ਪੰਨਾ ਨ: ੧੧੬੭
ਭੈਰਉ ਨਾਮਦੇਉ ਜੀਉ ਘਰੁ ੨
ੴ ਸਤਿਗੁਰ ਪ੍ਰਸਾਦਿ ॥
00:00 / 00:00
 
00:00 / 00:00
ਆਉ ਕਲੰਦਰ ਕੇਸਵਾ ॥
ਕਰਿ ਅਬਦਾਲੀ ਭੇਸਵਾ ॥ ਰਹਾਉ ॥

ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥
ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥
ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥
ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥
ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥
ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥
ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥
ਆਉ—ਜੀ ਆਇਆਂ ਨੂੰ । ਕਲੰਦਰ—ਹੇ ਕਲੰਦਰ! ਕੇਸਵਾ—ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ ਪ੍ਰਭੂ! ਕਰਿ—ਕਰ ਕੇ । ਅਬਦਾਲੀ ਭੇਸਵਾ—ਅਬਦਾਲੀ ਫ਼ਕੀਰਾਂ ਵਾਲਾ ਸੋਹਣਾ ਵੇਸ ।ਰਹਾਉ।
ਜਿਨਿ—ਜਿਸ (ਤੈਂ) ਨੇ । ਕੁਲਹ—ਟੋਪੀ, ਕੁੱਲਾ । ਸਿਰਿ—ਸਿਰ ਉੱਤੇ । ਕਉਸੈ—ਖੜਾਵਾਂ । ਪਯਾਲਾ— ਪਤਾਲ । ਚਮਰ ਪੋਸ—ਚੰਮ ਦੀ ਪੁਸ਼ਾਕ ਵਾਲੇ, ਸਾਰੇ ਜੀਅ-ਜੰਤ । ਮੰਦਰੁ—ਘਰ । ਗੁਪਾਲਾ—ਹੇ ਧਰਤੀ ਦੇ ਰੱਖਿਅਕ! ।੧। ਛਪਨ ਕੋਟਿ—ਛਪੰਜਾ ਕਰੋੜ ਮੇਘ ਮਾਲਾ, ਛਪੰਜਾ ਕਰੋੜ ਬੱਦਲ । ਪੇਹਨ—ਚੋਗ਼ਾ । ਸੋਲਹ ਸਹਸ—ਸੋਲਾਂ ਹਜ਼ਾਰ (ਆਲਮ) ।
ਨੋਟ:- ਮੁਸਲਮਾਨੀ ਖ਼ਿਆਲ ਅਨੁਸਾਰ ਕੋਈ ਅਠਾਰਾਂ ਹਜ਼ਾਰ ਤੇ ਕੋਈ ਸੋਲਾਂ ਹਜ਼ਾਰ ਆਲਮ (ਜਹਾਨ) ਆਖਦੇ ਹਨ । ਕਈ ਵਿਦਵਾਨ ਸੱਜਣ ਇਸ ਦਾ ਅਰਥ 'ਸੋਲਾਂ ਹਜ਼ਾਰ ਗੋਪੀਆਂ' ਕਰਦੇ ਆ ਰਹੇ ਹਨ । ਪਰ ਇਹ ਉੱਕਾ ਹੀ ਗ਼ਲਤ ਤੇ ਅਢੁੱਕਵਾਂ ਹੈ; ਪ੍ਰਭੂ ਦਾ ਸਰੂਪ ਬਿਆਨ ਕਰਦੇ ਹੋਏ ਸਾਰੇ ਆਕਾਸ਼, ਸਾਰੇ ਪਤਾਲ, ਸਾਰੇ ਜੀਆ-ਜੰਤ, ਸਾਰੀਆਂ ਮੇਘਮਾਲਾ, ਸਾਰੀ ਬਨਸਪਤੀ, ਸਾਰਾ ਸੰਸਾਰ ਉਸ ਪ੍ਰਭੂ ਦੇ ਬਾਹਰਲੇ ਲਿਬਾਸ ਦਾ ਹਿੱਸਾ ਦੱਸਦੇ ਹਨ । ਬੇਅੰਤ ਜੀਵ ਪੈਦਾ ਕਰਨ ਵਾਲੇ ਪ੍ਰਭੂ ਦੇ 'ਇਜਾਰੇ' ਵਾਸਤੇ 'ਸੋਲਾਂ ਹਜ਼ਾਰ ਗੋਪੀਆਂ' ਕੋਈ ਵਡਿਆਈ ਦੀ ਗੱਲ ਨਹੀਂ ਹੈ; ਇਹ ਤਾਂ ਸੁਲਤਾਨ ਨੂੰ ਮੀਆਂ ਆਖਣ ਵਾਲੀ ਗੱਲ ਭੀ ਨਹੀਂ ।
ਇਜਾਰਾ—ਤੰਬਾ । ਭਾਰ ਅਠਾਰਹ—ਬਨਸਪਤੀ ਦੇ ਅਠਾਰਾਂ ਭਾਰ, ਸਾਰੀ ਬਨਸਪਤੀ । ਮੁਦਗਰੁ—ਮੁਤਹਿਰਾ, ਸਲੋਤਰ, ਡੰਡਾ ਜੋ ਫ਼ਕੀਰ ਲੋਕ ਆਮ ਤੌਰ ਤੇ ਹੱਥ ਵਿਚ ਰੱਖਦੇ ਹਨ । ਸਹਨਕ—ਮਿੱਟੀ ਦੀ ਰਕੇਬੀ ।੨। ਦੇਹੀ—(ਮੇਰਾ) ਸਰੀਰ । ਮਹਜਿਦਿ—ਮਸਜਦ, ਮਸੀਤ । ਮਉਲਾਨਾ—ਮੌਲਵੀ, ਮੁੱਲਾਂ । ਸਹਜ—ਅਡੋਲਤਾ । ਸਹਜ ਨਿਵਾਜ—ਅਡੋਲਤਾ-ਰੂਪ ਨਿਮਾਜ਼ । ਕਉਲਾ—ਮਾਇਆ । ਸਉ—ਸਿਉ, ਨਾਲ । ਕਾਇਨੁ—ਨਕਾਹ, ਵਿਆਹ । ਨਿਰੰਕਾਰ—ਹੇ ਨਿਰੰਕਾਰ! ਹੇ ਆਕਾਰ-ਰਹਿਤ ਪ੍ਰਭੂ! ਆਕਾਰ—ਜਗਤ । ਨਿਰੰਕਾਰ ਆਕਾਰੈ—ਹੇ ਸਾਰੇ ਜਗਤ ਦੇ ਨਿਰੰਕਾਰ! ।੩। ਛਿਨਾਏ—ਖੁਹਾਏ । ਕਿਹ ਪਹਿ—ਹੋਰ ਕਿਸ ਪਾਸ? ਪੁਕਾਰਾ—ਫ਼ਰਿਆਦ, ਸ਼ਿਕੈਤ । ਫਿਰੇ—ਫਿਰਦਾ ਹੈ, ਵਿਆਪਕ ਹੈ । ਸਗਲ ਬੇਦੇਸਵਾ—ਸਾਰੇ ਦੇਸਾਂ ਵਿਚ ।੪।
ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ ਭੇਸਵਾ ॥ ਰਹਾਉ ॥
ਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ); ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ) ।ਰਹਾਉ।

ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥
ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥

(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ । ਹੇ ਕਲੰਦਰ- ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ । ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ ।੧।

ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥
ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥

(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ; ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ ।੨।

ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥
ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥

(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ । ਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ) ।੩।

ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥

(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ? (ਹੇ ਭਾਈ!) ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ ।੪।੧।