ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥ ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥੧॥ਰਹਾਉ॥ ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥੨॥ ਅਬ ਜੀਅ ਜਾਨਿ ਐਸੀ ਬਨਿ ਆਈ ॥ ਮਿਲਉ ਗੁਪਾਲ ਨੀਸਾਨੁ ਬਜਾਈ ॥੩॥ ਉਸਤਤਿ ਨਿੰਦਾ ਕਰੈ ਨਰੁ ਕੋਈ ॥ ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥ |
ਬਉਰੀ—ਕਮਲੀ, ਝੱਲੀ । ਭਤਾਰੁ—ਖਸਮ । ਰਚਿ ਰਚਿ—ਫਬ ਫਬ ਕੇ । ਤਾ ਕਉ—ਉਸ ਭਤਾਰ ਦੀ ਖ਼ਾਤਰ, ਉਸ ਭਤਾਰ ਨੂੰ ਮਿਲਣ ਲਈ ।੧। ਨਿੰਦਉ ਲੋਗੁ—ਜਗਤ ਬੇ-ਸ਼ੱਕ ਨਿੰਦਾ ਕਰੇ [ਨੋਟ:- ਲਫ਼ਜ਼ 'ਨਿੰਦਉ' ਹੁਕਮੀ ਭਵਿੱਖਤ, ਅੱਨ ਪੁਰਖ ਤੇ ਇਕ- ਵਚਨ ਹੈ] । ਜੋਗੁ—ਜੋਗਾ, ਵਾਸਤੇ ।੧।ਰਹਾਉ। ਬਾਦੁ ਬਿਬਾਦੁ—ਝਗੜਾ, ਬਹਿਸ । ਰਸਾਇਨੁ—ਰਸਾਂ ਦਾ ਘਰ, ਸ੍ਰੇਸ਼ਟ ਰਸ ।੨। ਜੀਅ ਜਾਨਿ—ਮਨ ਵਿਚ ਸਮਝ ਕੇ । ਐਸੀ ਬਨਿ ਆਈ—ਅਜਿਹੀ ਹਾਲਤ ਬਣ ਗਈ ਹੈ । ਮਿਲਉ—ਮੈਂ ਮਿਲ ਰਹੀ ਹਾਂ । ਨੀਸਾਨੁ ਬਜਾਈ—ਢੋਲ ਵਜਾ ਕੇ, ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ।੩। ਉਸਤਤਿ—ਸੋਭਾ, ਵਡਿਆਈ । ਸ੍ਰੀਰੰਗੁ—ਪਰਮਾਤਮਾ ਸ੍ਰੀ— ਲੱਛਮੀ । ਰੰਗੁ—ਪਿਆਰ । ਲੱਛਮੀ ਨਾਲ ਪਿਆਰ ਕਰਨ ਵਾਲਾ । ਭੇਟਲ—ਮਿਲ ਪਿਆ ਹੈ ।੪। |
ਮੈ ਬਉਰੀ ਮੇਰਾ ਰਾਮੁ ਭਤਾਰੁ ॥ ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥ ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ, ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ) ।੧।ਰਹਾਉ। ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ ॥੧॥ਰਹਾਉ॥ (ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ, ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ।੧। ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ ਰਸਨਾ ਰਾਮ ਰਸਾਇਨੁ ਪੀਜੈ ॥੨॥ (ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ, ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ।੨। ਅਬ ਜੀਅ ਜਾਨਿ ਐਸੀ ਬਨਿ ਆਈ ॥ ਮਿਲਉ ਗੁਪਾਲ ਨੀਸਾਨੁ ਬਜਾਈ ॥੩॥ ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ।੩। ਉਸਤਤਿ ਨਿੰਦਾ ਕਰੈ ਨਰੁ ਕੋਈ ॥ ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥ ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ), ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ।੪।੪। |