ਪੰਨਾ ਨ: ੬੯੩-੯੪
ਰਾਗੁ ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ  
ੴ ਸਤਿਗੁਰ ਪ੍ਰਸਾਦਿ ॥
 
 
ਪਹਿਲ ਪੁਰੀਏ ਪੁੰਡਰਕ ਵਨਾ ॥
ਤਾ ਚੇ ਹੰਸਾ ਸਗਲੇ ਜਨਾਂ ॥
ਕ੍ਰਿਸਨਾ ਤੇ ਜਾਨਊ
ਹਰਿ ਹਰਿ ਨਾਚੰਤੀ ਨਾਚਨਾ ॥੧॥
ਪਹਿਲ ਪੁਰਸਾਬਿਰਾ ॥
ਅਥੋਨ ਪੁਰਸਾਦਮਰਾ ॥
ਅਸਗਾ ਅਸ ਉਸਗਾ ॥
ਹਰਿ ਕਾ ਬਾਗਰਾ
ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

ਨਾਚੰਤੀ ਗੋਪੀ ਜੰਨਾ ॥
ਨਈਆ ਤੇ ਬੈਰੇ ਕੰਨਾ ॥
ਤਰਕੁ ਨ ਚਾ ॥
ਭ੍ਰਮੀਆ ਚਾ ॥
ਕੇਸਵਾ ਬਚਉਨੀ
ਅਈਏ ਮਈਏ ਏਕ ਆਨ ਜੀਉ ॥੨॥
ਪਿੰਧੀ ਉਭਕਲੇ ਸੰਸਾਰਾ ॥
ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
ਤੂ ਕੁਨੁ ਰੇ ॥
ਮੈ ਜੀ ॥
ਨਾਮਾ ॥
ਹੋ ਜੀ ॥
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

ਪਹਿਲ ਪੁਰੀਏ—ਪਹਿਲਾਂ ਪਹਿਲ । {ਪੁਰਾ ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ 'ਪਹਿਲਾਂ'} । ਪੁੰਡਰਕ ਵਨਾ—ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ । ਪੁੰਡਰਕ—{पुंडरीक} ਚਿੱਟਾ ਕੌਲ ਫੁੱਲ । ਤਾ ਚੇ—ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ । ਸਗਲੇ ਜਨਾਂ—ਸਾਰੇ ਜੀਅ ਜੰਤ । ਕ੍ਰਿਸਨਾ —ਮਾਇਆ । ਤੇ—ਤੋਂ । ਜਾਨਊ—ਜਾਣੋ, ਸਮਝੋ । ਹਰਿ ਕ੍ਰਿਸਨਾ—ਪ੍ਰਭੂ ਦੀ ਮਾਇਆ । ਹਰਿ ਨਾਚਨਾ—ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) । ਨਾਚੰਤੀ—ਨੱਚ ਰਹੀ ਹੈ ।੧।
ਪੁਰਸਾਬਿਰਾ
—ਪੁਰਸ-ਆਬਿਰਾ । ਪੁਰਸ—ਪਰਮਾਤਮਾ । ਆਬਿਰਾ—ਪਰਗਟ (ਹੋਇਆ) । ਆਬਿਰ ਭੂ— {ਆਵਿਰ ਭੁ } ਪਰਗਟ ਹੋਣਾ । ਅਥੋਨ—ਉਸ ਤੋਂ ਪਿਛੋਂ, ਫਿਰ । ਪੁਰਸਾਦਮਰਾ—ਪੁਰਸ਼ਾਤ-ਅਮਰਾ, ਪੁਰਸ਼ ਤੋਂ ਮਾਇਆ । ਅਮਰਾ—ਮਾਇਆ, ਕੁਦਰਤ । ਅਸ ਗਾ—ਇਸ ਦਾ । ਅਸ—ਅਤੇ । ਉਸ ਗਾ—ਉਸ ਦਾ । ਬਾਗਰਾ—ਸੋਹਣਾ ਜਿਹਾ ਬਾਗ਼ । ਪਿੰਧੀ—ਟਿੰਡਾਂ । ਸਾਗਰਾ—ਸਮੁੰਦਰ, ਪਾਣੀ ।੧।ਰਹਾਉ।
ਗੋਪੀ ਜੰਨਾ—ਇਸਤ੍ਰੀਆਂ ਅਤੇ ਮਰਦ । ਨਈਆ—ਨਾਇਕ, ਪਰਮਾਤਮਾ । ਤੇ—ਤੋਂ । ਬੈਰੇ—ਵੱਖਰੇ । ਕੰਨਾ—ਕੋਈ ਨਹੀਂ । ਕੇਸਵਾ ਬਚਉਨੀ—ਕੇਸ਼ਵ ਦੇ ਬਚਨ ਹੀ । ਅਈਏ ਮਈਏ—ਇਸਤ੍ਰੀ ਮਰਦ ਵਿਚ । ਅਈਆ—{ਅਯਾਲ਼} ਇਸਤ੍ਰੀ । ਮਈਆ {ਮਯਲ਼} ਮਨੁੱਖ । ਏਕ ਆਨ—{ਓਕਾਯਨ—ਇਕ ਅਯਨ । ਅਯਨ— ਰਸਤਾ} ਇੱਕੋ ਰਾਹੇ, ਇੱਕ-ਰਸ ।੨।
ਉਭਕਲੇ—ਡੁਬਕੀਆਂ । ਸੰਸਾਰਾ—ਸੰਸਾਰ (ਸਮੁੰਦਰ) ਵਿਚ । ਭ੍ਰਮਿ ਭ੍ਰਮਿ—ਭਟਕ ਭਟਕ ਕੇ । ਤੁਮ ਚੇ—ਤੇਰੇ । ਚੇ—ਦੇ । ਰੇ—ਹੇ ਭਾਈ! ਕੁਨੁ—ਕੌਣ? ਜੀ—ਹੇ (ਪ੍ਰਭੂ) ਜੀ! ਆਲਾ—ਆਲਯ, ਘਰ, ਜਗਤ ਦਾ ਜੰਜਾਲ । ਨਿਵਾਰਣਾ—ਬਚਾ ਲੈ । ਜਮ ਕਾਰਣਾ—ਜਮਾਂ (ਦੇ ਡਰ) ਦਾ ਕਾਰਨ ।

ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥
ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {"ਆਪੀਨੈ੍ ਆਪੁ ਸਾਜਿਓ, ਆਪੀਨੈ੍ ਰਚਿਓ ਨਾਉ"} । ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) ("ਦੁਯੀ ਕੁਦਰਤਿ ਸਾਜੀਐ") । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) ("ਕਰਿ ਆਸਣੁ ਡਿਠੋ ਚਾਉ") । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।

ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥
ਕ੍ਰਿਸਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥

ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ । ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ । ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ।੧।

ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥
ਤਰਕੁ ਨ ਚਾ ॥ ਭ੍ਰਮੀਆ ਚਾ ॥
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥

ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ । (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ । ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।

ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ । ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ । ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ । ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ।੩, ੪।