ਪੰਨਾ ਨ: ੧੨੫੨
ਸਾਰੰਗ ਬਾਣੀ ਨਾਮਦੇਉ ਜੀ ਕੀ
ੴ ਸਤਿਗੁਰ ਪ੍ਰਸਾਦਿ ॥
 
ਦਾਸ ਅਨਿੰਨ ਮੇਰੋ ਨਿਜ ਰੂਪ ॥
ਦਰਸਨ ਨਿਮਖ ਤਾਪ ਤ੍ਰਈ ਮੋਚਨ
ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥

ਮੇਰੀ ਬਾਂਧੀ ਭਗਤੁ ਛਡਾਵੈ
ਬਾਂਧੈ ਭਗਤੁ ਨ ਛੂਟੈ ਮੋਹਿ ॥
ਏਕ ਸਮੈ ਮੋ ਕਉ ਗਹਿ ਬਾਂਧੈ
ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥
ਮੈ ਗੁਨ ਬੰਧ ਸਗਲ ਕੀ ਜੀਵਨਿ
ਮੇਰੀ ਜੀਵਨਿ ਮੇਰੇ ਦਾਸ ॥
ਨਾਮਦੇਵ ਜਾ ਕੇ ਜੀਅ ਐਸੀ
ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥

ਅਨਿੰਨ— ਜਿਸ ਦਾ ਪ੍ਰੇਮ ਕਿਸੇ ਹੋਰ ਨਾਲ ਨਾ ਹੋਵੇ । ਨਿਜ—ਆਪਣਾ । ਨਿਮਖ— ਅੱਖ ਫਰਕਣ ਜਿਤਨੇ ਸਮੇ ਲਈ । ਤਾਪ ਤ੍ਰਈ—ਤਿੰਨੇ ਹੀ ਤਾਪ (ਆਧਿ, ਬਿਆਧਿ, ਉਪਾਧਿ) । ਮੋਚਨ—ਨਾਸ ਕਰਨ ਵਾਲਾ । ਪਰਸਤ—(ਚਰਨ) ਛੋਹਿਆਂ । ਗ੍ਰਿਹ ਕੂਪ—ਘਰ (ਦੇ ਜੰਜਾਲ)- ਰੂਪ ਖੂਹ ।੧।ਰਹਾਉ। ਮੋਹਿ—ਮੇਰੇ ਪਾਸੋਂ, ਮੈਥੋਂ । ਗਹਿ—ਫੜ ਕੇ । ਬਾਂਧੈ—ਬੰਨ੍ਹ ਲਏ । ਤਉ—ਤਦੋਂ । ਫੁਨਿ—ਮੁੜ, ਫਿਰ । ਮੋ ਪੈ—ਮੈਥੋਂ । ਜਬਾਬੁ—ਉਜ਼ਰ, ਨਾਹ-ਨੁੱਕਰ ।੧। ਗੁਨ ਬੰਧ—(ਭਗਤ ਦੇ) ਗੁਣਾਂ ਦਾ ਬੱਝਾ ਹੋਇਆ । ਜੀਵਨਿ—ਜ਼ਿੰਦਗੀ । ਜਾ ਕੇ ਜੀਅ—ਜਿਸ ਦੇ ਚਿੱਤ ਵਿਚ (ਪ੍ਰੀਤ ਦੇ ਭੇਤ ਦੀ ਇਹ ਸੋਚ) । ਤਾ ਕੈ—ਉਸ ਦੇ ਹਿਰਦੇ ਵਿਚ । ਪ੍ਰਗਾਸ—ਚਾਨਣ ।੨।
ਦਾਸ ਅਨਿੰਨ ਮੇਰੋ ਨਿਜ ਰੂਪ ॥
ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥

(ਹੇ ਨਾਮਦੇਵ!) ਜੋ (ਮੇਰਾ) ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਆਪਣਾ ਸਰੂਪ ਹੈ; ਉਸ ਦਾ ਇਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦੇਂਦਾ ਹੈ, ਉਸ (ਦੇ ਚਰਨਾਂ) ਦੀ ਛੋਹ ਗ੍ਰਿਹਸਤ ਦੇ ਜੰਜਾਲ-ਰੂਪ ਖੂਹ ਵਿਚੋਂ ਕੱਢ ਲੈਂਦੀ ਹੈ ।੧।ਰਹਾਉ।

ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥
ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥

ਮੇਰੀ ਬੱਧੀ ਹੋਈ (ਮੋਹ ਦੀ) ਗੰਢ ਨੂੰ ਮੇਰਾ ਭਗਤ ਖੋਲ੍ਹ ਲੈਂਦਾ ਹੈ, ਪਰ ਜਦੋਂ ਮੇਰਾ ਭਗਤ (ਮੇਰੇ ਨਾਲ ਪ੍ਰੇਮ ਦੀ ਗੰਢ) ਬੰਨ੍ਹਦਾ ਹੈ ਉਹ ਮੈਥੋਂ ਖੁਲ੍ਹ ਨਹੀਂ ਸਕਦੀ । ਜੇ ਮੇਰਾ ਭਗਤ ਇਕ ਵਾਰੀ ਮੈਨੂੰ ਫੜ ਕੇ ਬੰਨ੍ਹ ਲਏ, ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ ।੧।

ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥
ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥

ਮੈਂ (ਆਪਣੇ ਭਗਤ ਦੇ) ਗੁਣਾਂ ਦਾ ਬੱਝਾ ਹੋਇਆ ਹਾਂ; ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ (ਦਾ ਆਸਰਾ) ਹਾਂ, ਪਰ ਮੇਰੇ ਭਗਤ ਮੇਰੀ ਜ਼ਿੰਦਗੀ (ਦਾ ਆਸਰਾ) ਹਨ । ਹੇ ਨਾਮਦੇਵ! ਜਿਸ ਦੇ ਮਨ ਵਿਚ ਇਹ ਉੱਚੀ ਸੋਚ ਫੁਰ ਪਈ ਹੈ, ਉਸ ਦੇ ਅੰਦਰ ਮੇਰੇ ਪਿਆਰ ਦਾ ਪਰਕਾਸ਼ ਭੀ ਉਤਨਾ ਹੀ ਵੱਡਾ (ਭਾਵ, ਬਹੁਤ ਵਧੀਕ) ਹੋ ਜਾਂਦਾ ਹੈ ।੨।