ਪੰਨਾ ਨ: ੧੩੧੮
ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
00:00 / 00:00
 
00:00 / 00:00
ਐਸੋ ਰਾਮ ਰਾਇ ਅੰਤਰਜਾਮੀ ॥
ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥

ਬਸੈ ਘਟਾ ਘਟ ਲੀਪ ਨ ਛੀਪੈ ॥
ਬੰਧਨ ਮੁਕਤਾ ਜਾਤੁ ਨ ਦੀਸੈ ॥੧॥
ਪਾਨੀ ਮਾਹਿ ਦੇਖੁ ਮੁਖੁ ਜੈਸਾ ॥
ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥

ਰਾਮ ਰਾਇ—ਪਰਕਾਸ਼-ਰੂਪ ਪਰਮਾਤਮਾ, ਸੁੱਧ ਸਰੂਪ ਹਰੀ । ਅੰਤਰਜਾਮੀ—ਹਰੇਕ ਜੀਵ ਦੇ ਧੁਰ ਅੰਦਰ ਅਪੜਨ ਵਾਲਾ, ਹਰੇਕ ਦੇ ਅੰਦਰ ਬੈਠਾ ਹੋਇਆ । ਦਰਪਨ—ਸ਼ੀਸ਼ਾ । ਬਦਨ—ਮੂੰਹ । ਪਰਵਾਨੀ—ਪ੍ਰਤੱਖ ।੧।ਰਹਾਉ। ਘਟਾ ਘਟ—ਹਰੇਕ ਘਟ ਵਿਚ । ਲੀਪ—ਮਾਇਆ ਦਾ ਲੇਪ, ਮਾਇਆ ਦਾ ਅਸਰ । ਛੀਪੇ—ਲੇਪ, ਦਾਗ਼ । ਜਾਤੁ—(ਨੋਟ:- ਇਸ ਲਫ਼ਜ਼ ਦਾ ਜੋੜ ਗਹੁ ਨਾਲ ਤੱਕੋ, ਅਖ਼ੀਰ ਤੇ( ੁ)ਹੈ। ਜਿਸ ਲਫ਼ਜ਼ 'ਜਾਤਿ' ਦਾ ਅਰਥ ਹੈ 'ਕੁਲ', ਉਸ ਦੇ ਅਖ਼ੀਰ ਵਿਚ (ਿ) ਹੈ। ਸੋ, ਲਫ਼ਜ਼ 'ਜਾਤੁ' ਤੇ 'ਜਾਤਿ' ਇੱਕੋ ਚੀਜ਼ ਨਹੀਂ ।) ਕਦੇ ਭੀ, ਕਿਸੇ ਵਕਤ । ਨ ਜਾਤੁ—ਕਦੇ ਭੀ ਨਹੀਂ ।੧। ਬੀਠਲੁ—ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਹੈ (ਵੇਖੋ ਮਲਾਰ ਨਾਮਦੇਵ ਜੀ ਸ਼ਬਦ ਨੰ: ੧) ।
ਐਸੋ ਰਾਮ ਰਾਇ ਅੰਤਰਜਾਮੀ ॥
ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥

ਸੁੱਧ-ਸਰੂਪ ਪਰਮਾਤਮਾ ਐਸਾ ਹੈ ਕਿ ਉਹ ਹਰੇਕ ਜੀਵ ਦੇ ਅੰਦਰ ਬੈਠਾ ਹੋਇਆ ਹੈ (ਪਰ ਹਰੇਕ ਦੇ ਅੰਦਰ ਵੱਸਦਾ ਭੀ ਇਉਂ) ਪ੍ਰਤੱਖ (ਨਿਰਲੇਪ ਰਹਿੰਦਾ ਹੈ) ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਮੂੰਹ ।੧।ਰਹਾਉ।

ਬਸੈ ਘਟਾ ਘਟ ਲੀਪ ਨ ਛੀਪੈ ॥ ਬੰਧਨ ਮੁਕਤਾ ਜਾਤੁ ਨ ਦੀਸੈ ॥੧॥
ਉਹ ਸੁੱਧ-ਸਰੂਪ ਹਰੇਕ ਘਟ ਵਿਚ ਵੱਸਦਾ ਹੈ, ਪਰ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਸ ਨੂੰ ਮਾਇਆ ਦਾ ਦਾਗ਼ ਨਹੀਂ ਲੱਗਦਾ, ਉਹ (ਸਦਾ ਮਾਇਆ ਦੇ) ਬੰਧਨਾਂ ਤੋਂ ਨਿਰਾਲਾ ਹੈ, ਕਦੇ ਭੀ ਉਹ (ਬੰਧਨਾਂ ਵਿਚ ਫਸਿਆ) ਨਹੀਂ ਦਿੱਸਦਾ ।੧।

ਪਾਨੀ ਮਾਹਿ ਦੇਖੁ ਮੁਖੁ ਜੈਸਾ ॥ ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥

ਤੁਸੀ ਜਿਵੇਂ ਪਾਣੀ ਵਿਚ (ਆਪਣਾ) ਮੂੰਹ ਵੇਖਦੇ ਹੋ, (ਮੂੰਹ ਪਾਣੀ ਵਿਚ ਟਿਕਿਆ ਦਿੱਸਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ), ਇਸੇ ਤਰ੍ਹਾਂ ਹੈ ਨਾਮੇ ਦਾ ਮਾਲਕ (ਜਿਸ ਨੂੰ ਨਾਮਾ) ਬੀਠਲ (ਆਖਦਾ) ਹੈ ।੨।੧।

ਨੋਟ:- ਇਸ ਸ਼ਬਦ ਵਿਚ ਨਾਮਦੇਵ ਜੀ ਪਰਮਾਤਮਾ ਦੇ ਸਿਰਫ਼ ਇਸ ਗੁਣ ਉੱਤੇ ਜ਼ੋਰ ਦੇ ਰਹੇ ਹਨ ਕਿ ਉਹ ਹਰੇਕ ਜੀਵ ਦੇ ਅੰਦਰ ਵੱਸਦਾ ਹੋਇਆ ਭੀ ਮਾਇਆ ਦੇ ਬੰਧਨਾਂ ਵਿਚ ਕਦੇ ਨਹੀਂ ਫਸਿਆ । ਅਖ਼ੀਰ ਤੇ ਆਖਦੇ ਹਨ ਕਿ ਮੈਂ ਤਾਂ ਅਜਿਹੇ 'ਰਾਮ' ਨੂੰ ਹੀ 'ਬੀਠਲੁ' ਆਖਦਾ ਹਾਂ । ਦੱਖਣ ਵਿਚ ਲੋਕ ਕਿਸੇ ਮੰਦਰ ਵਿਚ ਟਿਕਾਏ ਬੀਠੁਲ ਨੂੰ ਪੂਜਦੇ ਹੋਣਗੇ, ਜਿਸ ਨੂੰ ਉਹ ਇੱਟ ਤੇ ਬੈਠਾ ਵਿਸ਼ਨੂੰ ਜਾਂ ਕ੍ਰਿਸ਼ਨ ਸਮਝਦੇ ਹਨ । ਪਰ ਹਰੇਕ ਕਵੀ ਨੂੰ ਅਧਿਕਾਰ ਹੈ ਕਿ ਉਹ ਨਵੇਂ ਅਰਥ ਵਿਚ ਭੀ ਲਫ਼ਜ਼ ਵਰਤ ਲਏ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਲਫ਼ਜ਼ 'ਭਗੌਤੀ' ਨੂੰ ਅਕਾਲ ਪੁਰਖ ਦੇ ਅਰਥ ਵਿਚ ਵਰਤਿਆ ਹੈ । ਨਾਮਦੇਵ ਜੀ ਇਸ ਸ਼ਬਦ ਵਿਚ ਲਫ਼ਜ਼ 'ਬੀਠਲ' ਦਾ ਅਰਥ "ਇੱਟ ਤੇ ਬੈਠਾ ਕ੍ਰਿਸ਼ਨ" ਨਹੀਂ ਕਰਦੇ, ਉਹਨਾਂ ਦਾ ਭਾਵ ਹੈ "ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਹੈ" । ਦੂਜੀ ਸਵਾਦਲੀ ਗੱਲ ਇਹ ਹੈ ਕਿ ਲਫ਼ਜ਼ 'ਰਾਮ' ਤੇ 'ਬੀਠਲ' ਨੂੰ ਇਕੋ ਭਾਵ ਵਿਚ ਵਰਤਦੇ ਹਨ; ਜੇ ਕ੍ਰਿਸ਼ਨ ਜੀ ਦੀ ਕਿਸੇ ਬੀਠੁਲ-ਮੂਰਤੀ ਦੇ ਪੂਜਾਰੀ ਹੁੰਦੇ ਤਾਂ ਉਸ ਨੂੰ 'ਰਾਮ' ਨਾ ਆਖਦੇ । ਜਿਸ ਨੂੰ 'ਰਹਾਉ' ਦੀ ਤੁਕ ਵਿਚ "ਰਾਮ ਰਾਇ" ਆਖਿਆ ਹੈ, ਉਸੇ ਨੂੰ ਅਖ਼ੀਰਲੇ ਬੰਦ ਵਿਚ 'ਬੀਠਲੁ' ਆਖਦੇ ਹਨ । ਅਜੇ ਭੀ ਵਕਤ ਹੈ ਕਿ ਅਸੀ ਸੁਆਰਥੀ ਲੋਕਾਂ ਦੀਆਂ ਚਾਲਾਂ ਸਮਝੀਏ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਿਡ ਟਪਲੇ ਨਾ ਖਾਈਏ ।