ਬਿਨੁ ਸਾਵਣ ਘਨਹਰੁ ਗਾਜੈ ॥ ਬਾਦਲ ਬਿਨੁ ਬਰਖਾ ਹੋਈ ॥ ਜਉ ਤਤੁ ਬਿਚਾਰੈ ਕੋਈ ॥ ੧ ॥ ਮੋ ਕਉ ਮਿਲਿਓ ਰਾਮੁ ਸਨੇਹੀ ॥ ਜਿਹ ਮਿਲਿਐ ਦੇਹ ਸੁਦੇਹੀ ॥ ੧ ॥ ਰਹਾਉ ॥ ਮਿਲਿ ਪਾਰਸ ਕੰਚਨੁ ਹੋਇਆ ॥ ਮੁਖ ਮਨਸਾ ਰਤਨੁ ਪਰੋਇਆ ॥ ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ ਪੂਛੇ ਮਨੁ ਪਤੀਆਗਾ ॥ ੨ ॥ ਜਲ ਭੀਤਰਿ ਕੁੰਭ ਸਮਾਨਿਆ ॥ ਸਭ ਰਾਮੁ ਏਕੁ ਕਰਿ ਜਾਨਿਆ ॥ ਗੁਰ ਚੇਲੇ ਹੈ ਮਨੁ ਮਾਨਿਆ ॥ ਜਨ ਨਾਮੈ ਤਤੁ ਪਛਾਨਿਆ ॥ ੩ ॥ ੩ ॥ |
ਮੰਦਲੁ—ਢੋਲ । ਬਾਜੈ—ਵੱਸਦਾ ਹੈ । ਬਿਨੁ ਸਾਵਣ—ਸਾਵਣ ਦਾ ਮਹੀਨਾ ਆਉਣ ਤੋਂ ਬਿਨਾ ਹੀ, ਹਰ ਵੇਲੇ । ਘਨਹਰੁ—ਬੱਦਲ । ਗਾਜੈ—ਗੱਜਦਾ ਹੈ । ਜਉ—ਜਦੋਂ । ।੧। ਸਨੇਹੀ—ਪਿਆਰਾ । ਦੇਹ—ਸਰੀਰ । ਸੁਦੇਹੀ—ਸੋਹਣੀ ਕਾਇਆਂ ।੧।ਰਹਾਉ। ਮਿਲਿ—ਮਿਲ ਕੇ, ਛੋਹ ਕੇ । ਕੰਚਨੁ—ਸੋਨਾ । ਮਨਸਾ—ਮੂੰਹ ਵਿਚ ਤੇ ਖ਼ਿਆਲਾਂ ਵਿਚ, (ਭਾਵ, ਬਚਨਾਂ ਵਿਚ ਤੇ ਖ਼ਿਆਲਾਂ ਵਿਚ) । ਨਿਜ ਭਾਉ—ਆਪਣਿਆਂ ਵਾਲਾ ਪਿਆਰ । ਭ੍ਰਮੁ—ਭੁਲੇਖਾ (ਕਿ ਕਿਤੇ ਕੋਈ ਓਪਰਾ ਭੀ ਹੈ) । ਗੁਰ ਪੂਛੇ—ਗੁਰੂ ਦੀ ਸਿੱਖਿਆ ਲੈ ਕੇ । ਪਤੀਆਗਾ—ਪਤੀਜ ਗਿਆ ਹੈ, ਤਸੱਲੀ ਹੋ ਗਈ ਹੈ ।੨। ਭੀਤਰਿ—ਅੰਦਰ, ਵਿਚ । ਕੁੰਭ—ਪਾਣੀ ਦਾ ਘੜਾ, ਜੀਵਾਤਮਾ । ਸਭ—ਹਰ ਥਾਂ । ਗੁਰ ਚੇਲੇ ਮਨੁ—ਗੁਰੂ ਦਾ ਤੇ ਚੇਲੇ ਦਾ ਮਨ । ਨਾਮੈ —ਨਾਮਦੇਵ ਨੇ ।੩। |
ਮੋ ਕਉ ਮਿਲਿਓ ਰਾਮੁ ਸਨੇਹੀ ॥ ਜਿਹ ਮਿਲਿਐ ਦੇਹ ਸੁਦੇਹੀ ॥ ੧ ॥ ਰਹਾਉ ॥ ਮੈਨੂੰ ਪਿਆਰਾ ਰਾਮ ਮਿਲ ਪਿਆ ਹੈ, ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ।੧।ਰਹਾਉ। ਅਣਮੜਿਆ ਮੰਦਲੁ ਬਾਜੈ ॥ ਬਿਨੁ ਸਾਵਣ ਘਨਹਰੁ ਗਾਜੈ ॥ ਬਾਦਲ ਬਿਨੁ ਬਰਖਾ ਹੋਈ ॥ ਜਉ ਤਤੁ ਬਿਚਾਰੈ ਕੋਈ ॥ ੧ ॥ ਜਿਹੜਾ ਭੀ ਕੋਈ ਮਨੁੱਖ ਇਸ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ, ਉਸ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ, (ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ), ਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ) ।੧। ਨੋਟ:- ਜਿਵੇਂ ਕਿਤੇ ਢੋਲ ਵੱਜਿਆਂ ਨਿੱਕੇ-ਮੋਟੇ ਹੋਰ ਖੜਾਕ ਸੁਣਾਈ ਨਹੀਂ ਦੇਂਦੇ, ਤਿਵੇਂ ਜਿਸ ਮਨੁੱਖ ਦੇ ਅੰਦਰ ਰਾਮ-ਨਾਮ ਦਾ ਢੋਲ ਵੱਜਦਾ ਹੈ ਨਾਮ ਦਾ ਪ੍ਰਭਾਵ ਪੈਂਦਾ ਹੈ, ਉੱਥੇ ਮਾਇਕ ਵਿਕਾਰਾਂ ਦਾ ਸ਼ੋਰ ਨਹੀਂ ਸੁਣੀਂਦਾ; ਉੱਥੇ ਹਰ ਵੇਲੇ ਨਾਮ ਦਾ ਬੱਦਲ ਗੱਜਦਾ ਹੈ, ਤੇ ਮਨ-ਮੋਰ ਪੈਲਾਂ ਪਾਉਂਦਾ ਹੈ; ਉਥੇ ਹਰ ਵੇਲੇ ਨਾਮ ਦੀ ਵਰਖਾ ਨਾਲ ਠੰਢ ਪਈ ਰਹਿੰਦੀ ਹੈ ਮਿਲਿ ਪਾਰਸ ਕੰਚਨੁ ਹੋਇਆ ॥ ਮੁਖ ਮਨਸਾ ਰਤਨੁ ਪਰੋਇਆ ॥ ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ ਪੂਛੇ ਮਨੁ ਪਤੀਆਗਾ ॥ ੨ ॥ ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਇਸ ਤਰ੍ਹਾਂ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ, ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ, (ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ) ।੨। ਜਲ ਭੀਤਰਿ ਕੁੰਭ ਸਮਾਨਿਆ ॥ ਸਭ ਰਾਮੁ ਏਕੁ ਕਰਿ ਜਾਨਿਆ ॥ ਗੁਰ ਚੇਲੇ ਹੈ ਮਨੁ ਮਾਨਿਆ ॥ ਜਨ ਨਾਮੈ ਤਤੁ ਪਛਾਨਿਆ ॥ ੩ ॥ ੩ ॥ (ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ), ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ); ਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ ਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ ।੩।੩। |