ਪੰਨਾ ਨ: ੮੭੩
ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥ 
ਅਸੁਮੇਧ ਜਗਨੇ ॥
ਤੁਲਾ ਪੁਰਖ ਦਾਨੇ ॥
ਪ੍ਰਾਗ ਇਸਨਾਨੇ ॥੧॥
ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥
ਅਪੁਨੇ ਰਾਮਹਿ ਭਜੁ
ਰੇ ਮਨ ਆਲਸੀਆ ॥੧॥ ਰਹਾਉ ॥

ਗਇਆ ਪਿੰਡੁ ਭਰਤਾ ॥
ਬਨਾਰਸਿ ਅਸਿ ਬਸਤਾ ॥
ਮੁਖਿ ਬੇਦ ਚਤੁਰ ਪੜਤਾ ॥੨॥
ਸਗਲ ਧਰਮ ਅਛਿਤਾ ॥
ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥
ਖਟੁ ਕਰਮ ਸਹਿਤ ਰਹਤਾ ॥੩॥
ਸਿਵਾ ਸਕਤਿ ਸੰਬਾਦੰ ॥
ਮਨ ਛੋਡਿ ਛੋਡਿ ਸਗਲ ਭੇਦੰ ॥
ਸਿਮਰਿ ਸਿਮਰਿ ਗੋਬਿੰਦੰ ॥
ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥

ਅਸੁਮੇਧ—ਵੇਦਕ ਸਮੇ ਸੰਤਾਨ ਦੀ ਖ਼ਾਤਰ ਰਾਜੇ ਇਹ ਜੱਗ ਕਰਦੇ ਸਨ । ਫਿਰ ਉਹ ਰਾਜੇ ਭੀ ਕਰਨ ਲੱਗ ਪਏ ਜੋ ਆਂਢ-ਗੁਆਂਢ ਦੇ ਰਜਵਾੜਿਆਂ ਵਿਚ ਸਭ ਤੋਂ ਵੱਡਾ ਅਖਵਾਉਣਾ ਚਾਹੁੰਦੇ ਸਨ । ਇਕ ਘੋੜਾ ਸਜਾ ਕੇ ਕੁਝ ਸੂਰਬੀਰਾਂ ਦੀ ਨਿਗਰਾਨੀ ਵਿਚ ਇਕ ਸਾਲ ਲਈ ਛੱਡ ਦਿੱਤਾ ਜਾਂਦਾ ਸੀ; ਜਿਸ ਓਪਰੇ ਰਜਵਾੜੇ ਵਿਚੋਂ ਘੋੜਾ ਲੰਘੇ, ਉਹ ਰਾਜਾ ਜਾਂ ਲੜੇ ਜਾਂ ਈਨ ਮੰਨੇ । ਸਾਲ ਪਿੱਛੋਂ ਜਦੋਂ ਉਹ ਘੋੜਾ ਆਪਣੇ ਰਾਜ ਵਿਚ ਆਵੇ ਤਾਂ ਜੱਗ ਕੀਤਾ ਜਾਂਦਾ ਸੀ । ਅਜਿਹੇ ੧੦੦ ਜੱਗ ਕੀਤਿਆਂ ਇੰਦਰ ਦੀ ਪਦਵੀ ਮਿਲਦੀ ਮੰਨੀ ਜਾਂਦੀ ਸੀ । ਤਾਹੀਏਂ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇੰਦਰ ਇਹਨਾਂ ਜੱਗਾਂ ਦੇ ਰਾਹ ਵਿਚ ਰੋਕ ਪਾਇਆ ਕਰਦਾ ਸੀ । ਤੁਲਾ—ਤੁਲ ਕੇ ਬਰਾਬਰ ਦਾ, ਸਾਵਾਂ । ਪ੍ਰਾਗ—ਹਿੰਦੂ-ਤੀਰਥ; ਇਸ ਸ਼ਹਿਰ ਦਾ ਨਾਮ ਅੱਜ ਕਲ ਅਲਾਹਬਾਦ ਹੈ ।੧। ਗਇਆ—ਹਿੰਦੂ ਤੀਰਥ, ਜੋ ਹਿੰਦੂ ਦੀਵੇ-ਵੱਟੀ ਖੁਣੋਂ ਮਰ ਜਾਏ ਉਸ ਦੀ ਕਿਰਿਆ ਗਇਆ ਜਾ ਕੇ ਕਰਾਈ ਜਾਂਦੀ ਹੈ । ਪਿੰਡੁ—ਚਉਲਾਂ ਜਾਂ ਜੌਂ ਦੇ ਆਟੇ ਦੇ ਪੇੜੇ ਜੋ ਪਿਤਰਾਂ ਨਿਮਿਤ ਮਣਸੀਦੇ ਹਨ । ਅਸਿ—ਬਨਾਰਸ ਦੇ ਨਾਲ ਵਗਦੀ ਨਦੀ ਦਾ ਨਾਮ ਹੈ । ਮੁਖਿ—ਮੂੰਹੋਂ । ਚਤੁਰ—ਚਾਰ ।੨। ਅਛਿਤਾ— ਸੰਯੁਕਤ । ਦ੍ਰਿੜਤਾ—ਵੱਸ ਵਿਚ ਰੱਖੇ । ਖਟੁ ਕਰਮ—ਛੇ ਕਰਮ (ਵਿੱਦਿਆ ਪੜ੍ਹਨਾ ਤੇ ਪੜ੍ਹਾਉਣਾ, ਜੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ) ।੩। ਸਿਵਾ ਸਕਤਿ ਸੰਬਾਦ—ਸ਼ਿਵ ਤੇ ਪਾਰਬਤੀ ਦੀ ਪਰਸਪਰ ਗੱਲ-ਬਾਤ, ਰਾਮਾਇਣ । ਰਾਮਾਇਣ ਦੀ ਸਾਰੀ ਵਾਰਤਾ, ਸ਼ਿਵ ਜੀ ਨੇ ਪਾਰਬਤੀ ਨੂੰ ਇਹ ਵਾਰਤਾ ਵਾਪਰਨ ਤੋਂ ਪਹਿਲਾਂ ਹੀ ਸੁਣਾਈ ਦੱਸੀ ਜਾਂਦੀ ਹੈ । ਭੇਦ— (ਪ੍ਰਭੂ ਨਾਲੋਂ) ਵਿੱਥ ਤੇ ਰੱਖਣ ਵਾਲੇ ਕੰਮ । ਤਰਸਿ—ਤਰੇਂਗਾ । ਭਵ ਸਿੰਧ—ਭਵ ਸਾਗਰ, ਸੰਸਾਰ-ਸਮੁੰਦਰ ।੪।

ਅਸੁਮੇਧ ਜਗਨੇ ॥ ਤੁਲਾ ਪੁਰਖ ਦਾਨੇ ॥ ਪ੍ਰਾਗ ਇਸਨਾਨੇ ॥੧॥
ਜੇ ਕੋਈ ਮਨੁੱਖ ਅਸਮੇਧ ਜੱਗ ਕਰੇ, ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ।੧।

ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥
ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ । ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ।੧।ਰਹਾਉ।

ਗਇਆ ਪਿੰਡੁ ਭਰਤਾ ॥ ਬਨਾਰਸਿ ਅਸਿ ਬਸਤਾ ॥ ਮੁਖਿ ਬੇਦ ਚਤੁਰ ਪੜਤਾ ॥੨॥
ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ, ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ, ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ ।੨।

ਸਗਲ ਧਰਮ ਅਛਿਤਾ ॥ ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ ਖਟੁ ਕਰਮ ਸਹਿਤ ਰਹਤਾ ॥੩॥

ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ, ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ, ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ, ।੩।

ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥
ਸਿਮਰਿ ਸਿਮਰਿ ਗੋਬਿੰਦੰ ॥ ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥

ਰਾਮਾਇਣ (ਆਦਿਕ) ਦਾ ਪਾਠ—ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ । ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ, (ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ।੪।੧।