ਪੰਨਾ ਨ: ੧੧੬੪
ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
 
ਦੂਧੁ ਕਟੋਰੈ ਗਡਵੈ ਪਾਨੀ ॥
ਕਪਲ ਗਾਇ ਨਾਮੈ ਦੁਹਿ ਆਨੀ ॥੧॥
ਦੂਧੁ ਪੀਉ ਗੋਬਿੰਦੇ ਰਾਇ ॥
ਦੂਧੁ ਪੀਉ ਮੇਰੋ ਮਨੁ ਪਤੀਆਇ ॥
ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ਰਹਾਉ॥

ਸੁਇਨ ਕਟੋਰੀ ਅੰਮ੍ਰਿਤ ਭਰੀ ॥
ਲੈ ਨਾਮੈ ਹਰਿ ਆਗੈ ਧਰੀ ॥੨॥
ਏਕੁ ਭਗਤੁ ਮੇਰੇ ਹਿਰਦੇ ਬਸੈ ॥
ਨਾਮੇ ਦੇਖਿ ਨਰਾਇਨੁ ਹਸੈ ॥੩॥
ਦੂਧੁ ਪੀਆਇ ਭਗਤੁ ਘਰਿ ਗਇਆ ॥
ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥

ਕਟੋਰੈ—ਕਟੋਰੇ ਵਿਚ । ਗਡਵੈ—ਗਡਵੇ ਵਿਚ । ਕਪਲ ਗਾਇ—ਗੋਰੀ ਗਾਂ । ਦੁਹਿ—ਚੋ ਕੇ । ਆਨੀ—ਲਿਆਂਦੀ ।੧। ਗੋਬਿੰਦੇ ਰਾਇ—ਹੇ ਪਰਕਾਸ਼-ਰੂਪ ਗੋਬਿੰਦ! ਪਤੀਆਇ—ਧੀਰਜ ਆ ਜਾਏ । ਘਰ ਕੋ ਬਾਪੁ—(ਇਸ) ਘਰ ਦਾ ਪਿਉ, (ਇਸ ਸਰੀਰ-ਰੂਪ) ਘਰ ਦਾ ਮਾਲਕ, ਮੇਰਾ ਆਤਮਾ । ਰਿਸਾਇ—ਦੁਖੀ ਹੋਵੇਗਾ ।੧।ਰਹਾਉ। ਸੁਇਨ—ਸੋਨੇ ਦੀ । ਸੋਇਨ ਕਟੋਰੀ—ਸੋਨੇ ਦੀ ਕਟੋਰੀ, ਪਵਿੱਤਰ ਹੋਇਆ ਹਿਰਦਾ
(ਨੋਟ:- ਰਾਗ ਆਸਾ ਵਿਚ ਨਾਮਦੇਵ ਜੀ ਦਾ ਇਕ ਸ਼ਬਦ ਹੈ ਜਿੱਥੇ ਉਹ ਆਖਦੇ ਹਨ ਕਿ ਮਨ ਨੂੰ ਗਜ਼, ਜੀਭ ਨੂੰ ਕੈਂਚੀ ਬਣਾ ਕੇ ਮੈਂ ਜਮ ਦੀ ਫਾਹੀ ਕੱਟੀ ਜਾ ਰਿਹਾ ਹਾਂ । ਉੱਥੇ ਹੀ ਕਹਿੰਦੇ ਹਨ ਕਿ ਸੋਨੇ ਦੀ ਸੂਈ ਲੈ ਕੇ, ਉਸ ਵਿਚ ਚਾਂਦੀ ਦਾ ਧਾਗਾ ਪਾ ਕੇ, ਮੈਂ ਆਪਣਾ ਮਨ ਪ੍ਰਭੂ ਦੇ ਨਾਲ ਸੀਊਂ ਦਿੱਤਾ ਹੈ । ਸੋਨਾ ਕੀਮਤੀ ਧਾਤ ਭੀ ਹੈ ਤੇ ਸਾਰੀਆਂ ਧਾਤਾਂ ਵਿਚੋਂ ਪਵਿੱਤਰ ਭੀ ਮੰਨੀ ਗਈ ਹੈ । ਜਿਵੇਂ ਉਸ ਸ਼ਬਦ ਵਿਚ 'ਸੋਇਨੇ ਕੀ ਸੂਈ' ਦਾ ਅਰਥ ਹੈ 'ਗੁਰੂ ਦਾ ਪਵਿੱਤਰ ਸ਼ਬਦ', ਤਿਵੇਂ ਇੱਥੇ ਭੀ 'ਸੋਇਨ' ਤੋਂ 'ਪਵਿੱਤਰਤਾ' ਦਾ ਭਾਵ ਹੀ ਲੈਣਾ ਹੈ । ਦੋਹਾਂ ਸ਼ਬਦਾਂ ਦਾ ਕਰਤਾ ਇੱਕੋ ਹੀ ਹੈ) ।
ਅੰਮ੍ਰਿਤ—ਨਾਮ-ਅੰਮ੍ਰਿਤ । ਸੋਇਨ...ਭਰੀ—ਨਾਮ-ਅੰਮ੍ਰਿਤ ਨਾਲ ਭਰਪੂਰ ਪਵਿੱਤਰ ਹੋਇਆ ਹਿਰਦਾ ।੨। ਏਕੁ ਭਗਤੁ—ਅਨੰਨ ਭਗਤ । ਦੇਖਿ—ਵੇਖ ਕੇ । ਹਸੈ—ਹੱਸਦਾ ਹੈ, ਪਰਸੰਨ ਹੁੰਦਾ ਹੈ ।੩। ਘਰਿ—ਘਰ ਵਿਚ । ਘਰਿ ਗਇਆ—ਘਰ ਵਿਚ ਗਇਆ, ਸ੍ਵੈ-ਸਰੂਪ ਵਿਚ ਟਿਕ ਗਿਆ ।੪।
ਦੂਧੁ ਪੀਉ ਗੋਬਿੰਦੇ ਰਾਇ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥
ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ਰਹਾਉ॥

ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ; (ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ।੧।ਰਹਾਉ।

ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥

(ਹੇ ਗੋਬਿੰਦ ਰਾਇ! ਤੇਰੇ ਸੇਵਕ) ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ, ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ ।੧।

ਸੁਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥੨॥
ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ।੨।

ਏਕੁ ਭਗਤੁ ਮੇਰੇ ਹਿਰਦੇ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥
ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ ਖ਼ੁਸ਼ ਹੁੰਦਾ ਹੈ (ਤੇ ਆਖਦਾ ਹੈ—) ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ ।੩।

ਦੂਧੁ ਪੀਆਇ ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥

(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ, (ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ ।੪।੩।