ਪੰਨਾ ਨ: ੧੧੬੩
ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
 
ਰੇ ਜਿਹਬਾ ਕਰਉ ਸਤਖੰਡ ॥
ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥
ਰੰਗੀ ਲੇ ਜਿਹਬਾ ਹਰਿ ਕੈ ਨਾਇ ॥
ਸੁਰੰਗ ਰੰਗੀਲੇ ਹਰਿ ਹਰਿ ਧਿਆਏ ॥੧॥ਰਹਾਉ॥

ਮਿਥਿਆ ਜਿਹਬਾ ਅਵਰੇਂ ਕਾਮ ॥
ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥
ਅਸੰਖ ਕੋਟਿ ਅਨ ਪੂਜਾ ਕਰੀ ॥
ਏਕ ਨ ਪੂਜਸਿ ਨਾਮੈ ਹਰੀ ॥੩॥
ਪ੍ਰਣਵੈ ਨਾਮਦੇਉ ਇਹੁ ਕਰਣਾ ॥
ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥
ਰੇ—ਹੇ ਭਾਈ! ਸਤ—ਸੌ । ਖੰਡ—ਟੋਟੇ । ਕਰਉ—ਮੈਂ ਕਰ ਦਿਆਂ । ਜਾਮਿ—ਜਦੋਂ ।੧। ਰੰਗੀ ਲੇ—ਮੈਂ ਰੰਗ ਲਈ ਹੈ । ਨਾਇ—ਨਾਮ ਵਿਚ । ਸੁਰੰਗ—ਸੋਹਣੇ ਰੰਗ ਨਾਲ ।੧।ਰਹਾਉ। ਮਿਥਿਆ—ਵਿਅਰਥ । ਨਿਰਬਾਣ—ਵਾਸ਼ਨਾ-ਰਹਿਤ ।੨। ਅਨ ਪੂਜਾ—ਹੋਰ ਹੋਰ (ਦੇਵਤਿਆਂ ਦੀ) ਪੂਜਾ । ਨਾਮੈ—ਨਾਮ ਦੇ ਨਾਲ ।੩। ਕਰਣਾ—ਕਰਨ-ਜੋਗ ਕੰਮ ।੪।
ਰੇ ਜਿਹਬਾ ਕਰਉ ਸਤਖੰਡ ॥ ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥
ਹੇ ਭਾਈ! ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ ਤਾਂ ਮੈਂ ਇਸ ਦੇ ਸੌ ਟੋਟੇ ਕਰ ਦਿਆਂ (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ।੧।

ਰੰਗੀ ਲੇ ਜਿਹਬਾ ਹਰਿ ਕੈ ਨਾਇ ॥ ਸੁਰੰਗ ਰੰਗੀਲੇ ਹਰਿ ਹਰਿ ਧਿਆਏ ॥੧॥ਰਹਾਉ॥

ਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ ।੧।ਰਹਾਉ।

ਮਿਥਿਆ ਜਿਹਬਾ ਅਵਰੇਂ ਕਾਮ ॥ ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥

ਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ (ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ।੨।

ਅਸੰਖ ਕੋਟਿ ਅਨ ਪੂਜਾ ਕਰੀ ॥ ਏਕ ਨ ਪੂਜਸਿ ਨਾਮੈ ਹਰੀ ॥੩॥
ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ, ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ।੩।

ਪ੍ਰਣਵੈ ਨਾਮਦੇਉ ਇਹੁ ਕਰਣਾ ॥ ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥
ਨਾਮਦੇਵ ਬੇਨਤੀ ਕਰਦਾ ਹੈ—(ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ (ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ—) 'ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ' ।੪।੧।