ਪਰ ਨਾਰੀ ਸਿਉ ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ ਅੰਤ ਕੀ ਬਾਰ ਮੂਆ ਲਪਟਾਨਾ ॥੧॥ ਪਾਪੀ ਕਾ ਘਰੁ ਅਗਨੇ ਮਾਹਿ ॥ ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥ ਹਰਿ ਕੀ ਭਗਤਿ ਨ ਦੇਖੈ ਜਾਇ ॥ ਮਾਰਗੁ ਛੋਡਿ ਅਮਾਰਗਿ ਪਾਇ ॥ ਮੂਲਹੁ ਭੂਲਾ ਆਵੈ ਜਾਇ ॥ ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥ ਜਿਉ ਬੇਸ੍ਵਾ ਕੇ ਪਰੈ ਅਖਾਰਾ ॥ ਕਾਪਰੁ ਪਹਿਰਿ ਕਰਹਿ ਸੀਗਾਰਾ ॥ ਪੂਰੇ ਤਾਲ ਨਿਹਾਲੇ ਸਾਸ ॥ ਵਾ ਕੇ ਗਲੇ ਜਮ ਕਾ ਹੈ ਫਾਸ ॥੩॥ ਜਾ ਕੇ ਮਸਤਕਿ ਲਿਖਿਓ ਕਰਮਾ ॥ ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥ ਕਹਤ ਨਾਮਦੇਉ ਇਹੁ ਬੀਚਾਰੁ ॥ ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥ |
ਘਾਲੈ ਧੰਧਾ—ਮੰਦ ਕਰਮ ਕਰਦਾ ਹੈ, ਝਖਾਂ ਮਾਰਦਾ ਹੈ । ਸੂਆ—ਤੋਤਾ । ਬਿਗਸਾਨਾ—ਖ਼ੁਸ਼ ਹੁੰਦਾ ਹੈ । ਲਪਟਾਨਾ—(ਪਰ-ਤਨ-ਵਿਕਾਰ ਵਿਚ) ਫਸ ਕੇ ।੧। ਅਗਨੇ ਮਾਹਿ—ਅੱਗ ਵਿਚ ।੧। ਅਮਾਰਗਿ—ਕੁਰਾਹੇ । ਮੂਲਹੁ—ਜਗਤ ਦੇ ਮੂਲ ਪ੍ਰਭੂ ਤੋਂ । ਡਾਰਿ—ਡੋਲ੍ਹ ਕੇ । ਲਾਦਿ—ਲੱਦ ਕੇ, ਸੰਚ ਕੇ ।੨। ਅਖਾਰਾ—ਅਖਾੜਾ, ਤਮਾਸ਼ਾ । ਪੂਰੇ ਤਾਲ—ਨੱਚਦੀ ਹੈ । ਨਿਹਾਲੇ—ਤੱਕਦੀ ਹੈ, ਗਹੁ ਨਾਲ ਜਾਚਦੀ ਹੈ । ਸਾਸ—ਸੂਰ ।੩। ਮਸਤਕਿ—ਮੱਥੇ ਉੱਤੇ । ਕਰਮਾ—ਬਖ਼ਸ਼ਸ਼ (ਦਾ ਲੇਖ) । ਭਜਿ—ਦੌੜ ਕੇ । ਪਰਿ ਹੈ—ਪੈਂਦਾ ਹੈ । ਇਨ ਬਿਧਿ—ਇਸ ਤਰੀਕੇ ਨਾਲ, ਗੁਰੂ ਦੀ ਸ਼ਰਨ ਪੈ ਕੇ ।੪। |
ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ ਅੰਤ ਕੀ ਬਾਰ ਮੂਆ ਲਪਟਾਨਾ ॥੧॥ ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ, ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ, (ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ); ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ।੧। ਪਾਪੀ ਕਾ ਘਰੁ ਅਗਨੇ ਮਾਹਿ ॥ ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥ ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ।੧।ਰਹਾਉ। ਹਰਿ ਕੀ ਭਗਤਿ ਨ ਦੇਖੈ ਜਾਇ ॥ ਮਾਰਗੁ ਛੋਡਿ ਅਮਾਰਗਿ ਪਾਇ ॥ ਮੂਲਹੁ ਭੂਲਾ ਆਵੈ ਜਾਇ ॥ ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥ ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ, (ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ, ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ, ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ।੨। ਜਿਉ ਬੇਸ੍ਵਾ ਕੇ ਪਰੈ ਅਖਾਰਾ ॥ ਕਾਪਰੁ ਪਹਿਰਿ ਕਰਹਿ ਸੀਗਾਰਾ ॥ ਪੂਰੇ ਤਾਲ ਨਿਹਾਲੇ ਸਾਸ ॥ ਵਾ ਕੇ ਗਲੇ ਜਮ ਕਾ ਹੈ ਫਾਸ ॥੩॥ ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ, (ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ । ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ, (ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ।੩। ਜਾ ਕੇ ਮਸਤਕਿ ਲਿਖਿਓ ਕਰਮਾ ॥ ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥ ਕਹਤ ਨਾਮਦੇਉ ਇਹੁ ਬੀਚਾਰੁ ॥ ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥ ਸਤਿਗੁਰੂ ਨਾਮਦੇਵ ਜੀ ਇਹ ਇਕ ਵਿਚਾਰ ਦਾ ਬਚਨ ਆਖਦੇ ਹਨ —ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ) ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ । ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ।੪।੨।੮। |