ਪੰਨਾ ਨ: ੧੧੬੫
ਭੈਰਉ ਨਾਮਦੇਉ ਜੀਉ ਘਰੁ ੨
ੴ ਸਤਿਗੁਰ ਪ੍ਰਸਾਦਿ ॥
00:00 / 00:00
 
00:00 / 00:00
ਸੰਡਾ ਮਰਕਾ ਜਾਇ ਪੁਕਾਰੇ ॥
ਪੜੈ ਨਹੀ ਹਮ ਹੀ ਪਚਿ ਹਾਰੇ ॥
ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥
ਰਾਮ ਨਾਮਾ ਜਪਿਬੋ ਕਰੈ ॥
ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥

ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥
ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥
ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥
ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥
ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥
ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥
ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥
ਸੰਡਾ ਮਰਕਾ—ਸੁਕ੍ਰਾਚਾਰਜ ਦੇ ਦੋ ਪੁੱਤਰ ਸੰਡ ਅਤੇ ਅਮਰਕ ਜੋ ਪ੍ਰਹਿਲਾਦ ਨੂੰ ਪੜ੍ਹਾਉਣ ਲਈ ਮੁਕਰਰ ਕੀਤੇ ਗਏ ਸਨ । ਪਚਿ ਹਾਰੇ—ਖਪ ਲੱਥੇ ਹਾਂ । ਕਰ—ਹੱਥਾਂ ਨਾਲ । ਚਟੀਆ—ਵਿੱਦਿਆਰਥੀ ।੧। ਜਪਿਬੋ ਕਰੈ—ਸਦਾ ਜਪਦਾ ਰਹਿੰਦਾ ਹੈ ।੧।ਰਹਾਉ। ਬਸੁਧਾ—ਧਰਤੀ । ਪਟਰਾਨੀ—ਵੱਡੀ ਰਾਣੀ (ਪ੍ਰਹਿਲਾਦ ਦੀ ਮਾਂ) । ਤਿਨਿ—ਉਸ (ਪ੍ਰਹਿਲਾਦ) ਨੇ । ਅਉਰੈ— ਕੋਈ ਹੋਰ ਗੱਲ ਹੀ । ਠਾਨੀ—ਮਨ ਵਿਚ ਪੱਕੀ ਕੀਤੀ ਹੋਈ ਹੈ ।੨। ਮੰਤਰ ਉਪਾਇਆ—ਸਲਾਹ ਪਕਾ ਲਈ । ਕਰਸਹ—ਅਸੀ ਕਰ ਦਿਆਂਗੇ । ਕਰਸਹ...ਘਨੇਰੀ—ਉਮਰ ਮੁਕਾ ਦਿਆਂਗੇ, ਮਾਰ ਦਿਆਂਗੇ । ਗਿਰਿ—ਪਹਾੜ । ਤਰ—ਰੁੱਖ । ਜੁਆਲਾ—ਅੱਗ । ਭੈ ਰਾਖਿਓ—ਡਰਾਂ ਤੋਂ ਬਚਾ ਲਿਆ । ਰਾਮਿ—ਰਾਮ ਨੇ । ਮਾਇਆ ਫੇਰੀ—ਮਾਇਆ ਦਾ ਸੁਭਾਉ ਉਲਟਾ ਦਿੱਤਾ ।੩। ਖੜਗੁ—ਤਲਵਾਰ । ਕਾਲੁ—ਮੌਤ । ਭੈ—(ਅੰਦਰੋਂ) ਡਰ ਨਾਲ । ਕੋਪਿਓ—ਗੁੱਸੇ ਵਿਚ ਆਇਆ । ਮੋਹਿ— ਮੈਨੂੰ । ਤੁਹਿ—ਤੈਨੂੰ । ਪੀਤਾਂਬਰ—ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪ੍ਰਭੂ । ਤ੍ਰਿਭਵਣ ਧਣੀ—ਤਿੰਨਾਂ ਭਵਨਾਂ ਦਾ ਮਾਲਕ, ਪਰਮਾਤਮਾ । ਭਾਖੈ—ਬੋਲਦਾ ਹੈ ।੪। ਜਿਨਿ—ਜਿਸ (ਪ੍ਰਭੂ) ਨੇ । ਨਖਹ—ਨਹੁੰਆਂ ਨਾਲ । ਬਿਦਾਰਿਓ—ਚੀਰ ਦਿੱਤਾ । ਸਨਾਥਾ—ਸ+ਨਾਥ, ਖਸਮ ਵਾਲੇ । ਨਰਹਰਿ—ਪਰਮਾਤਮਾ । ਅਭੈ ਪਦ ਦਾਤਾ—ਨਿਡਰਤਾ ਦਾ ਦਰਜਾ ਦੇਣ ਵਾਲਾ ।੫।
ਸੰਡਾ ਮਰਕਾ ਜਾਇ ਪੁਕਾਰੇ ॥ ਪੜੈ ਨਹੀ ਹਮ ਹੀ ਪਚਿ ਹਾਰੇ ॥
ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥

(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ—ਅਸੀ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ, ਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ ।੧।

ਰਾਮ ਨਾਮਾ ਜਪਿਬੋ ਕਰੈ ॥ ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥

(ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ ।੧।ਰਹਾਉ।

ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥
ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥

(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ), ਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ ।੨।

ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥
ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥

ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ—(ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀ ਇਸ ਨੂੰ ਮਾਰ ਮੁਕਾਵਾਂਗੇ; ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ ।੩।

ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥
ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥

(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ—) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ; (ਅੱਗੋਂ) ਜਗਤ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ ।੪।

ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥
ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥

ਸਤਿਗੁਰੂ ਨਾਮਦੇਵ ਜੀ ਆਖਦੇ ਹਨ—ਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ, ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ ।੫।੩।੯।

ਨੋਟ:- ਇਸ ਸ਼ਬਦ ਨੂੰ ਇਸੇ ਹੀ ਰਾਗ ਵਿਚ ਦਿੱਤੇ ਹੋਏ ਗੁਰੂ ਅਮਰਦਾਸ ਜੀ ਦੇ ਸ਼ਬਦ (ਪੰਨਾ ੧੧੩੩) ਨਾਲ ਰਲਾ ਕੇ ਪੜ੍ਹੋ:-
ਭੈਰਉ ਮਹਲਾ ੩ ॥
ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਦੂਜੈ ਭਾਇ ਫਾਥੇ ਜਮ ਜਾਲਾ ॥
ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਹਰਿ ਸੁਖਦਾਤਾ ਮੇਰੈ ਨਾਲਾ ॥੧॥
ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥
ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥
ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ ਉਪਾੜਿ ॥
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥ ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥

ਜਿਸ ਮਨੁੱਖ ਨੇ ਭਗਤ ਪ੍ਰਹਿਲਾਦ ਦੀ ਸਾਖੀ ਕਦੇ ਸੁਣੀ ਨਾ ਹੋਵੇ, ਉਸ ਨੂੰ ਨਾਮਦੇਵ ਜੀ ਦਾ ਸ਼ਬਦ ਪੜ੍ਹ ਕੇ ਅਸਲ ਸਾਖੀ ਸਮਝਣ ਲਈ ਕਈ ਗੱਲਾਂ ਪੁੱਛਣ ਦੀ ਲੋੜ ਰਹਿ ਜਾਂਦੀ ਹੈ । ਉਹ ਸਾਰੀਆਂ ਪੁੱਛਾਂ ਗੁਰੂ ਅਮਰਦਾਸ ਜੀ ਨੇ ਇਸ ਸ਼ਬਦ ਵਿਚ ਹੱਲ ਕਰ ਦਿੱਤੀਆਂ ਹਨ । ਦੋਹਾਂ ਸ਼ਬਦਾਂ ਦੀ 'ਰਹਾਉ' ਦੀ ਤੁਕ ਪੜ੍ਹ ਕੇ ਵੇਖੋ; ਨਾਮਦੇਵ ਜੀ ਨੇ ਜਿਹੜੀ ਗੱਲ ਖੋਲ੍ਹ ਕੇ ਨਹੀਂ ਸੀ ਦੱਸੀ, ਗੁਰੂ ਅਮਰਦਾਸ ਜੀ ਨੇ ਕੈਸੇ ਸੁਹਣੇ ਲਫ਼ਜ਼ਾਂ ਵਿਚ ਦੱਸੀ ਹੈ । ਨਾਮਦੇਵ ਜੀ ਦੇ ਸ਼ਬਦ ਦਾ ਦੂਜਾ ਬੰਦ ਪੜ੍ਹ ਕੇ ਗੁਰੂ ਅਮਰਦਾਸ ਜੀ ਦੇ ਸ਼ਬਦ ਦਾ ਦੂਜਾ ਬੰਦ ਪੜ੍ਹੋ, ਮਨ ਨੂੰ ਹੁਲਾਰਾ ਆ ਜਾਂਦਾ ਹੈ, ਨਾਮਦੇਵ ਜੀ ਦੇ ਵਰਤੇ ਲਫ਼ਜ਼ 'ਬਿਨਤੀ' ਨੂੰ ਗੁਰੂ ਅਮਰਦਾਸ ਜੀ ਨੇ ਕਿਸ ਤਰ੍ਹਾਂ ਪਿਆਰ-ਭਰੇ ਲਫ਼ਜ਼ਾਂ ਵਿਚ ਸਮਝਾਇਆ ਹੈ ।
ਇਕ ਗੱਲ ਬਿਲਕੁਲ ਪਰਤੱਖ ਹੈ ਕਿ ਨਾਮਦੇਵ ਜੀ ਦਾ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਸਾਹਮਣੇ ਮੌਜੂਦ ਹੈ । ਇਹ ਖ਼ਿਆਲ ਗ਼ਲਤ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਇਕੱਠੇ ਕੀਤੇ ਸਨ ।
ਨਾਮਦੇਵ ਜੀ ਦੇ ਇਸ ਸ਼ਬਦ ਵਿਚ ਕੁਝ ਐਸੇ ਲਫ਼ਜ਼ ਵਰਤੇ ਮਿਲਦੇ ਹਨ ਜੋ ਗੁਰਬਾਣੀ ਨੂੰ ਖੋਜ ਵਿਚਾਰ ਕੇ ਪੜ੍ਹਨ ਵਾਲਿਆਂ ਲਈ ਬੜੇ ਸੁਆਦਲੇ ਹਨ । ਬੰਦ ਨੰ: ੩ ਵਿਚ ਨਾਮਦੇਵ ਜੀ ਲਿਖਦੇ ਹਨ "ਰਾਜਾ ਰਾਮਿ ਮਾਇਆ ਫੇਰੀ" । ਪ੍ਰਹਿਲਾਦ ਜੀ ਦੀ ਸਾਖੀ ਸਤਜੁਗ ਦੇ ਸਮੇ ਦੀ ਦੱਸੀ ਜਾਂਦੀ ਹੈ, ਸ੍ਰੀ ਰਾਮ ਅਵਤਾਰ ਤ੍ਰੇਤੇ ਜੁਗ ਵਿਚ ਹੋਏ, ਇਹ ਸਾਖੀ ਸ੍ਰੀ ਰਾਮ ਚੰਦਰ ਜੀ ਤੋਂ ਪਹਿਲਾਂ ਦੀ ਹੈ । ਸੋ, ਲਫ਼ਜ਼ "ਰਾਜਾ ਰਾਮਿ" ਸ੍ਰੀ ਰਾਮ ਚੰਦਰ ਜੀ ਵਾਸਤੇ ਨਹੀਂ ਹੈ । ਇਹੀ ਲਫ਼ਜ਼ ਭਗਤ ਰਵਿਦਾਸ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਨਿਰੀ ਇਤਨੀ ਵਰਤੋਂ ਤੋਂ ਹੀ ਇਹ ਖ਼ਿਆਲ ਬਣਾ ਲੈਣਾ ਭਾਰੀ ਉਕਾਈ ਹੈ ਕਿ ਰਵਿਦਾਸ ਜੀ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਸਨ ।
ਬੰਦ ਨੰ: ੪ ਵਿਚ ਉਸੇ "ਰਾਜਾ ਰਾਮ" ਬਾਬਤ ਨਾਮਦੇਵ ਜੀ ਆਖਦੇ ਹਨ "ਪੀਤ ਪੀਤਾਂਬਰ ਤ੍ਰਿਭਵਣ ਧਣੀ, ਥੰਭ ਮਾਹਿ ਹਰਿ ਭਾਖੈ" । ਲਫ਼ਜ਼ "ਪੀਤਾਂਬਰ" ਕ੍ਰਿਸ਼ਨ ਜੀ ਦਾ ਨਾਮ ਹੈ । ਪਰ ਭਗਤ ਨਾਮਦੇਵ ਜੀ ਇੱਥੇ ਕ੍ਰਿਸ਼ਨ ਜੀ ਦਾ ਜ਼ਿਕਰ ਨਹੀਂ ਕਰ ਰਹੇ । ਕ੍ਰਿਸ਼ਨ ਜੀ ਦੁਆਪਰ ਵਿਚ ਹੋਏ, ਸ੍ਰੀ ਰਾਮ ਚੰਦਰ ਜੀ ਤੋਂ ਭੀ ਪਿਛੋਂ । ਤੇ ਇਹ ਸਾਖੀ ਸਤਜੁਗ ਦੀ ਹੈ । ਜਿਵੇਂ ਇਸ ਸ਼ਬਦ ਦੇ ਲਫ਼ਜ਼ "ਪੀਤਾਂਬਰ" ਤੋਂ ਇਹ ਫ਼ੈਸਲਾ ਦੇ ਦੇਣਾ ਭਾਰੀ ਉਕਾਈ ਹੈ ਕਿ ਨਾਮਦੇਵ ਜੀ ਕ੍ਰਿਸ਼ਨ ਜੀ ਦੇ ਉਪਾਸ਼ਕ ਸਨ, ਤਿਵੇਂ ਉਹਨਾਂ ਦੇ ਵਰਤੇ ਲਫ਼ਜ਼ "ਬੀਠੁਲ" ਤੋਂ ਉਹਨਾਂ ਨੂੰ ਕ੍ਰਿਸ਼ਨ ਜੀ ਦੀ ਬੀਠੁਲ-ਮੂਰਤੀ ਦਾ ਪੁਜਾਰੀ ਸਮਝ ਲੈਣਾ ਵੱਡੀ ਭੁੱਲ ਹੈ । ਨਾਮਦੇਵ ਜੀ ਦੇ ਕਿਸੇ ਭੀ ਸ਼ਬਦ ਤੋਂ ਇਹ ਜ਼ਾਹਰ ਨਹੀਂ ਹੁੰਦਾ ਕਿ ਉਹਨਾਂ ਕਦੇ ਕਿਸੇ ਬੀਠੁਲ-ਮੂਰਤੀ ਦੀ ਪੂਜਾ ਕੀਤੀ ।