ਦੇਖਉ ਰਾਮ ਤੁਮ੍ਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥ ਬਾਦਿਸਾਹੁ ਚੜ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥ ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥ ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥ ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥ ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜੇ੍ ਆਏ ਗੋਪਾਲ ॥੧੬॥ ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥ ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥ ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥ ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥ ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥ ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥ |
ਬੇ—ਹੇ! ਦੇਖਉ—ਮੈਂ ਵੇਖਾਂ, ਮੈਂ ਵੇਖਣੇ ਚਾਹੁੰਦਾ ਹਾਂ ।੧। ਸੁਲਤਾਨੇ—ਸੁਲਤਾਨ ਨੇ । ਬਾਧਿਆ—ਬੰਨ੍ਹ ਲਿਆ । ਬੀਠੁਲਾ—ਮਾਇਆ ਤੋਂ ਰਹਿਤ, ਪ੍ਰਭੂ ।੧।ਰਹਾਉ। ਬਿਸਮਿਲਿ—ਮੋਈ ਹੋਈ । ਨਾਤਰ—ਨਹੀਂ ਤਾਂ । ਠਾਂਇ—ਇਸੇ ਥਾਂ, ਹੁਣੇ ਹੀ ।੨। ਬਾਦਿਸਾਹ—ਹੇ ਬਾਦਸ਼ਾਹ! ।੩। ਅਹੰਕਾਰਿ—ਅਹੰਕਾਰ ਵਿਚ । ਚਮਕਾਰਿ ਦੀਨੋ—ਪ੍ਰੇਰ ਦਿੱਤਾ, ਉਕਸਾਇਆ ।੫। ਕੀ ਨ—ਕਿਉਂ ਨਹੀਂ? ।੬। ਪੂੰਗੜਾ—ਬੱਚਾ । ਪਿੰਡੁ ਪੜੈ—ਜੇ ਸਰੀਰ ਭੀ ਨਾਸ ਹੋ ਜਾਏ ।੭। ਗਜਿੰਦੁ—ਹਾਥੀ, ਵੱਡਾ ਹਾਥੀ । ਉਬਰੈ—ਬਚ ਗਿਆ ।੮। ਇਨਿ—ਇਸ ਨੇ । ਮਲਿਆ—ਤੋੜ ਦਿੱਤਾ ਹੈ ।੯। ਸਰ ਭਰਿ—ਤੋਲ ਬਰਾਬਰ ।੧੦। ਮਾਲੁ—ਵੱਢੀ ਦਾ ਧਨ । ਭਰਉ—ਇਕੱਠੀ ਕਰਾਂ ।੧੧। ਪਾਵਹੁ—ਪੈਰਾਂ ਵਿਚ । ਹਾਥਹੁ—ਹੱਥਾਂ ਨਾਲ ।੧੨। ਤ੍ਰਿਭਵਣ ਧਨੀ—ਤ੍ਰਿਲੋਕੀ ਦਾ ਮਾਲਕ ਪ੍ਰਭੂ ।੧੪। ਪਾਖੰਤਣ—ਖੰਭ । ਬਾਜ—ਵਾਜਾ । ਬਜਾਇਲਾ—ਵਜਾਇਆ । ਆਇਲਾ—ਆਇਆ ।੧੫। ਪਰਿ—ਉੱਤੇ ।੧੬। ਕਹਹਿ—ਜੇ ਤੂੰ ਆਖੇਂ । ਇਕੋਡੀ—ਟੇਢੀ, ਪੁੱਠੀ । ਲੇ ਕਰਿ—ਫੜ ਕੇ । ਊਪਰਿ ਧਰਉ—ਮੈਂ ਟੰਗ ਦਿਆਂ ।੧੭। ਪਤੀਆਇ—ਪਰਤਾ ਕੇ, ਤਸੱਲੀ ਕਰ ਕੇ ।੧੮। ਸੇਲਮ—(ਅ:) ਸਲਮ, ਬੰਨ੍ਹਣਾ (ਰੱਸੀ ਨਾਲ) । ਸੇਲ—(ਫਾ:) ਸੂਲ, ਖੁਰ, ਪਿਛਲੇ ਪੈਰ ।੧੯। ਦੁਹਿ—ਚੋ ਕੇ ।੨੦। ਅਉਘਟ ਕੀ ਘਟ—ਔਖੀ ਘੜੀ ।੨੧। ਫੁਰਮਾਇ—ਹੁਕਮ ਕਰ । ਬਖਸੀ—ਮੈਨੂੰ ਬਖ਼ਸ਼ । ਹਿੰਦੂ—ਹੇ ਹਿੰਦੂ! ।੨੨। ਪਤੀਆ—ਤਸੱਲੀ ।੨੩। ਪਰਵਾਨ—ਮਾਪ, ਅੰਦਾਜ਼ਾ । ਸਾਚਿ—ਸੱਚ ਵਿਚ । ਸੀਲਿ—ਚੰਗੇ ਸੁਭਾਉ ਵਿਚ ।੨੪। ਸਭੁ—ਹਰ ਥਾਂ, ਘਰ ਘਰ ਵਿਚ ।੨੫। ਰਹੀ—ਕਾਇਮ ਹੋ ਗਈ । ਸੰਸਾਰਿ—ਸਾਗਰ ਵਿਚ ।੨੭। ਖੇਦੁ—ਦੁੱਖ ।੨੮। |
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਾਰੇ ਕਾਮਾ ॥੧॥ (ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ—ਹੇ ਨਾਮੇ! ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ।੧। ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ (ਤੇ ਆਖਣ ਲੱਗਾ—) ਮੈਂ ਤੇਰਾ ਹਰੀ, ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ ।੧।ਰਹਾਉ। ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ (ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ, ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ ।੨। ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ (ਮੈਂ ਆਖਿਆ—) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ? ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ।੩। ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥ (ਤੇ ਇਕ ਹੋਰ ਗੱਲ ਭੀ ਹੈ) ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ, ਮੇਰਾ ਕੀਤਾ ਕੁਝ ਨਹੀਂ ਹੋ ਸਕਦਾ ।੪। ਬਾਦਿਸਾਹੁ ਚੜ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥ ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ, ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ ।੫। ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ (ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ (ਤੇ ਆਖਣ ਲੱਗੀ—ਹੇ ਬੱਚਾ!) ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ? ।੬। ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ (ਮੈਂ ਉੱਤਰ ਦਿੱਤਾ—) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ; ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ ।੭। ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥ ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ, ਪਰ ਨਾਮਾ ਬਚ ਨਿਕਲਦਾ ਹੈ; ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ।੮। ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ (ਬਾਦਸ਼ਾਹ ਸੋਚਦਾ ਹੈ—) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ, ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ ।੯। ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ (ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ, ਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ।੧੦। ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥ (ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ, (ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ।੧੧। ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥ ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ, ਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ।੧੨। ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥ ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ।੧੩। ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥ (ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ, ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ।੧੪। ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ (ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ, ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ।੧੫। ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜੇ੍ ਆਏ ਗੋਪਾਲ ॥੧੬॥ ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ, ਤੇ ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ ।੧੬। ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ (ਗੋਪਾਲ ਨੇ ਆਖਿਆ—ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ, ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ, ਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ, ਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ।੧੭, ੧੮। ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥ (ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ—(ਗਊ ਨੂੰ) ਨਿਆਣਾ ਪਾ ਦਿਉ। (ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ।੧੯। ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥ ਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ।੨੦। ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥ ਬਾਦਸ਼ਾਹ ਮਹਲਾਂ ਵਿਚ ਚਲਾ ਗਿਆ (ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) । ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ)—ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ।੨੧, ੨੨। ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥ ਨਾਮਾ ਆਖਦਾ ਹੈ—ਹੇ ਬਾਦਸ਼ਾਹ! ਸੁਣ, ਮੈਨੂੰ ਇਕ ਤਸੱਲੀ ਦਿਵਾ ਦੇਹ; ਇਸ ਇਕਰਾਰ ਦਾ ਮਾਪ ਇਹ ਹੋਵੇਗਾ ਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ।੨੩, ੨੪। ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥ (ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ, (ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ—) ਜੇ ਐਤਕੀਂ ਗਾਂ ਨਾ ਜੀਊਂਦੀ ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ।੨੫, ੨੬। ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥ ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥ ਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ, ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ; (ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ (ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ।੨੭, ੨੮। ਨੋਟ:- ਇਸੇ ਹੀ ਰਾਗ ਦੇ ਸ਼ਬਦ ਨੰ: ੬ ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ "ਭਗਤ ਜਨਾਂ" ਆਏ ਹਨ, ਇੱਥੇ ਭੀ ਬੰਦ ਨੰ: ੨੭ ਵਿਚ ਇਹੀ ਲਫ਼ਜ਼ ਹਨ । ਦੋਹੀਂ ਥਾਈਂ ਨਾਮਦੇਵ ਜੀ ਆਪਣੀ ਹੱਡ-ਬੀਤੀ ਸੁਣਾ ਕੇ ਆਮ ਅਸੂਲ ਦੀ ਗੱਲ ਸੁਣਾਉਂਦੇ ਹਨ ਕਿ ਪ੍ਰਭੂ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ । ਨੋਟ:- ਬੰਦ ਨੰ: ੧੪, ੧੫, ੧੬ ਵਿਚ ਨਾਮਦੇਵ ਜੀ ਪਰਮਾਤਮਾ ਦਾ ਇਹ ਸਰੂਪ ਨਿਰੋਲ ਪੁਰਾਣਾਂ ਅਨੁਸਾਰ ਹਿੰਦੂਆਂ ਵਾਲਾ ਦੱਸਦੇ ਹਨ, ਕਿਉਂਕਿ ਇਕ ਮੁਸਲਮਾਨ ਬਾਦਸ਼ਾਹ ਜਾਨੋਂ ਮਾਰਨ ਦੇ ਡਰਾਵੇ ਦੇਂਦਾ ਹੈ ਤੇ ਚਾਹੁੰਦਾ ਹੈ ਕਿ ਨਾਮਦੇਵ ਮੁਸਲਮਾਨ ਬਣ ਜਾਏ । ਨਾਮਦੇਵ ਜੀ ਦੀ ਮਾਂ ਸਮਝਾਉਂਦੀ ਭੀ ਹੈ, ਪਰ ਉਹ ਨਿਡਰ ਹਨ । ਉਂਞ ਨਾਮਦੇਵ ਜੀ ਪਰਮਾਤਮਾ ਦੇ ਕਿਸੇ ਖ਼ਾਸ ਸਰੂਪ ਦੇ ਪੁਜਾਰੀ ਨਹੀਂ ਹਨ । ਇਸੇ ਹੀ ਰਾਗ ਦੇ ਅਖ਼ੀਰਲੇ ਸ਼ਬਦ ਵਿਚ ਵੇਖੋ, ਪਰਮਾਤਮਾ ਨੂੰ "ਅਬਦਾਲੀ" ਆਖ ਕੇ ਕਹਿੰਦੇ ਹਨ ਕਿ ਮੇਰੇ ਛੈਣੇ ਤੂੰ ਹੀ ਖੁਹਾਏ ਸਨ । ਜਿੱਥੇ ਹਿੰਦੂ ਆਪਣੀ ਉੱਚੀ ਜਾਤ ਦੇ ਮਾਣ ਤੇ ਨਾਮਦੇਵ ਨੂੰ ਮੰਦਰੋਂ ਬਾਹਰ ਕੱਢਦੇ ਹਨ, ਉੱਥੇ ਨਾਮਦੇਵ ਜੀ ਪ੍ਰਭੂ ਨੂੰ "ਕਲੰਦਰ, ਅਬਦਾਲੀ" ਆਖ ਕੇ ਮੁਸਲਮਾਨੀ ਪਹਿਰਾਵੇ ਤੇ ਮੁਸਲਮਾਨੀ ਲਫ਼ਜ਼ਾਂ ਵਿਚ ਯਾਦ ਕਰਦੇ ਹਨ । |