ਪੰਨਾ ਨ: ੮੭੩
ਗੋਂਡ 
 
ਮੋਹਿ ਲਾਗਤੀ ਤਾਲਾਬੇਲੀ ॥
ਬਛਰੇ ਬਿਨੁ ਗਾਇ ਅਕੇਲੀ ॥ ੧ ॥
ਪਾਨੀਆ ਬਿਨੁ ਮੀਨੁ ਤਲਫੈ ॥
ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥ ੧ ॥ ਰਹਾਉ ॥

ਜੈਸੇ ਗਾਇ ਕਾ ਬਾਛਾ ਛੂਟਲਾ ॥
ਥਨ ਚੋਖਤਾ ਮਾਖਨੁ ਘੂਟਲਾ ॥ ੨ ॥
ਨਾਮਦੇਉ ਨਾਰਾਇਨੁ ਪਾਇਆ ॥
ਗੁਰੁ ਭੇਟਤ ਅਲਖੁ ਲਖਾਇਆ ॥ ੩ ॥  
ਜੈਸੇ ਬਿਖੈ ਹੇਤ ਪਰ ਨਾਰੀ ॥
ਐਸੇ ਨਾਮੇ ਪ੍ਰੀਤਿ ਮੁਰਾਰੀ ॥ ੪ ॥
ਜੈਸੇ ਤਾਪਤੇ ਨਿਰਮਲ ਘਾਮਾ ॥
ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥ ੫ ॥ ੪ ॥

ਮੋਹਿ—ਮੈਨੂੰ । ਤਾਲਾਬੇਲੀ—ਤਿਲਮਿਲੀ, ਤਿਲਮਿਲਾਹਟ, ਤੜਫਣੀ । ਗਾਇ—ਗਾਂ ।੧।
ਮੀਨੁ—ਮੱਛੀ । ਤਲਫੈ—ਤੜਫਦੀ ਹੈ । ਬਾਪਰੋ—ਬਪੁਰਾ, ਵਿਚਾਰਾ, ਘਬਰਾਇਆ ਹੋਇਆ ।੧।ਰਹਾਉ।
ਛੂਟਲਾ—ਕਿੱਲੇ ਨਾਲੋਂ ਖੁਲ੍ਹ ਜਾਂਦਾ ਹੈ । ਬਾਛਾ—ਵੱਛਾ । ਚੋਖਤਾ—ਚੁੰਘਦਾ ਹੈ । ਘੂਟਲਾ—ਘੁੱਟ ਭਰਦਾ ਹੈ ।੨।
ਭੇਟਤ—ਮਿਲਦਿਆਂ ਹੀ । ਅਲਖੁ—ਜੋ ਲਖਿਆ ਨਾਹ ਜਾ ਸਕੇ, ।੩।
ਬਿਖੈ ਹੇਤ—ਵਿਸ਼ੇ ਦੀ ਖ਼ਾਤਰ ।੪।
ਤਾਪਤੇ—ਤਪਦੇ ਹਨ । ਨਿਰਮਲ—ਸਾਫ਼ । ਘਾਮਾ—ਗਰਮੀ, ਧੁੱਪ ।੫।

ਮੋਹਿ ਲਾਗਤੀ ਤਾਲਾਬੇਲੀ ॥ ਬਛਰੇ ਬਿਨੁ ਗਾਇ ਅਕੇਲੀ ॥ ੧ ॥
ਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ), ਤਿਵੇਂ ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ ।੧।

ਪਾਨੀਆ ਬਿਨੁ ਮੀਨੁ ਤਲਫੈ ॥
ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥ ੧ ॥ ਰਹਾਉ ॥

ਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ, ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ ।੧।ਰਹਾਉ।

ਜੈਸੇ ਗਾਇ ਕਾ ਬਾਛਾ ਛੂਟਲਾ ॥ ਥਨ ਚੋਖਤਾ ਮਾਖਨੁ ਘੂਟਲਾ ॥ ੨ ॥
ਨਾਮਦੇਉ ਨਾਰਾਇਨੁ ਪਾਇਆ ॥ ਗੁਰੁ ਭੇਟਤ ਅਲਖੁ ਲਖਾਇਆ ॥ ੩ ॥
 
ਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ ਤਾਂ (ਗਾਂ ਦੇ) ਥਣ ਚੁੰਘਦਾ ਹੈ, ਤੇ ਮੱਖਣ ਦੇ ਘੁੱਟ ਭਰਦਾ ਹੈ, ਤਿਵੇਂ ਜਦੋਂ ਮੈਨੂੰ ਨਾਮਦੇਵ ਨੂੰ ਸਤਿਗੁਰੂ ਮਿਲਿਆ, ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਮੈਨੂੰ ਰੱਬ ਮਿਲ ਪਿਆ ।੨ ਤੇ ੩ ।

ਜੈਸੇ ਬਿਖੈ ਹੇਤ ਪਰ ਨਾਰੀ ॥ ਐਸੇ ਨਾਮੇ ਪ੍ਰੀਤਿ ਮੁਰਾਰੀ ॥ ੪ ॥

ਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ, ਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ।੪।

ਜੈਸੇ ਤਾਪਤੇ ਨਿਰਮਲ ਘਾਮਾ ॥
ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥ ੫ ॥ ੪ ॥

ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ, ਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ ।੫।੪।