ਪੰਨਾ ਨ: ੧੧੯੬
ਬਸੰਤੁ ਬਾਣੀ ਨਾਮਦੇਉ ਜੀ ਕੀ
ੴ ਸਤਿਗੁਰ ਪ੍ਰਸਾਦਿ ॥
 
ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥
ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥
ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥
ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥

ਧੋਬੀ ਧੋਵੈ ਬਿਰਹ ਬਿਰਾਤਾ ॥
ਹਰਿ ਚਰਨ ਮੇਰਾ ਮਨੁ ਰਾਤਾ ॥੨॥
ਭਣਤਿ ਨਾਮਦੇਉ ਰਮਿ ਰਹਿਆ ॥
ਅਪਨੇ ਭਗਤ ਪਰ ਕਰਿ ਦਇਆ ॥੩॥੩॥
ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥੧॥ਰਹਾਉ॥ ਲਫ਼ਜ਼ 'ਜੈਸੇ' ਯੋਜਕ (Conjunction) ਹੈ । ਇਹ ਦੱਸਦਾ ਹੈ ਕਿ ਇਹ ਪਹਿਲੀ ਤੁਕ ਆਪਣੇ ਆਪ ਵਿਚ ਸੰਪੂਰਣ ਵਾਕ ਨਹੀਂ ਹੈ; ਦੂਜੀ ਤੁਕ ਦੇ ਮੁੱਢ ਤੇ ਲਫ਼ਜ਼ 'ਤੈਸੇ' ਵਰਤਿਆਂ ਸੰਪੂਰਣ ਵਾਕ ਇਉਂ ਬਣੇਗਾ: ਜੈਸੇ (ਧੂੜਿ ਮਣੀ ਗਾਡੀ ਨੂੰ) ਥ੍ਰੂਟਿਟਿ (ਆਖ ਆਖ ਕੇ) (ਹਿੱਕਣ ਵਾਲੀ) ਪਨਕਤ (ਵਲ) ਹਾਂਕਤੀ (ਹੈ), (ਤੈਸੇ) ਲਾਡੁਲੀ ਸਰਿ ਧੋਵਨ ਚਾਲੀ ।
ਜਿਸ ਸ਼ਬਦ ਦਾ ਹੁਣ ਅਰਥ ਕਰ ਰਹੇ ਹਾਂ, ਇਸ ਵਿਚ ਭੀ ਨਾਮਦੇਵ ਜੀ ਉੱਪਰ-ਵਰਗੇ ਖ਼ਿਆਲ ਸਾਮ੍ਹਣੇ ਰੱਖ ਕੇ ਸੁਲੱਖਣੇ ਰੱਬੀ ਧੋਬੀ ਦਾ ਉਪਕਾਰ ਬਿਆਨ ਕਰ ਰਹੇ ਹਨ । ਮੁੜ ਸ਼ਬਦ ਦੀਆਂ "ਰਹਾਉ" ਦੀਆਂ ਤੁਕਾਂ ਨੂੰ ਪੜ੍ਹੀਏ: ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥੧॥ਰਹਾਉ॥
ਧੋਬੀ ਸਵੇਰੇ ਉੱਠ ਕੇ ਕੱਪੜੇ ਧੋਣ ਲਈ ਕਿਸੇ ਨੇੜੇ ਦੇ ਸਰ ਆਦਿਕ ਉੱਤੇ ਜਾਂਦਾ ਹੈ । ਉਸ ਦੀ ਧੋਬਣ ਘਰ ਦਾ ਕੰਮ-ਕਾਜ ਸੰਭਾਲ ਕੇ ਬਾਕੀ ਰਹਿੰਦੇ ਕੱਪੜੇ ਗੱਡੀ ਆਦਿਕ ਤੇ ਲੱਦ ਲੈਂਦੀ ਹੈ ਤੇ ਉਹ ਭੀ ਆਪਣੇ ਧੋਬੀ ਪਾਸ ਉਸੇ ਸਰ ਤੇ ਚਲੀ ਜਾਂਦੀ ਹੈ । ਜਗਤ ਦੇ ਜੀਵਾਂ ਦੇ ਮਨ, ਮਾਨੋ, ਵਿਕਾਰਾਂ ਤੇ ਹਉਮੈ ਦੀ ਮੈਲ ਨਾਲ ਮੈਲੇ ਹੋਏ ਹੋਏ ਕੱਪੜੇ ਹਨ; ਜਿਵੇਂ ਧੋਬਣ ਕੱਪੜੇ ਧੁਆਉਣ ਲਈ ਪਾਣੀ ਦੇ ਘਾਟ ਵਲ ਮੈਲੇ ਕੱਪੜਿਆਂ ਦੀ ਗੱਡੀ ਨੂੰ ਹਿੱਕਦੀ ਜਾਂਦੀ ਹੈ, ਇਸੇ ਤਰ੍ਹਾਂ ਕੋਈ ਲਾਡੁਲੀ (ਪ੍ਰੇਮਣ) ਜੀਵ-ਇਸਤ੍ਰੀ ਗੁਰੂ-ਧੋਬੀ ਦੇ ਸਰ ਤੇ ਜਾਂਦੀ ਹੈ । ਧੋਬੀ ਹੋਣ ਵਿਚ ਕਿਹੜਾ ਮਿਹਣਾ ਹੈ?
"ਰਹਾਉ" ਦੀਆਂ ਤੁਕਾਂ ਦਾ ਵਾਰਤਕ-ਰੂਪ ਤਾਂ ਪਹਿਲਾਂ ਦਿੱਤਾ ਗਿਆ ਹੈ, ਇਹਨਾਂ ਲਫ਼ਜ਼ਾਂ ਵਿਚ ਕੇਵਲ ਇਕ ਲਫ਼ਜ਼ "ਪਨਕਤ" ਦਾ ਅਰਥ ਸਮਝਣਾ ਜ਼ਰੂਰੀ ਹੈ, ਬਾਕੀ ਦੀ ਤੁਕ ਸਾਫ਼ ਹੋ ਜਾਇਗੀ ।
ਇਹ ਅਸੀ ਵੇਖ ਚੁਕੇ ਹਾਂ ਕਿ ਇਸ ਸ਼ਬਦ ਵਿਚ ਨਾਮਦੇਵ ਜੀ ਆਪਣੇ ਧੋਬੀ-ਪਨ ਦਾ ਜ਼ਿਕਰ ਕਰ ਕੇ ਸੁਲੱਖਣੇ ਧੋਬੀ ਦੀ ਵਡਿਆਈ ਕਰ ਰਹੇ ਹਨ । ਧੋਬੀ ਦੇ ਨਾਲ ਸਧਾਰਨ ਹੀ ਪਾਣੀ ਦੇ ਘਾਟ ਦਾ ਸੰਬੰਧ ਹੈ । ਸੋ 'ਪਨਕਤ' ਅਸਲ ਵਿਚ 'ਪਨਘਟ' (ਪਾਨੀ ਦੀ ਘਾਟ) ਹੈ । ਅੱਖਰ ਕ, ਖ, ਗ, ਘ ਦਾ ਉੱਚਾਰਣ-ਅਸਥਾਨ ਇੱਕੋ ਹੀ (ਸੰਘ) ਹੈ, ਸਮਾਸੀ ਸ਼ਬਦ ਵਿਚ 'ਘ' ਦਾ ਉਚਾਰਣ ਰਤਾ ਔਖਾ ਹੋਣ ਕਰਕੇ 'ਕ' ਵਰਤਿਆ ਗਿਆ ਹੈ । 'ਟ' ਤੋਂ 'ਤ' ਬਣ ਜਾਣਾ ਭੀ ਬੜੀ ਸਧਾਰਨ ਗੱਲ ਹੈ, ਬੱਚੇ 'ਰੋਟੀ' ਦੇ ਥਾਂ 'ਲੋਤੀ' ਆਖ ਲੈਂਦੇ ਹਨ ।
ਸੋ, ਇਹ ਸਾਰਾ ਲਫ਼ਜ਼ 'ਪਨਕਤ' ਵਰਤੋਂ ਵਿਚ ਆ ਗਿਆ ਹੈ । ਇਸ ਦਾ ਸੰਬੰਧ ਭੀ ਸਾਫ਼ ਢੁੱਕਦਾ ਹੈ ।
'ਤ'—ਵਰਗ ਤੋਂ 'ਟ'—ਵਰਗ ਅਤੇ 'ਟ'—ਵਰਗ ਤੋਂ 'ਤ'—ਵਰਗ ਬਣ ਜਾਣ ਦੀਆਂ ਹੋਰ ਭੀ ਮਿਸਾਲਾਂ ਮਿਲਦੀਆਂ ਹਨ:- ਸੰਸਕ੍ਰਿਤ ਪ੍ਰਾਕ੍ਰਿਤ ਪੰਜਾਬੀ ਸੁਖਦ ਸੁਹਦ ਸੁਹੰਢਣਾ ਸਥਾਨ ਠਾਣ ਠਾਉਂ, ਥਾਂ ਵਰਤੁਲ ਵਟੁਅ ਬਟੂਆ ਧ੍ਰਿਸ਼ਟ ਢੀਠ ਦੰਡ: ਡੰਡਾ ਇਸ ਸ਼ਬਦ ਵਿਚ ਧੋਬੀ ਦੀ ਕਿਰਤ ਦਾ ਜ਼ਿਕਰ ਕਰ ਕੇ ਆਤਮਕ ਉਪਦੇਸ਼ ਦੇਣ ਦੇ ਕਾਰਨ ਕਵਿਤਾ ਦਾ ਸ਼ਲੇਸ਼ ਅਲੰਕਾਰ ਭੀ ਵਰਤਿਆ ਹੋਇਆ ਹੈ । ਲਫ਼ਜ਼ 'ਧੂੜਿਮਣੀ ਗਾਡੀ' ਨੂੰ 'ਧੋਬਣ' ਦੇ ਨਾਲ ਵਰਤਣ ਵੇਲੇ ਇਸ ਦਾ ਅਰਥ ਕਰਨਾ ਹੈ 'ਮੈਲੇ ਕੱਪੜਿਆਂ ਦੀ ਭਰੀ ਹੋਈ ਗੱਡੀ'; ਜਦੋਂ ਇਸ ਨੂੰ 'ਧੋਬੀ'-ਗੁਰੂ ਦੇ ਨਾਲ ਵਰਤਾਂਗੇ, ਤਾਂ 'ਲਾਡੁਲੀ' ਪ੍ਰੇਮਣ ਜੀਵ-ਇਸਤ੍ਰੀ ਦੇ ਨਾਲ ਇਸ ਦਾ ਅਰਥ ਹੋਵੇਗਾ 'ਇਹ ਮਿੱਟੀ ਦੀ ਗੱਡੀ, ਸਰੀਰ' ।
ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥ ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥
(ਜਿਵੇਂ) ਪਹਿਲਾਂ (ਭਾਵ, ਅੱਗੇ ਅੱਗੇ) ਮੈਲੇ ਕੱਪੜਿਆਂ ਨਾਲ ਲੱਦੀ ਹੋਈ ਗੱਡੀ ਸਹਿਜੇ ਸਹਿਜੇ ਤੁਰੀ ਜਾਂਦੀ ਹੈ, ਅਤੇ ਪਿੱਛੇ ਪਿੱਛੇ (ਧੋਬਣ) ਸੋਟੀ ਲੈ ਕੇ ਹਿੱਕਦੀ ਜਾਂਦੀ ਹੈ; (ਤਿਵੇਂ ਪਹਿਲਾਂ ਇਹ ਆਲਸੀ ਸਰੀਰ ਸਹਿਜੇ ਸਹਿਜੇ ਟੁਰਦਾ ਹੈ, ਪਰ 'ਲਾਡੁਲੀ' ਇਸ ਨੂੰ ਪ੍ਰੇਮ ਆਦਿਕ ਨਾਲ ਪ੍ਰੇਰਦੀ ਹੈ) ।੧।

ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥

ਜਿਵੇਂ (ਧੋਬਣ) (ਉਸ ਗੱਡੀ ਨੂੰ) ਪਾਣੀ ਦੇ ਘਾਟ ਵਲ 'ਥ੍ਰੂਟਿਟਿ' ਆਖ ਆਖ ਕੇ ਹਿੱਕਦੀ ਹੈ, ਅਤੇ ਸਰ ਉੱਤੇ (ਧੋਬੀ ਦੀ) ਲਾਡਲੀ (ਇਸਤ੍ਰੀ) (ਕੱਪੜੇ) ਧੋਣ ਲਈ ਜਾਂਦੀ ਹੈ, ਤਿਵੇਂ ਪ੍ਰੇਮਣ (ਜੀਵ-ਇਸਤ੍ਰੀ) ਸਤਸੰਗ ਸਰੋਵਰ ਉੱਤੇ (ਮਨ ਨੂੰ) ਧੋਣ ਲਈ ਜਾਂਦੀ ਹੈ ।੧।ਰਹਾਉ।

ਧੋਬੀ ਧੋਵੈ ਬਿਰਹ ਬਿਰਾਤਾ ॥ ਹਰਿ ਚਰਨ ਮੇਰਾ ਮਨੁ ਰਾਤਾ ॥੨॥

ਪਿਆਰ ਵਿਚ ਰੰਗਿਆ ਹੋਇਆ ਧੋਬੀ (-ਗੁਰੂ ਸਰੋਵਰ ਤੇ ਆਈਆਂ ਜਗਿਆਸੂ-ਇਸਤ੍ਰੀਆਂ ਦੇ ਮਨ) ਪਵਿੱਤਰ ਕਰ ਦੇਂਦਾ ਹੈ; (ਉਸੇ ਗੁਰੂ-ਧੋਬੀ ਦੀ ਮਿਹਰ ਦਾ ਸਦਕਾ) ਮੇਰਾ ਮਨ (ਭੀ) ਅਕਾਲ ਪੁਰਖ ਦੇ ਚਰਨਾਂ ਵਿਚ ਰੰਗਿਆ ਗਿਆ ਹੈ ।੨।

ਭਣਤਿ ਨਾਮਦੇਉ ਰਮਿ ਰਹਿਆ ॥ ਅਪਨੇ ਭਗਤ ਪਰ ਕਰਿ ਦਇਆ ॥੩॥੩॥

ਸਤਿਗੁਰੂ ਨਾਮਦੇਵ ਜੀ ਆਖਦੇ ਹਨ - ਉਹ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ, ਅਤੇ ਆਪਣੇ ਭਗਤਾਂ ਉੱਤੇ (ਇਸੇ ਤਰ੍ਹਾਂ, ਭਾਵ, ਗੁਰੂ ਦੀ ਰਾਹੀਂ) ਮਿਹਰ ਕਰਦਾ ਰਹਿੰਦਾ ਹੈ ।੩।