ਪੰਨਾ ਨ: ੪੮੫
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ  
ੴ ਸਤਿਗੁਰ ਪ੍ਰਸਾਦਿ ॥
 
 
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥ ੧ ॥
ਕਾਹੇ ਕਉ ਕੀਜੈ ਧਿਆਨੁ ਜਪੰਨਾ ॥
ਜਬ ਤੇ ਸੁਧੁ ਨਾਹੀ ਮਨੁ ਅਪਨਾ ॥ ੧ ॥ ਰਹਾਉ ॥

ਸਿੰਘਚ ਭੋਜਨੁ ਜੋ ਨਰੁ ਜਾਨੈ ॥
ਐਸੇ ਹੀ ਠਗਦੇਉ ਬਖਾਨੈ ॥ ੨ ॥
ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥
ਰਾਮ ਰਸਾਇਨ ਪੀਉ ਰੇ ਦਗਰਾ ॥ ੩ ॥ ੪ ॥

ਕੁੰਚ—ਕੁੰਜ, ਉਪਰਲੀ ਪਤਲੀ ਖਲੜੀ । ਬਿਖੁ—ਜ਼ਹਿਰ । ਉਦਕ—ਪਾਣੀ । ਮਾਹਿ—ਵਿਚ । ਬਗੁ—ਬਗਲਾ । ਧਿਆਨੁ ਮਾਡੈ—ਧਿਆਨ ਜੋੜਦਾ ਹੈ ।੧। ਜਪੰਨਾ ਕੀਜੈ—ਜਾਪ ਕਰੀਦਾ ਹੈ । ਜਬ ਤੇ—ਜਦ ਤਕ । ਸੁਧੁ—ਪਵਿੱਤਰ ।ਰਹਾਉ। ਸਿੰਘਚ— ਸ਼ੇਰ ਵਾਲਾ, ਨਿਰਦਇਤਾ ਵਾਲਾ । ਐਸੇ—ਅਜਿਹੇ (ਬੰਦੇ) ਨੂੰ । ਠਗ ਦੇਉ— ਵੱਡਾ ਠੱਗ । ਬਖਾਨੈ—(ਜਗਤ) ਆਖਦਾ ਹੈ ।੨। ਨਾਮੇ ਕੇ ਸੁਆਮੀ—ਨਾਮਦੇਵ ਦੇ ਮਾਲਕ ਪ੍ਰਭੂ ਨੇ; ਹੇ ਨਾਮਦੇਵ! ਤੇਰੇ ਪਰਮਾਤਮਾ ਨੇ । ਲਾਹਿਲੇ—ਲਾਹ ਦਿੱਤਾ ਹੈ, ਮੁਕਾ ਦਿੱਤਾ ਹੈ । ਰੇ—ਹੇ ਭਾਈ! ਦਗਰਾ—ਪੱਥਰ {ਮਰਾਠੀ} । ਰੇ ਦਗਰਾ—ਹੇ ਪੱਥਰ-ਚਿੱਤ! ।੩।

ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥
ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ;

ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥ ੧ ॥

ਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ।੧।

ਕਾਹੇ ਕਉ ਕੀਜੈ ਧਿਆਨੁ ਜਪੰਨਾ ॥ ਜਬ ਤੇ ਸੁਧੁ ਨਾਹੀ ਮਨੁ ਅਪਨਾ ॥ ੧ ॥ ਰਹਾਉ ॥

ਹੇ ਭਾਈ! ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ, ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ? ।ਰਹਾਉ।

ਸਿੰਘਚ ਭੋਜਨੁ ਜੋ ਨਰੁ ਜਾਨੈ ॥ ਐਸੇ ਹੀ ਠਗਦੇਉ ਬਖਾਨੈ ॥ ੨ ॥

ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ) ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ।੨।

ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥ ਰਾਮ ਰਸਾਇਨ ਪੀਉ ਰੇ ਦਗਰਾ ॥ ੩ ॥ ੪ ॥

ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ । ਹੇ ਕਠੋਰ- ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ।੩।੪।