॥੨॥ ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ, (ਤਿਵੇਂ ਉਸ ਪਰਮ-ਜੋਤਿ ਤੋਂ ਸਾਰੇ ਜੀਵ ਬਣਦੇ ਹਨ, ਪਰ) ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ।੨। ਜੀਅ ਕਾ ਬੰਧਨੁ ਕਰਮੁ ਬਿਆਪੈ ॥ ਜੋ ਕਿਛੁ ਕੀਆ ਸੁ ਆਪੈ ਆਪੈ ॥੩॥ ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ, ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ।੩। ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥ ਅਮਰੁ ਹੋਇ ਸਦ ਆਕੁਲ ਰਹੈ ॥੪॥੩॥ ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ (ਮਾਇਆ-ਜਾਲ ਦੀ ਚਿਤਵਨੀ ਕਰਦਾ ਹੈ ਤਾਂ ਮਾਇਆ-ਜਾਲ ਵਿਚ ਫਸ ਜਾਂਦਾ ਹੈ, ਪਰ) ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ।੪। |