ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤਿਰ੍ਣ ਧਰਿ ਮੂੰਡ ਬਲਾਏ ॥੧॥ ਹਮਰੋ ਕਰਤਾ ਰਾਮੁ ਸਨੇਹੀ ॥ ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥ ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥ ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥ ਸਰਬ ਸਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥ ਕਹਾ ਭਇਓ ਦਰਿ ਬਧੇ ਹਾਥੀ ਖਿਨ ਮਹਿ ਭਈ ਪਰਾਈ ॥੩॥ ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ ਕਿਰ੍ਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥ |
ਗਹਰੀ—ਡੂੰਘੀ । ਨੀਵ—ਨੀਂਹ । ਮੰਡਪ—ਸ਼ਾਮੀਆਨੇ, ਮਹਿਲ-ਮਾੜੀਆਂ । ਛਾਏ—ਬਣਵਾਏ । ਮਾਰਕੰਡੇ— ਇਕ ਰਿਸ਼ੀ ਦਾ ਨਾਮ ਹੈ, ਬੜੀ ਲੰਮੀ ਉਮਰ ਵਾਲਾ ਸੀ, ਪਰ ਸਾਰੀ ਉਮਰ ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਗੁਜ਼ਾਰੀ । ਅਧਿਕਾਈ—ਵੱਡੀ ਲੰਮੀ ਉਮਰ ਵਾਲਾ । ਜਿਨਿ—ਜਿਸ ਨੇ । ਤ੍ਰਿਣ—ਤੀਲੇ, ਕੱਖ-ਕਾਣ । ਧਾਰਿ—ਰੱਖ ਕੇ । ਮੂੰਡ—ਸਿਰ । ਤ੍ਰਿਣ ਧਰਿ ਮੂੰਡ—ਸਿਰ ਉੱਤੇ ਕੱਖ ਰੱਖ ਕੇ, ਕੱਖਾਂ ਦੀ ਕੁੱਲੀ ਬਣਾ ਕੇ । ਬਲਾਏ—ਸਮਾ ਗੁਜ਼ਾਰਿਆ ।੧।
ਕਰਤਾ—ਕਰਤਾਰ । ਸਨੇਹੀ—ਪਿਆਰਾ, ਸਦਾ ਦਾ ਸਾਥ ਨਿਭਾਉਣ ਵਾਲਾ । ਹੇ ਨਰ—ਹੇ ਬੰਦਿਓ! ਗਰਬੁ— ਹੰਕਾਰ । ਝੂਠੀ ਦੇਹੀ—ਨਾਸਵੰਤ ਸਰੀਰ ।੧।ਰਹਾਉ।
ਕੁਰੂ— ਦਿੱਲੀ ਦੇ ਪਾਸ ਦੇ ਇਲਾਕੇ ਦਾ ਨਾਮ ਪੁਰਾਣੇ ਸਮੇ ਵਿਚ 'ਕੁਰੂ' ਸੀ । ਕੌਰਉ—{ਕੌਰਵ, ਕੌਰਵ} 'ਕੁਰੂ' ਦੇਸ ਵਿਚ ਰਾਜ ਕਰਨ ਵਾਲੇ ਰਾਜਿਆਂ ਦੀ ਸੰਤਾਨ । ਸੇ—ਵਰਗੇ । ਭਾਈ—ਭਰਾ । ਜੋਜਨ—ਚਾਰ ਕੋਹ । ਬਾਰਹ ਜੋਜਨ—ਅਠਤਾਲੀ ਕੋਹ । ਛਤ੍ਰੁ ਚਲੈ ਥਾ—ਛਤ੍ਰ ਦਾ ਪ੍ਰਭਾਵ ਸੀ, ਫ਼ੌਜਾਂ ਦਾ ਖਿਲਾਰ ਸੀ ।੨।
ਅਧਿਕਾਈ—ਵੱਡੇ ਬਲੀ । ਕਹਾ ਭਇਓ—ਆਖ਼ਰ ਕੀਹ ਬਣਿਆ? ਆਖ਼ਰ ਬਣਿਆ ਕੁਝ ਭੀ ਨਾ । ਦਰਿ—ਦਰ ਤੇ, ਬੂਹੇ ਤੇ ।੩। ਦੁਰਬਾਸਾ—ਇਕ ਤਪੀ ਸੀ, ਹੈ ਸੀ ਬੜਾ ਕਾਹਲੇ ਸੁਭਾਉ ਵਾਲਾ, ਛੇਤੀ ਹੀ ਰੁੱਸ ਕੇ ਸ੍ਰਾਪ ਦੇ ਦੇਂਦਾ ਸੀ । ਠਗਉਰੀ—ਠੱਗੀ, ਮਖ਼ੌਲ {ਕ੍ਰਿਸ਼ਨ ਜੀ ਦੀ ਕੁਲ 'ਜਾਦਵ' ਦੇ ਕੁਝ ਮੁੰਡੇ ਇਕ ਵਾਰੀ ਸਮੁੰਦਰ ਦੇ ਕੰਡੇ ਦੁਆਰਕਾ ਦੇ ਪਾਸ ਇਕ ਮੇਲੇ ਦੇ ਸਮੇ ਇਕੱਠੇ ਹੋਏ । ਉੱਥੇ ਦੁਰਬਾਸਾ ਰਿਸ਼ੀ ਤਪ ਕਰਦਾ ਸੀ, ਇਹਨਾਂ ਮੁੰਡਿਆਂ ਨੂੰ ਮਖ਼ੌਲ ਸੁੱਝਿਆ, ਇਕ ਅਨ-ਦਾੜ੍ਹੀਏ ਮੁੰਡੇ ਦੇ ਢਿੱਡ ਉੱਤੇ ਲੋਹੇ ਦੀ ਬਾਟੀ ਪੁੱਠੀ ਬੰਨ੍ਹ ਕੇ ਉਸ ਨੂੰ ਜ਼ਨਾਨੀਆਂ ਵਾਲੇ ਕੱਪੜੇ ਪਾ ਕੇ ਉਸ ਪਾਸ ਲੈ ਗਏ । ਪੁਛਿਓ ਨੇ ਕਿ ਰਿਸ਼ੀ ਜੀ! ਇਸ ਦੇ ਘਰ ਕੀਹ ਜੰਮੇਗਾ? ਦੁਰਬਾਸਾ ਤਾੜ ਗਿਆ ਕਿ ਮਸਖ਼ਰੀ ਕਰਦੇ ਹਨ, ਗੁੱਸੇ ਵਿਚ ਆ ਕੇ ਸ੍ਰਾਪ ਦਿਤੋਸੁ ਕਿ ਉਹ ਜੰਮੇਗਾ ਜੋ ਤੁਹਾਡੀ ਸਾਰੀ ਕੁਲ ਦਾ ਨਾਸ ਕਰ ਦੇਵੇਗਾ । ਸ੍ਰਾਪ ਤੋਂ ਘਬਰਾ ਕੇ ਕ੍ਰਿਸ਼ਨ ਜੀ ਦੀ ਸਲਾਹ ਨਾਲ ਉਹ ਉਸ ਬਾਟੀ ਨੂੰ ਪੱਥਰ ਤੇ ਰਗੜਦੇ ਰਹੇ ਕਿ ਇਸ ਲੋਹੇ ਦਾ ਨਿਸ਼ਾਨ ਹੀ ਮਿਟ ਜਾਏ । ਨਿੱਕਾ ਜਿਹਾ ਟੋਟਾ ਰਹਿ ਗਿਆ, ਉਹ ਸਮੁੰਦਰ ਵਿਚ ਸੁੱਟ ਦਿੱਤੋ ਨੇ । ਇਹ ਟੋਟਾ ਇਕ ਮੱਛੀ ਹੜੱਪ ਕਰ ਗਈ, ਇਕ ਮੱਛੀ ਇਕ ਸ਼ਿਕਾਰੀ ਨੇ ਫੜੀ, ਚੀਰਨ ਤੇ ਇਹ ਲੋਹੇ ਦਾ ਟੋਟਾ ਉਸ ਨੇ ਆਪਣੇ ਤੀਰ ਅੱਗੇ ਲਾ ਲਿਆ । ਜਿੱਥੇ ਬਾਟੀ ਪੱਥਰ ਤੇ ਰਗੜੀ ਸੀ, ਉੱਥੇ ਸਿਰ-ਕੰਡਾ ਉੱਗ ਪਿਆ । ਇਕ ਦਿਨ ਇਕ ਮੇਲੇ ਸਮੇ ਜਾਦਵਾਂ ਦੇ ਨੱਢੇ ਸ਼ਰਾਬ ਪੀ ਕੇ ਉਸ ਸਿਰ-ਕੰਡੇ ਵਾਲੀ ਥਾਂ ਆ ਇਕੱਠੇ ਹੋਏ । ਸ਼ਰਾਬ ਦੀ ਮਸਤੀ ਵਿਚ ਕੁਝ ਬੋਲ ਬਕਾਰਾ ਹੋ ਪਿਆ, ਗੱਲ ਵਧ ਗਈ, ਲੜਾਈ ਹੋ ਪਈ, ਉਹ ਸਿਰਕੰਡਾ ਭੀ ਪੁੱਟ ਪੁੱਟ ਕੇ ਵਰਤਿਓ ਨੇ ਤੇ ਸਾਰੇ ਹੀ ਲੜ ਮੁਏ । ਕੁਲ ਦਾ ਨਾਸ ਹੋਇਆ ਵੇਖ ਕੇ ਇਕ ਦਿਨ ਕ੍ਰਿਸ਼ਨ ਜੀ ਬਨ ਵਿਚ ਲੰਮੇ ਪਏ ਸਨ, ਗੋਡੇ ਉੱਤੇ ਦੂਜਾ ਪੈਰ ਰੱਖਿਆ ਹੋਇਆ ਸੀ । ਉਹ ਮੱਛੀ ਵਾਲਾ ਸ਼ਿਕਾਰੀ ਸ਼ਿਕਾਰ ਦੀ ਭਾਲ ਵਿਚ ਆ ਨਿਕਲਿਆ; ਦੂਰੋਂ ਵੇਖ ਕੇ ਹਰਨ ਸਮਝਿਓਸੁ, ਉਸ ਸ੍ਰਾਪੇ ਹੋਏ ਲੋਹੇ ਵਿਚੋਂ ਬਚੇ ਹੋਏ ਟੋਟੇ ਵਾਲਾ ਤੀਰ ਕੱਸ ਕੇ ਮਾਰਿਓਸੁ ਤੇ ਇਸ ਤਰ੍ਹਾਂ ਜਾਦਵ-ਕੁਲ ਦਾ ਅੰਤਲਾ ਦੀਵਾ ਭੀ ਬੁੱਝ ਗਿਆ} ।੪। |
ਹਮਰੋ ਕਰਤਾ ਰਾਮੁ ਸਨੇਹੀ ॥ ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥ ਹੇ ਬੰਦਿਓ! (ਆਪਣੇ ਸਰੀਰ ਦਾ) ਕਿਉਂ ਮਾਣ ਕਰਦੇ ਹੋ! ਇਹ ਸਰੀਰ ਨਾਸਵੰਤ ਹੈ, ਨਾਸ ਹੋ ਜਾਇਗਾ; ਅਸਾਡਾ ਅਸਲ ਪਿਆਰਾ (ਜਿਸ ਨੇ ਸਾਥ ਨਿਭਾਉਣਾ ਹੈ) ਤਾਂ ਕਰਤਾਰ ਹੈ, ਪਰਮਾਤਮਾ ਹੈ ।੧।ਰਹਾਉ। ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤਿਰ੍ਣ ਧਰਿ ਮੂੰਡ ਬਲਾਏ ॥੧॥ ਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁਟਵਾ ਕੇ ਉੱਤੇ ਮਹਿਲ-ਮਾੜੀਆਂ ਉਸਰਾਏ (ਉਹਨਾਂ ਦੇ ਭੀ ਇੱਥੇ ਹੀ ਰਹਿ ਗਏ; ਤਾਹੀਏਂ ਸਿਆਣੇ ਬੰਦੇ ਇਹਨਾਂ ਮਹਿਲ-ਮਾੜੀਆਂ ਦਾ ਭੀ ਮਾਣ ਨਹੀਂ ਕਰਦੇ; ਵੇਖੋ) ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ ।੧। ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥ ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥ ਜਿਨ੍ਹਾਂ ਕੌਰਵਾਂ ਦੇ ਦੁਰਜੋਧਨ ਵਰਗੇ (ਬਲੀ) ਭਰਾ ਸਨ, ਉਹ ਭੀ (ਇਹ ਮਾਣ ਕਰਦੇ ਰਹੇ ਕਿ) ਅਸਾਡੀ (ਪਾਤਸ਼ਾਹੀ) ਅਸਾਡੀ (ਪਾਤਸ਼ਾਹੀ), (ਪਾਂਡੋ ਕੀਹ ਲੱਗਦੇ ਹਨ ਇਸ ਧਰਤੀ ਦੇ?); (ਕੁਰਖੇਤਰ ਦੇ ਜੰਗ ਵੇਲੇ) ਅਠਤਾਲੀਆਂ ਕੋਹਾਂ ਵਿਚ ਉਹਨਾਂ ਦੀ ਸੈਨਾ ਦਾ ਖਿਲਾਰ ਸੀ (ਪਰ ਕਿੱਧਰ ਗਈ ਬਾਦਸ਼ਾਹੀ ਤੇ ਕਿੱਧਰ ਗਿਆ ਉਹ ਛਤਰ? ਕੁਰਖੇਤਰ ਦੇ ਜੰਗ ਵਿਚ) ਗਿਰਝਾਂ ਨੇ ਉਹਨਾਂ ਦੀਆਂ ਲੋਥਾਂ ਖਾਧੀਆਂ ।੨। ਸਰਬ ਸਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥ ਕਹਾ ਭਇਓ ਦਰਿ ਬਧੇ ਹਾਥੀ ਖਿਨ ਮਹਿ ਭਈ ਪਰਾਈ ॥੩॥ ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ, (ਉਸ ਦੇ ਮਹਿਲਾਂ ਦੇ) ਦਰਵਾਜ਼ੇ ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀਹ ਬਣਿਆ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ ।੩। ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥ ਕਿਰ੍ਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥ (ਸੋ, ਅਹੰਕਾਰ ਕਿਸੇ ਚੀਜ਼ ਦਾ ਭੀ ਹੋਵੇ ਉਹ ਮਾੜਾ ਹੈ; ਅਹੰਕਾਰ ਵਿਚ ਹੀ ਆ ਕੇ) ਜਾਦਵਾਂ ਨੇ ਦੁਰਬਾਸਾ ਨਾਲ ਮਸਖ਼ਰੀ ਕੀਤੀ ਤੇ ਇਹ ਫਲ ਪਾਇਓ ਨੇ (ਕਿ ਸਾਰੀ ਕੁਲ ਹੀ ਮੁੱਕ ਗਈ) । (ਪਰ ਸ਼ੁਕਰ ਹੈ) ਆਪਣੇ ਦਾਸ ਨਾਮਦੇਵ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਨਾਮਦੇਵ (ਮਾਣ ਤਿਆਗ ਕੇ) ਪਰਮਾਤਮਾ ਦੇ ਗੁਣ ਗਾਉਂਦਾ ਹੈ ।੪।੧। |