ਪੰਨਾ ਨ: ੭੧੮
ਰਾਗੁ ਟੋਡੀ ਸ੍ਰੀ ਨਾਮਦੇਉ ਜੀ ਕੀ  
ੴ ਸਤਿਗੁਰ ਪ੍ਰਸਾਦਿ ॥
 
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥

'ਤਿਨਿ ਛੰਦੇ ਖੇਲੁ' ਦਾ ਅਰਥ ਹੈ "ਉਸ (ਸੰਸਾਰ) ਦਾ ਤਮਾਸ਼ਾ, ਜਿਸ ਵਿਚ ਤਿੰਨ ਸੁਭਾਉ ਮਿਲੇ ਹੋਏ ਹਨ, ਜਿਸ ਵਿਚ ਤਿੰਨ ਗੁਣ ਮਿਲੇ ਹੋਏ ਹਨ; ਭਾਵ, ਤ੍ਰਿਗੁਣੀ ਸੰਸਾਰ ਦਾ ਤਮਾਸ਼ਾ" । 'ਰਹਾਉ' ਦੀ ਤੁਕ ਦਾ ਅਰਥ: (ਪਰਮਾਤਮਾ ਦਾ ਰਚਿਆ ਹੋਇਆ) ਇਹ ਤ੍ਰਿਗੁਣੀ ਸੰਸਾਰ ਦਾ ਤਮਾਸ਼ਾ ਹੈ । ਜੇ ਇਸ ਅਰਥ ਨੂੰ ਸ਼ਬਦ ਦੇ ਬਾਕੀ ਬੰਦਾਂ ਨਾਲ ਰਲਾ ਕੇ ਪੜ੍ਹੀਏ ਤਾਂ 'ਰਹਾਉ' ਦੀ ਤੁਕ ਦਾ ਭਾਵ ਇਹ ਬਣਦਾ ਹੈ: ਇਸ ਤ੍ਰਿ-ਗੁਣੀ ਸੰਸਾਰ ਵਿਚ ਅਕਾਲ ਪੁਰਖ ਦਾ ਤਮਾਸ਼ਾ ਹੋ ਰਿਹਾ ਹੈ, ਸਭ ਤ੍ਰੈ-ਗੁਣੀ ਜੀਵ ਆਪੋ ਆਪਣੇ ਸੁਭਾਉ ਅਨੁਸਾਰ ਸਾਧਾਰਨ ਤੌਰ ਤੇ ਪ੍ਰਵਿਰਤ ਹਨ । ਇਸੇ ਖ਼ਿਆਲ ਦਾ ਵਿਸਥਾਰ ਬਾਕੀ ਦੇ ਸ਼ਬਦ ਵਿਚ ਹੈ—ਰਾਜਿਆਂ ਦੇ ਘਰ ਸਾਂਢਨੀ ਆਦਿਕ ਰਾਜ ਦੇ ਸਾਮਾਨ ਹਨ; ਕੁੰਭਾਰ, ਤੇਲੀ, ਬਾਣੀਆ ਆਦਿਕ ਕਿਰਤੀ ਭਾਂਡੇ, ਤੇਲ, ਹਿੰਙ ਆਦਿਕ ਚੀਜ਼ਾਂ ਦੇ ਵਿਹਾਰ ਵਿਚ ਪ੍ਰਵਿਰਤ ਹਨ; ਪੰਡਿਤ ਲੋਕ ਪੱਤ੍ਰੀ ਆਦਿਕ ਪੁਸਤਕਾਂ ਦੇ ਵਿਚਾਰ ਵਿਚ ਮਸਤ ਹਨ । ਭਗਤ ਨੂੰ ਤਾਂ ਇਹਨਾਂ ਤ੍ਰਿ-ਗੁਣੀ ਪਦਾਰਥਾਂ ਵਿਚ ਰੁੱਝਣ ਦੀ ਲੋੜ ਨਹੀਂ, ਉਹ ਢੂੰਢਦਾ ਹੈ ਇਸ ਤ੍ਰਿ-ਗੁਣੀ ਖੇਲ ਦੇ ਕਰਤਾਰ ਨੂੰ । ਉਹ ਕਿੱਥੇ ਹੈ?—"ਸੰਤਾਂ ਮਧੇ" ।

ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
(ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ) ਤ੍ਰਿ-ਗੁਣੀ ਸੁਭਾਉ ਦਾ ਤਮਾਸ਼ਾ ਹੈ ।੧।ਰਹਾਉ।

ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥

(ਸਾਧਾਰਨ ਤੌਰ ਤੇ) ਘੁਮਿਆਰ ਦੇ ਘਰ ਹਾਂਡੀ (ਹੀ ਮਿਲਦੀ) ਹੈ, ਰਾਜੇ ਦੇ ਘਰ ਸਾਂਢੀ (ਆਦਿਕ ਹੀ) ਹੈ; ਤੇ ਬ੍ਰਾਹਮਣ ਦੇ ਘਰ (ਸਗਨ ਮਹੂਰਤ ਆਦਿਕ ਵਿਚਾਰਨ ਲਈ) ਪੱਤ੍ਰੀ (ਆਦਿਕ ਪੁਸਤਕ ਹੀ ਮਿਲਦੀ) ਹੈ । (ਇਹਨਾਂ ਘਰਾਂ ਵਿਚ) ਪੱਤ੍ਰੀ, ਸਾਂਢਨੀ, ਭਾਂਡੇ (ਹਾਂਡੀ) ਹੀ (ਪ੍ਰਧਾਨ ਹਨ) ।੧।

ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥

ਹਟਵਾਣੀਏ ਦੇ ਘਰ (ਭਾਵ, ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਉ ਅਨੁਸਾਰ) ਸਿੰਗ (ਹੀ) ਹਨ, ਅਤੇ ਦੇਵਾਲੇ (ਦੇਵ-ਅਸਥਾਨ) ਵਿੱਚ ਲਿੰਗ (ਹੀ ਗੱਡਿਆ ਹੋਇਆ ਦਿੱਸਦਾ) ਹੈ । (ਇਹਨੀਂ ਥਾਈਂ) ਹਿੰਙ, ਸਿੰਗ ਅਤੇ ਲਿੰਗ ਹੀ (ਪ੍ਰਧਾਨ ਹਨ) ।੨।

ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥

(ਜੇ) ਤੇਲੀ ਦੇ ਘਰ (ਜਾਉ, ਤਾਂ ਉਥੇ ਅੰਦਰ ਬਾਹਰ) ਤੇਲ (ਹੀ ਤੇਲ ਪਿਆ) ਹੈ, ਜੰਗਲਾਂ ਵਿੱਚ ਵੇਲਾਂ (ਹੀ ਵੇਲਾਂ) ਹਨ ਅਤੇ ਮਾਲੀ ਦੇ ਘਰ ਕੇਲਾ (ਹੀ ਲੱਗਾ ਮਿਲਦਾ) ਹੈ । ਇਹਨੀਂ ਥਾਈਂ ਤੇਲ, ਵੇਲਾਂ ਤੇ ਕੇਲਾ ਹੀ (ਪ੍ਰਧਾਨ ਹਨ) ।੩।

ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥

(ਇਸ ਜਗਤ-ਖੇਲ ਦਾ ਰਚਨਹਾਰ ਕਿੱਥੇ ਹੋਇਆ?) (ਜਿਵੇਂ) ਗੋਕਲ ਵਿੱਚ ਕ੍ਰਿਸ਼ਨ ਜੀ (ਦੀ ਹੀ ਗੱਲ ਚੱਲ ਰਹੀ) ਹੈ, (ਤਿਵੇਂ ਇਸ ਖੇਲ ਦਾ ਮਾਲਕ) ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵੱਸ ਰਿਹਾ ਹੈ । (ਉਹੀ) ਰਾਮ ਨਾਮਦੇਵ ਦੇ (ਭੀ) ਅੰਦਰ (ਪ੍ਰਤੱਖ ਵੱਸ ਰਿਹਾ) ਹੈ । (ਜਿਹਨੀਂ ਥਾਈਂ, ਭਾਵ, ਸੰਤਾਂ ਦੇ ਹਿਰਦੇ ਵਿੱਚ, ਗੋਕਲ ਵਿੱਚ ਅਤੇ ਨਾਮਦੇਵ ਦੇ ਅੰਦਰ) ਗੋਬਿੰਦ ਸ਼ਿਆਮ ਅਤੇ ਰਾਮ ਹੀ (ਗੱਜ ਰਿਹਾ) ਹੈ ।੪।੩।