ਪੰਨਾ ਨ: ੭੨੭
ੴ ਸਤਿਗੁਰ ਪ੍ਰਸਾਦਿ ॥ 
ਤਿਲੰਗ ਬਾਣੀ ਭਗਤਾ ਕੀ ਨਾਮਦੇਵ ਜੀ ॥
 
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥
ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥

ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥
ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥
ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥
ਚੰਦੀ ਹਜਾਰ ਆਲਮ ਏਕਲ ਖਾਨਾਂ ॥
ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥
ਅਸਪਤਿ ਗਜਪਤਿ ਨਰਹ ਨਰਿੰਦ ॥
ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥

ਹਲੇ ਯਾਰਾਂ—ਹੇ ਮਿੱਤਰ! ਹੇ ਸੱਜਣ!, । ਖੁਸਿ—ਖੁਸ਼ੀ ਦੇਣ ਵਾਲੀ, ਠੰਢ ਪਾਣ ਵਾਲੀ, । ਖਬਰੀ— ਤੇਰੀ ਖ਼ਬਰ, । ਬਲਿ ਬਲਿ—ਸਦਕੇ ਜਾਂਦਾ ਹਾਂ । ਹਉ—ਮੈਂ । ਨੀਕੀ—ਸੋਹਣੀ, ਚੰਗੀ, ਪਿਆਰੀ । ਬਿਗਾਰੀ—ਵਿਗਾਰ, ਕਿਸੇ ਹੋਰ ਵਾਸਤੇ ਕੀਤਾ ਹੋਇਆ ਕੰਮ (ਨੋਟ:- ਦੁਨੀਆ ਦੇ ਸਾਰੇ ਧੰਧੇ ਅਸੀ ਇਸ ਸਰੀਰ ਦੀ ਖ਼ਾਤਰ ਤੇ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਦੀ ਖ਼ਾਤਰ ਕਰਦੇ ਹਾਂ; ਪਰ ਸਮਾਂ ਆਉਂਦਾ ਹੈ ਜਦੋਂ ਨਾ ਇਹ ਸਰੀਰ ਸਾਥ ਨਿਬਾਹੁੰਦਾ ਹੈ ਤੇ ਨਾ ਹੀ ਸੰਬੰਧੀ । ਸੋ, ਸਾਰੀ ਉਮਰ ਵਿਗਾਰ ਹੀ ਕਰਦੇ ਰਹਿੰਦੇ ਹਾਂ) । ਆਲੇ—ਆਹਲਾ, ਉੱਚਾ, ਵੱਡਾ, ਸਭ ਤੋਂ ਪਿਆਰਾ ।੧।ਰਹਾਉ। | ਕੁਜਾ— ਕਿੱਥੋਂ । ਆਮਦ—ਆਮਦੀ, ਤੂੰ ਆਇਆ । ਰਫਤੀ—ਤੂੰ ਗਿਆ ਸੀ । ਮੇ ਰਵੀ—ਤੂੰ ਜਾ ਰਿਹਾ ਹੈਂ । ਕੁਜਾ.......ਮੇ ਰਵੀ—ਤੂੰ ਕਿੱਥੋਂ ਆਇਆ? ਤੂੰ ਕਿਥੇ ਗਿਆ? ਤੂੰ ਕਿੱਥੇ ਜਾ ਰਿਹਾ ਹੈਂ? (ਭਾਵ, ਨਾ ਤੂੰ ਕਿਤੋਂ ਆਇਆ, ਨਾ ਤੂੰ ਕਿਤੇ ਕਦੇ ਗਿਆ, ਅਤੇ ਨਾ ਤੂੰ ਕਿਤੇ ਜਾ ਰਿਹਾ ਹੈਂ; ਤੂੰ ਸਦਾ ਅਟੱਲ ਹੈਂ) ਰਾਸਿ—ਰਾਸਾਂ ਜਿੱਥੇ ਕ੍ਰਿਸ਼ਨ ਜੀ ਨਾਚ ਕਰਦੇ ਤੇ ਗੀਤ ਸੁਣਾਉਂਦੇ ਸਨ । ਬੁਗੋਈ—ਤੂੰ (ਹੀ) ਆਖਦਾ ਹੈਂ ।੧। ਖੂਬ—ਸੋਹਣੀ । ਦ੍ਵਾਰਿਕਾ ਨਗਰੀ......ਮਗੋਲ—ਕਾਹੇ ਕੇ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ; ਕਾਹਦੇ ਲਈ ਦੁਆਰਕਾ ਨਗਰੀ ਵਿਚ ਤੇ ਕਾਹਦੇ ਲਈ ਮੁਗਲ (-ਧਰਮ) ਦੇ ਨਗਰ ਵਿਚ? ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ, ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈਂ ।੨। ਚੰਦਂੀ ਹਜਾਰ—ਕਈ ਹਜ਼ਾਰਾਂ । ਆਲਮ—ਦੁਨੀਆ । ਏਕਲ—ਇਕੱਲਾ । ਖਾਨਾਂ—ਖਾਨ, ਮਾਲਕ । ਹਮ ਚਿਨੀ—ਇਸੇ ਹੀ ਤਰ੍ਹਾਂ ਦਾ । ਹਮ—ਭੀ । ਚਿਨੀ—ਐਸਾ, ਅਜਿਹਾ । ਸਾਂਵਲੇ ਬਰਨਾਂ—ਸਾਂਵਲੇ ਰੰਗ ਵਾਲਾ, ਕ੍ਰਿਸ਼ਨ ।੩। ਅਸਪਤਿ—ਸੂਰਜ ਦੇਵਤਾ । ਗਜਪਤਿ—ਇੰਦ੍ਰ ਦੇਵਤਾ । ਨਰਹ ਨਰਿੰਦ—ਨਰਾਂ ਦਾ ਰਾਜਾ, ਬ੍ਰਹਮਾ । ਮੁਕੰਦ— ਮੁਕਤੀ ਦੇਣ ਵਾਲਾ ।੪।

ਨੋਟ:- ਅੰਕ ੪ ਦਾ ਭਾਵ ਇਹ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ । ਅੰਕ ੨ ਦੱਸਦਾ ਹੈ ਕਿ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ । ਅੰਕ ੩ ਇਹ ਦੱਸਣ ਵਾਸਤੇ ਹੈ ਕਿ ਭਗਤਾਂ ਦੇ ਸਾਰੇ ਸ਼ਬਦਾਂ ਦਾ ਜੋੜ ੩ ਹੈ—੧ ਕਬੀਰ ਜੀ ਦਾ ਅਤੇ ੨ ਨਾਮਦੇਵ ਜੀ ਦੇ ।

ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥

ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ); ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ । (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ ।੧।ਰਹਾਉ।

ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥
(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ) ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ।੧।

ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥
ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ, ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ।੨।

ਚੰਦੀ ਹਜਾਰ ਆਲਮ ਏਕਲ ਖਾਨਾਂ ॥ ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥

(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ । ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ।੩।

ਅਸਪਤਿ ਗਜਪਤਿ ਨਰਹ ਨਰਿੰਦ ॥ ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥
ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ, ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ ।੪।੨।੩।