ਕਬਹੂ ਘਰ ਘਰ ਟੂਕ ਮਗਾਵੈ ॥ ਕਬਹੂ ਕੂਰਨੁ ਚਨੇ ਬਿਨਾਵੈ ॥੧॥ ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ਰਹਾਉ॥ ਕਬਹੂ ਤੁਰੇ ਤੁਰੰਗ ਨਚਾਵੈ ॥ ਕਬਹੂ ਪਾਇ ਪਨਹੀਓ ਨ ਪਾਵੈ ॥੨॥ ਕਬਹੂ ਖਾਟ ਸੁਪੇਦੀ ਸੁਵਾਵੈ ॥ ਕਬਹੂ ਭੂਮਿ ਪੈਆਰੁ ਨ ਪਾਵੈ ॥੩॥ ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥ ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥ |
ਖੀਰਿ—ਤਸਮਈ, ਦੁੱਧ ਚਾਵਲ ਇਕੱਠੇ ਰਿੱਝੇ ਹੋਏ (ਨੋਟ:- ਲਫ਼ਜ਼ 'ਖੀਰੁ' ਦਾ ਅਰਥ ਹੈ 'ਦੁੱਧ', ਇਸ ਦਾ ਜੋੜ ਵੱਖਰਾ ਹੈ) । ਨ ਭਾਵੈ—ਚੰਗਾ ਨਹੀਂ ਲੱਗਦਾ । ਕੂਰਨੁ—ਕੂੜਾ । ਚਨੇ—ਛੋਲੇ । ਬਿਨਾਵੈ—ਚੁਣਾਉਂਦਾ ਹੈ ।੧। ਮਹਿਮਾ—ਬਜ਼ੁਰਗੀ ।੧।ਰਹਾਉ। ਤੁਰੇ—ਘੋੜੇ । ਤੁਰੰਗ—ਘੋੜੇ । ਪਾਇ—ਪੈਰੀਂ । ਪਨਹੀਓ—ਜੁੱਤੀ ਭੀ ।੨। ਖਾਟੁ—ਮੰਜਾ । ਸੁਪੇਦੀ—ਚਿੱਟੇ ਵਿਛਾਉਣੇ । ਪੈਆਰੁ—ਪਰਾਲੀ । ਨ ਪਾਵੈ—ਹਾਸਲ ਨਹੀਂ ਕਰ ਸਕਦਾ ।੩। ਜਿਹ—ਜਿਸ ਨੂੰ ।੪। |
ਕਬਹੂ ਖੀਰਿ ਖਾਡ ਘੀਉ ਨ ਭਾਵੈ ॥ ਕਬਹੂ ਘਰ ਘਰ ਟੂਕ ਮਗਾਵੈ ॥ ਕਬਹੂ ਕੂਰਨੁ ਚਨੇ ਬਿਨਾਵੈ ॥੧॥ ਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ; ਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ), ਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ।੧। ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ਰਹਾਉ॥ ਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ । ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ।੧।ਰਹਾਉ। ਕਬਹੂ ਤੁਰੇ ਤੁਰੰਗ ਨਚਾਵੈ ॥ ਕਬਹੂ ਪਾਇ ਪਨਹੀਓ ਨ ਪਾਵੈ ॥੨॥ ਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ), ਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ ।੨। ਕਬਹੂ ਖਾਟ ਸੁਪੇਦੀ ਸੁਵਾਵੈ ॥ ਕਬਹੂ ਭੂਮਿ ਪੈਆਰੁ ਨ ਪਾਵੈ ॥੩॥ ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ, ਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ ।੩। ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥ ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥ ਸਤਿਗੁਰੂ ਨਾਮਦੇਵ ਜੀ ਆਖਦੇ ਹਨ — ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ ।੪।੫। |