ਜਉ ਗੁਰਦੇਉ ਤ ਉਤਰੈ ਪਾਰਿ ॥ ਜਉ ਗੁਰਦੇਉ ਤ ਬੈਕੁੰਠ ਤਰੈ ॥ ਜਉ ਗੁਰਦੇਉ ਤ ਜੀਵਤ ਮਰੈ ॥੧॥ ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥ ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥ ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥ ਜਉ ਗੁਰਦੇਉ ਨ ਦਹ ਦਿਸ ਧਾਵੈ ॥ ਜਉ ਗੁਰਦੇਉ ਪੰਚ ਤੇ ਦੂਰਿ ॥ ਜਉ ਗੁਰਦੇਉ ਨ ਮਰਿਬੋ ਝੂਰਿ ॥੨॥ ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥ ਜਉ ਗੁਰਦੇਉ ਤ ਅਕਥ ਕਹਾਨੀ ॥ ਜਉ ਗੁਰਦੇਉ ਤ ਅੰਮ੍ਰਿਤ ਦੇਹ ॥ ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥ ਜਉ ਗੁਰਦੇਉ ਭਵਨ ਤ੍ਰੈ ਸੂਝੈ ॥ ਜਉ ਗੁਰਦੇਉ ਊਚ ਪਦ ਬੂਝੈ ॥ ਜਉ ਗੁਰਦੇਉ ਤ ਸੀਸੁ ਅਕਾਸਿ ॥ ਜਉ ਗੁਰਦੇਉ ਸਦਾ ਸਾਬਾਸਿ ॥੪॥ ਜਉ ਗੁਰਦੇਉ ਸਦਾ ਬੈਰਾਗੀ ॥ ਜਉ ਗੁਰਦੇਉ ਪਰ ਨਿੰਦਾ ਤਿਆਗੀ ॥ ਜਉ ਗੁਰਦੇਉ ਬੁਰਾ ਭਲਾ ਏਕ ॥ ਜਉ ਗੁਰਦੇਉ ਲਿਲਾਟਹਿ ਲੇਖ ॥੫॥ ਜਉ ਗੁਰਦੇਉ ਕੰਧੁ ਨਹੀ ਹਿਰੈ ॥ ਜਉ ਗੁਰਦੇਉ ਦੇਹੁਰਾ ਫਿਰੈ ॥ ਜਉ ਗੁਰਦੇਉ ਤ ਛਾਪਰਿ ਛਾਈ ॥ ਜਉ ਗੁਰਦੇਉ ਸਿਹਜ ਨਿਕਸਾਈ ॥੬॥ ਜਉ ਗੁਰਦੇਉ ਤ ਅਠਸਠਿ ਨਾਇਆ ॥ ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥ ਜਉ ਗੁਰਦੇਉ ਤ ਦੁਆਦਸ ਸੇਵਾ ॥ ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥ ਜਉ ਗੁਰਦੇਉ ਤ ਸੰਸਾ ਟੂਟੈ ॥ ਜਉ ਗੁਰਦੇਉ ਤ ਜਮ ਤੇ ਛੂਟੈ ॥ ਜਉ ਗੁਰਦੇਉ ਤ ਭਉਜਲ ਤਰੈ ॥ ਜਉ ਗੁਰਦੇਉ ਤ ਜਨਮਿ ਨ ਮਰੈ ॥੮॥ ਜਉ ਗੁਰਦੇਉ ਅਠਦਸ ਬਿਉਹਾਰ ॥ ਜਉ ਗੁਰਦੇਉ ਅਠਾਰਹ ਭਾਰ ॥ ਬਿਨੁ ਗੁਰਦੇਉ ਅਵਰ ਨਹੀ ਜਾਈ ॥ ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥ |
ਸਤਿ—ਸਦਾ-ਥਿਰ ਰਹਿਣ ਵਾਲੀ । ਗੁਰਦੇਵ—ਗੁਰੂ (ਦੀ ਸੇਵਾ) । ਆਨ—ਹੋਰ ।੧।ਰਹਾਉ। ਦਹਦਿਸ—ਦਸੀਂ ਪਾਸੀਂ । ਪੰਚ—ਕਾਮਾਦਿਕ ।੨। ਅਕਥ—ਉਸ ਪ੍ਰਭੂ ਦੀ ਜੋ ਬਿਆਨ ਨਹੀਂ ਹੋ ਸਕਦਾ । ਅੰਮ੍ਰਿਤ—ਪਵਿੱਤਰ । ਦੇਹ—ਸਰੀਰ ।੩। ਸੀਸੁ—ਸਿਰ, ਦਿਮਾਗ਼, ਮਨ । ਅਕਾਸਿ—ਅਕਾਸ਼ ਵਿਚ, ਉੱਚੇ ਟਿਕਾਣੇ ਤੇ, ਪ੍ਰਭੂ-ਚਰਨਾਂ ਵਿਚ ।੪। ਲਿਲਾਟਹਿ—ਮੱਥੇ ਉੱਤੇ ।੫। ਕੰਧੁ—ਸਰੀਰ । ਨ ਹਿਰੈ—(ਕਾਮਾਦਿਕ ਕੋਈ ਭੀ) ਚੁਰਾਂਦਾ ਨਹੀਂ । ਛਾਪਰਿ—ਛੱਪਰੀ, ਛੰਨ, ਕੁੱਲੀ, ਘਰ । ਸਿਹਜ—ਮੰਜਾ, ਪਲੰਘ । ਨਿਕਸਾਈ—ਕੱਢ ਦਿੱਤੀ (ਨੋਟ:- ਬਾਦਸ਼ਾਹ ਨੇ ਜੋ ਮੰਜਾ ਨਾਮਦੇਵ ਨੂੰ ਦਿੱਤਾ ਸੀ, ਉਹ ਉਸ ਨੇ ਦਰਿਆ ਵਿਚ ਸੁੱਟ ਦਿੱਤਾ । ਸ਼ਾਹ ਨੂੰ ਪਤਾ ਲੱਗਾ, ਉਸ ਨੇ ਕਿਹਾ ਕਿ ਵਾਪਸ ਕਰੋ । ਨਾਮਦੇਵ ਨੇ ਮੁੜ ਦਰਿਆ ਵਿਚੋਂ ਕੱਢ ਦਿੱਤਾ) ।੬। ਅਠਸਠਿ—ਅਠਾਹਠ ਤੀਰਥ । ਤਨਿ—ਸਰੀਰ ਉੱਤੇ । ਦੁਆਦਸ ਸੇਵਾ—ਬਾਰਾਂ ਸਿਵ-ਲਿੰਗਾਂ ਦੀ ਪੂਜਾ ।੭। ਅਠ ਦਸ—ਅਠਾਰਾਂ (ਸਿੰਮ੍ਰਿਤੀਆਂ ਦਾ ਦੱਸਿਆ ਹੋਇਆ) । ਅਠਾਰਹ ਭਾਰ—ਸਾਰੀ ਬਨਸਪਤੀ (ਦੇ ਪੱਤਰ, ਫੁੱਲ ਆਦਿਕ ਪੂਜਾ ਲਈ ਭੇਟ) । ਜਾਈ—ਥਾਂ ।੯। |
ਜਉ ਗੁਰਦੇਉ ਤ ਮਿਲੈ ਮੁਰਾਰਿ ॥ ਜਉ ਗੁਰਦੇਉ ਤ ਉਤਰੈ ਪਾਰਿ ॥ ਜਉ ਗੁਰਦੇਉ ਤ ਬੈਕੁੰਠ ਤਰੈ ॥ ਜਉ ਗੁਰਦੇਉ ਤ ਜੀਵਤ ਮਰੈ ॥੧॥ ਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ, (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ, (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ, (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ ।੧। ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥ ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥ ਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ । ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ ।੧।ਰਹਾਉ। ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥ ਜਉ ਗੁਰਦੇਉ ਨ ਦਹ ਦਿਸ ਧਾਵੈ ॥ ਜਉ ਗੁਰਦੇਉ ਪੰਚ ਤੇ ਦੂਰਿ ॥ ਜਉ ਗੁਰਦੇਉ ਨ ਮਰਿਬੋ ਝੂਰਿ ॥੨॥ ਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ, (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ, ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ, (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ ।੨। ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥ ਜਉ ਗੁਰਦੇਉ ਤ ਅਕਥ ਕਹਾਨੀ ॥ ਜਉ ਗੁਰਦੇਉ ਤ ਅੰਮ੍ਰਿਤ ਦੇਹ ॥ ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥ ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ, ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ, ਸਰੀਰ ਪਵਿੱਤਰ ਰਹਿੰਦਾ ਹੈ, (ਕਿਉਂਕਿ ਫਿਰ ਇਹ ਸਦਾ) ਨਾਮ ਜਪਦਾ ਹੈ ।੩। ਜਉ ਗੁਰਦੇਉ ਭਵਨ ਤ੍ਰੈ ਸੂਝੈ ॥ ਜਉ ਗੁਰਦੇਉ ਊਚ ਪਦ ਬੂਝੈ ॥ ਜਉ ਗੁਰਦੇਉ ਤ ਸੀਸੁ ਅਕਾਸਿ ॥ ਜਉ ਗੁਰਦੇਉ ਸਦਾ ਸਾਬਾਸਿ ॥੪॥ ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ), ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ, ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ ।੪। ਜਉ ਗੁਰਦੇਉ ਸਦਾ ਬੈਰਾਗੀ ॥ ਜਉ ਗੁਰਦੇਉ ਪਰ ਨਿੰਦਾ ਤਿਆਗੀ ॥ ਜਉ ਗੁਰਦੇਉ ਬੁਰਾ ਭਲਾ ਏਕ ॥ ਜਉ ਗੁਰਦੇਉ ਲਿਲਾਟਹਿ ਲੇਖ ॥੫॥ ਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ, ਕਿਸੇ ਦੀ ਨਿੰਦਾ ਨਹੀਂ ਕਰਦਾ, ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ । ਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ ।੫। ਜਉ ਗੁਰਦੇਉ ਕੰਧੁ ਨਹੀ ਹਿਰੈ ॥ ਜਉ ਗੁਰਦੇਉ ਦੇਹੁਰਾ ਫਿਰੈ ॥ ਜਉ ਗੁਰਦੇਉ ਤ ਛਾਪਰਿ ਛਾਈ ॥ ਜਉ ਗੁਰਦੇਉ ਸਿਹਜ ਨਿਕਸਾਈ ॥੬॥ ਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿਚ ਪੈ ਕੇ) ਛਿੱਜਦਾ ਨਹੀਂ (ਭਾਵ, ਮਨੁੱਖ ਵਿਕਾਰਾਂ ਵਿਚ ਪ੍ਰਵਿਰਤ ਨਹੀਂ ਹੁੰਦਾ, ਤੇ ਨਾ ਹੀ ਉਸ ਦੀ ਸੱਤਿਆ ਵਿਅਰਥ ਜਾਂਦੀ ਹੈ); ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸਕਦੇ, ਜਿਵੇਂ ਕਿ ਉਹ ਦੇਹੁਰਾ ਨਾਮਦੇਵ ਵਲ ਪਰਤ ਗਿਆ ਸੀ ਜਿਸ ਵਿਚੋਂ ਉਸ ਨੂੰ ਧੱਕੇ ਪਏ ਸਨ; ਗੁਰੂ ਦੀ ਸ਼ਰਨ ਪਏ ਗ਼ਰੀਬ ਨੂੰ ਰੱਬ ਆਪ ਬਹੁੜਦਾ ਹੈ ਜਿਵੇਂ ਕਿ ਨਾਮਦੇਵ ਦੀ ਕੁੱਲੀ ਬਣੀ ਸੀ; ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ ।੬। ਜਉ ਗੁਰਦੇਉ ਤ ਅਠਸਠਿ ਨਾਇਆ ॥ ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥ ਜਉ ਗੁਰਦੇਉ ਤ ਦੁਆਦਸ ਸੇਵਾ ॥ ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥ ਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ), ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ), ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ; ਉਸ ਮਨੁੱਖ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ ।੭। ਜਉ ਗੁਰਦੇਉ ਤ ਸੰਸਾ ਟੂਟੈ ॥ ਜਉ ਗੁਰਦੇਉ ਤ ਜਮ ਤੇ ਛੂਟੈ ॥ ਜਉ ਗੁਰਦੇਉ ਤ ਭਉਜਲ ਤਰੈ ॥ ਜਉ ਗੁਰਦੇਉ ਤ ਜਨਮਿ ਨ ਮਰੈ ॥੮॥ ਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ, ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ, ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ, ਜਨਮ ਮਰਨ ਤੋਂ ਬਚ ਜਾਂਦਾ ਹੈ ।੮। ਜਉ ਗੁਰਦੇਉ ਅਠਦਸ ਬਿਉਹਾਰ ॥ ਜਉ ਗੁਰਦੇਉ ਅਠਾਰਹ ਭਾਰ ॥ ਬਿਨੁ ਗੁਰਦੇਉ ਅਵਰ ਨਹੀ ਜਾਈ ॥ ਨਾਮਦੇਉ ਗੁਰ ਕੀ ਸਰਣਾਈ ॥੯॥ ਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ ਰਹਿ ਜਾਂਦੀ, ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ) । ਸਤਿਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿੱਥੇ ਮਨੁੱਖ ਜੀਵਨ ਦਾ ਸਹੀ ਰਸਤਾ ਲੱਭ ਸਕੇ), ਨਾਮਦੇਵ (ਹੋਰ ਸਭ ਆਸਰੇ-ਪਰਨੇ ਛੱਡ ਕੇ) ਗੁਰੂ ਦੀ ਸ਼ਰਨ ਪਿਆ ਹੈ ।੯। |