ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ |
ਧੰਨਿ—ਸਦਕੇ ਹੋਣ-ਜੋਗ । ਰਾਮ ਬੇਨੁ—ਰਾਮ (ਜੀ) ਦੀ ਬੰਸਰੀ । ਬਾਜੈ—ਵੱਜ ਰਹੀ ਹੈ । ਮਧੁਰ—ਮਿੱਠੀ । ਧੁਨਿ—ਸੁਰ । ਅਨਹਤ—ਇੱਕ-ਰਸ । ਗਾਜੈ—ਗੱਜ ਰਹੀ ਹੈ, ਗੁੰਜਾਰ ਪਾ ਰਹੀ ਹੈ ।੧।ਰਹਾਉ। ਮੇਘਾ—ਮੇਂਢਾ । ਰੋਮਾਵਲੀ—ਰੋਮ+ਆਵਲੀ, ਰੋਮਾਂ ਦੀ ਕਤਾਰ, ਉੱਨ । ਓਢੈ—ਪਹਿਨਦਾ ਹੈ ।੧। ਜਿਹ ਗ੍ਰਿਹਿ—ਜਿਸਦੇ ਘਰ ਵਿਚ (ਜੰਮੇ) । ਰਮਈਆ—ਸੋਹਣੇ ਰਾਮ ਜੀ । ਕਵਲਾਪਤੀ—ਕਮਲਾ ਦੇ ਪਤੀ, ਲੱਛਮੀ ਦੇ ਪਤੀ, ਵਿਸ਼ਨੂੰ, ਕ੍ਰਿਸ਼ਨ ਜੀ ।੨। ਬਨਖੰਡ—ਜੰਗਲ ਦਾ ਹਿੱਸਾ, ਬਨ ਦਾ ਖੰਡ । ਬਿੰਦ੍ਰਾਬਨ— ਤੁਲਸੀ ਦਾ ਜੰਗਲ ।੩। ਬੇਨੁ—ਬੰਸਰੀ । ਗੋਧਨੁ—ਗਾਈਆਂ, (ਗਾਈਆਂ-ਰੂਪ ਧਨ) । ਚਰੈ—ਚਾਰਦਾ ਹੈ । ਆਨਦੁ—ਖ਼ੁਸ਼ੀ, ਕੌਤਕ ।੪। |
ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ, ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ ।੧।ਰਹਾਉ। ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ, ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ ।੧। ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ, ਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ।੨। ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ, ਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ ।੩। ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥ ਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ, ਤੇ (ਇਹੋ ਜਿਹਾ ਹੋਰ) ਰੰਗ ਬਣਾ ਰਿਹਾ ਹੈ ।੪।੧। ਨੋਟ:- ਇਨਸਾਨੀ ਸੁਭਾਵ ਵਿਚ ਇਹ ਇਕ ਕੁਦਰਤੀ ਕੌਤਕ ਹੈ ਕਿ ਮਨੁੱਖ ਨੂੰ ਆਪਣੇ ਕਿਸੇ ਅਤਿ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਪਿਆਰੀਆਂ ਲੱਗੀਆਂ ਹਨ । ਭਾਈ ਗੁਰਦਾਸ ਜੀ ਲਿਖਦੇ ਹਨ:- ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖਿ ਲੋਭਾਣਾ ॥ ਕੁਤੇ ਦੀ ਪੈਰੀ ਪਵੈ, ਹੜਿ ਹੜਿ ਹਸੈ ਲੋਕ ਵਿਡਾਣਾ ॥ ਗੁਰੂ ਦੇ ਪਿਆਰ ਤੋਂ ਵਿਕੇ ਹੋਏ ਗੁਰੂ ਅਮਰਦਾਸ ਜੀ ਭੀ ਲਿਖਦੇ ਹਨ:- "ਧਨੁ ਜਨਨੀ ਜਿਨਿ ਜਾਇਆ, ਧੰਨੁ ਪਿਤਾ ਪਰਧਾਨੁ ॥ ਸਤਗੁਰੁ ਸੇਵਿ ਸੁਖੁ ਪਾਇਆ, ਵਿਚਹੁ ਗਇਆ ਗੁਮਾਨੁ ॥ ਦਰਿ ਸੇਵਨਿ ਸੰਤ ਜਨ ਖੜੇ, ਪਾਇਨਿ ਗੁਣੀ ਨਿਧਾਨੁ ॥੧॥੧੬॥੪੯॥ {ਸਿਰੀ ਰਾਗੁ ਮ: ੩ } ਹਿੰਦੂ ਮਤ ਵਿਚ ਉਂਞ ਤਾਂ ੨੪ ਅਵਤਾਰਾਂ ਦਾ ਜ਼ਿਕਰ ਆਉਂਦਾ ਹੈ, ਪਰ ਅਸਲ ਵਿਚ ਦੋ ਹੀ ਉੱਘੇ ਅਵਤਾਰ ਹਨ ਜਿਨ੍ਹਾਂ ਨੂੰ ਸੁਣ ਵੇਖ ਕੇ ਮੂੰਹੋਂ ਵਾਹ ਵਾਹ ਨਿਕਲ ਸਕਦੀ ਹੈ ਤੇ ਉਨ੍ਹਾਂ ਦੇ ਕਾਦਰ ਕਰਤਾਰ ਦਾ ਚੇਤਾ ਪਿਆਰ ਨਾਲ ਆ ਸਕਦਾ ਹੈ । ਇਹ ਹਨ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ । ਇਹ ਮਨੁੱਖਾਂ ਵਿਚ ਆ ਕੇ ਮਨੁੱਖਾਂ ਵਾਂਗ ਦੁੱਖ ਸੁਖ ਸਹਾਰਦੇ ਰਹੇ ਤੇ ਇਨਸਾਨੀ ਦਿਲ ਦੇ ਤਾਊਸ ਦੀਆਂ ਪਿਆਰ-ਤਰਬਾਂ ਹਿਲਾਂਦੇ ਰਹੇ । ਇਹਨਾਂ ਦੋਹਾਂ ਵਿਚੋਂ ਭੀ; ਕ੍ਰਿਸ਼ਨ ਜੀ ਦੇ ਜੀਵਨ ਵਿਚ ਪਿਆਰ ਦੇ ਕੌਤਕ ਵਧੀਕ ਮਿਲਦੇ ਹਨ । ਸ੍ਰੀ ਰਾਮ ਚੰਦਰ ਜੀ ਤਾਂ ਰਾਜ-ਮਹਲਾਂ ਵਿਚ ਜੰਮੇ ਪਲੇ ਤੇ ਮੁੜ ਭੀ ਇਹਨਾਂ ਰਾਜ ਹੀ ਕੀਤਾ; ਪਰ ਕ੍ਰਿਸ਼ਨ ਜੀ ਦਾ ਜਨਮ ਹੀ ਦੁੱਖਾਂ ਤੋਂ ਸ਼ੁਰੂ ਹੋਇਆ, ਗ਼ਰੀਬ ਗੁਆਲਣਾਂ ਵਿਚ ਪਲੇ, ਗੁਆਲਿਆਂ ਨਾਲ ਰਲ ਕੇ ਇਹਨਾਂ ਗਊਆਂ ਚਾਰੀਆਂ ਤੇ ਬੰਸਰੀ ਵਜਾਈ । ਗ਼ਰੀਬਾਂ ਨਾਲ ਰਲ ਕੇ ਰਚ-ਮਿਚ ਕੇ ਰਹਿਣ ਵਾਲਾ ਹੀ ਗ਼ਰੀਬਾਂ ਨੂੰ ਪਿਆਰਾ ਲੱਗ ਸਕਦਾ ਹੈ । ਇਹ ਕ੍ਰਿਸ਼ਨ ਜੀ ਹੀ ਸਨ, ਜਿਨ੍ਹਾਂ ਦਲੇਰ ਹੋ ਕੇ ਗੀਤਾ ਚ ਕਿਹਾ ਕਿ: ਵਿਦਵਾਨ ਬ੍ਰਾਹਮਣ, ਗਾਂ, ਹਾਥੀ, ਕੁੱਤੇ ਆਦਿਕ ਸਭਨਾਂ ਵਿਚ ਹੀ ਇਕੋ ਜੋਤ ਹੈ । ਗ਼ਰੀਬਾਂ ਵਿਚ ਪਲਿਆ, ਗ਼ਰੀਬਾਂ ਨਾਲ ਪਿਆਰ ਕਰਨ ਵਾਲਾ ਕੁਦਰਤੀ ਤੌਰ ਤੇ ਗ਼ਰੀਬਾਂ ਨੂੰ ਪਿਆਰਾ ਲੱਗਣਾ ਸੀ । ਉਸ ਦੀ ਬੰਸਰੀ, ਉਸ ਦੀ ਕੰਬਲੀ, ਉਸ ਦਾ ਬਿੰਦ੍ਰਾਬਨ, "ਪਿਆਰ" ਦਾ ਚਿਹਨ ਬਣ ਗਏ, ਜਿਵੇਂ, ਹਜ਼ਰਤ ਮੁਹੰਮਦ ਸਾਹਿਬ ਦੀ ਕਾਲੀ ਕੰਮਲੀ; ਜਿਵੇਂ ਨੀਵਿਆਂ ਤੋਂ ਉੱਚੇ ਕਰਨ ਵਾਲੇ ਬਲੀ ਮਰਦ ਪਾਤਿਸ਼ਾਹ ਦੀ ਕਲਗੀ ਤੇ ਬਾਜ਼ । ਬ੍ਰਾਹਮਣ ਨੇ ਨੀਵੀਂ ਜ਼ਾਤ ਵਾਲਿਆਂ ਨੂੰ ਬੜੀ ਨਿਰਦਇਤਾ ਨਾਲ ਪੈਰਾਂ ਹੇਠ ਲਤਾੜਿਆ ਹੋਇਆ ਸੀ, ਇਹ ਕਿਹੜਾ ਭਾਰਤਵਾਸੀ ਨਹੀਂ ਸੀ ਜਾਣਦਾ? ਜੇ ਗਰੀਬ ਗਵਾਲੇ ਜਾਂ ਹੋਰ ਸ਼ੂਦਰ ਕਦੇ ਰੱਬੀ-ਪਿਆਰ ਦੇ ਹੁਲਾਰੇ ਵਿਚ ਆਉਣ, ਤਾਂ ਉਸ ਪਿਆਰ ਨੂੰ ਅੱਖੀਂ-ਦਿੱਸਦੇ ਕਿਹੜੇ ਸਰੂਪ ਵਿਚ ਬਿਆਨ ਕਰਨ? ਭਾਰਤ ਵਿਚ ਗੁਰੂ ਨਾਨਕ ਪਾਤਿਸ਼ਾਹ ਤੋਂ ਪਹਿਲਾਂ ਆਪਣੇ ਜੁਗ ਵਿਚ ਇਕੋ ਪਰਸਿੱਧ ਪਿਆਰਾ ਆਇਆ ਸੀ; ਭਾਵੇਂ ਉਸ ਨੂੰ ਭੀ ਸਮਾਂ ਪਾ ਕੇ ਬ੍ਰਾਹਮਣ ਨੇ ਮੰਦਰ ਵਿਚ ਬੰਦ ਕਰ ਕੇ ਗ਼ਰੀਬਾਂ ਤੇ ਸ਼ੂਦਰਾਂ ਤੋਂ ਖੋਹ ਲਿਆ । ਸੋ, 'ਪਿਆਰ' ਨੂੰ ਸਾਕਾਰ ਸਰੂਪ ਵਿਚ ਬਿਆਨ ਕਰਨ ਲਈ ਕ੍ਰਿਸ਼ਨ ਜੀ ਦੀ ਬੰਸਰੀ ਤੇ ਕਮਲੀ ਦਾ ਜ਼ਿਕਰ ਆਉਣਾ ਇਨਸਾਨੀ ਸੁਭਾਵ ਲਈ ਇਕ ਸਾਧਾਰਨ ਕੁਦਰਤੀ ਗੱਲ ਹੈ । ਭਾਈ ਗੁਰਦਾਸ ਜੀ ਨੇ ਤਾਂ ਲੈਲਾ- ਮਜਨੂੰ, ਹੀਰ-ਰਾਂਝਾ, ਸੱਸੀ-ਪੁਨੂੰ ਨੂੰ ਭੀ ਇਸ ਰੰਗ-ਭੂਮੀ ਵਿਚ ਲੈ ਆਂਦਾ ਹੈ । ਬੱਸ! ਇਸ ਸ਼ਬਦ ਵਿਚ ਇਸੇ ਉੱਚੇ ਕੁਦਰਤੀ ਵਲਵਲੇ ਦਾ ਪ੍ਰਕਾਸ਼ ਹੈ । ਪਰ, ਕਿਤੇ ਕੋਈ ਸੱਜਣ ਇਸ ਭੁਲੇਖੇ ਵਿਚ ਨਾ ਪੈ ਜਾਏ ਕਿ ਨਾਮਦੇਵ ਜੀ ਕਿਸੇ ਕ੍ਰਿਸ਼ਨ-ਮੂਰਤੀ ਜਾਂ ਬੀਠੁਲ-ਮੂਰਤੀ ਦੇ ਪੁਜਾਰੀ ਸਨ, ਇਸ ਭਰਮ ਨੂੰ ਦੂਰ ਕਰਨ ਲਈ ਭਗਤ ਜੀ ਆਪ ਹੀ ਲਫ਼ਜ਼ 'ਰਾਮ' ਤੇ 'ਰਮਈਆ' ਭੀ ਵਰਤਦੇ ਹਨ ਤੇ ਦੱਸਦੇ ਹਨ ਤੇ ਕਿ ਸਾਡਾ ਪ੍ਰੀਤਮ, ਸੁਆਮੀ (ਉਸ ਨੂੰ 'ਰਾਮ' ਕਹਿ ਲਵੋ, 'ਨਾਰਾਇਣ' ਕਹਿ ਲਵੋ) ਕ੍ਰਿਸ਼ਨ-ਰੂਪ ਵਿਚ ਆਇਆ ਤੇ ਗ਼ਰੀਬ ਗੁਆਲਿਆਂ ਨਾਲ ਬੰਸਰੀ ਵਜਾਉਂਦਾ ਰਿਹਾ । |