ਪੰਨਾ ਨ: ੩੪੫
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ  
ੴ ਸਤਿਗੁਰ ਪ੍ਰਸਾਦਿ ॥
 
 
ਦੇਵਾ ਪਾਹਨ ਤਾਰੀਅਲੇ ॥
ਰਾਮ ਕਹਤ ਜਨ ਕਸ ਨ ਤਰੇ ॥੧॥ਰਹਾਉ॥
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
ਚਰਨ ਬਧਿਕ ਜਨ ਤੇਊ ਮੁਕਤਿ ਭਏ ॥
ਹਉ ਬਲਿ ਬਲਿ ਜਿਨ ਰਾਮ ਕਹੇ ॥੧॥
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥

ਦੇਵਾ-ਹੇ ਦੇਵ | ਪਾਹਨ-ਪੱਥਰ | ਕਸ-ਕਿਉਂ ਨ ਤਰੇ? | ਗਨਿਕਾ-ਵੇਸਵਾ | ਕੁਬਿਜਾ-ਕੰਸ ਦੀ ਗੋਲੀ | ਬਿਆਧਿ-ਰੋਗੀ,ਵਿਕਾਰੀ ਪੁਰਸ਼ | ਬਧਿਕ-ਸ਼ਿਕਾਰੀ ਜਿਸਨੇ ਕ੍ਰਿਸ਼ਨ ਜੀ ਦੇ ਪੈਰ ਵਿਚ ਤੀਰ ਮਾਰਿਆ ਸੀ | ਸੁਤ-ਪੁੱਤਰ | ਉਗ੍ਰਸੈਨ-ਕੰਸ ਦਾ ਪਿਤਾ | ਤੇਊ- ਉਹ ਸਾਰੇ
ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥ ੧ ॥ ਰਹਾਉ ॥
ਹੇ ਪ੍ਰਭੂ! ਉਹ ਪੱਥਰ ਭੀ ਸਮੁੰਦਰ ਉੱਤੇ ਤੂੰ ਤਰਾ ਦਿੱਤੇ ਜਿਨ੍ਹਾਂ ਉੱਤੇ ਤੇਰਾ 'ਰਾਮ' ਨਾਮ ਲਿਖਿਆ ਗਿਆ ਸੀ; ਭਲਾ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ? ।ਰਹਾਉ।

ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ।

ਚਰਨ ਬਧਿਕ ਜਨ ਤੇਊ ਮੁਕਤਿ ਭਏ ॥ ਹਉ ਬਲਿ ਬਲਿ ਜਿਨ ਰਾਮ ਕਹੇ ॥ ੧ ॥

(ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ । ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ।੧।

ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥

ਹੇ ਪ੍ਰਭੂ! ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ ।

ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥ ੨ ॥ ੧ ॥

ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ।੨।੧।