ਪੰਨਾ ਨ: ੧੨੯੨
ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
 
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥
ਤੂ ਨ ਬਿਸਾਰੇ ਰਾਮਈਆ ॥ ੧ ॥ ਰਹਾਉ ॥

ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥ ੧ ॥
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥ ੨ ॥
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈ ਅਤਿਭੁਜ ਭਇਓ ਅਪਾਰਲਾ ॥
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥ ੩ ॥ ੨ ॥

ਨ ਬਿਸਾਰੇ—ਨ ਬਿਸਾਰਿ । ਰਾਮਈਆ—ਹੇ ਸੁਹਣੇ ਰਾਮ! ।੧। ਆਲਾਵੰਤੀ—(ਆਲਯ—ਘਰ, ਉੱਚਾ ਘਰ, ਉੱਚੀ ਜਾਤ) । ਭ੍ਰਮੁ—ਵਹਿਮ, ਭੁਲੇਖਾ । ਕੋਪਿਲਾ—ਕੋਪ ਕੀਤਾ ਹੈ, ਗੁੱਸੇ ਹੋ ਗਏ ਹਨ । ਸੂਦੁ—ਸ਼ੂਦਰ । ਮਾਰਿ—ਮਾਰ ਕੁਟਾਈ ਕਰ ਕੇ । ਕਹਾ ਕਰਉ—ਮੈਂ ਕੀਹ ਕਰਾਂ? । ਬਾਪ ਬੀਠੁਲਾ—ਹੇ ਬੀਠੁਲਾ— ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ।੧। ਜਉ—ਜੇ । ਕੋਇਲਾ—ਕੋਈ ਭੀ । ਪੰਡੀਆ—ਪਾਂਡਤ,ਪੁਜਾਰੀ । ਮੋ ਕਉ—ਮੈਨੂੰ । ਢੇਢ—ਨੀਚ । ਪੈਜ— ਇੱਜ਼ਤ । ਪਿਛੰਉਡੀ ਹੋਇਲਾ—ਪਿਛੇਤਰੀ ਹੋ ਰਹੀ ਹੈ, ਪਿੱਛੇ ਪੈ ਰਹੀ ਹੈ, ਘਟ ਗਈ ਹੈ ।੨। ਅਤਿਭੁਜ—ਵੱਡੀਆਂ ਭੁਜਾਂ ਵਾਲਾ, ਬਹੁਤ ਬਲੀ । ਅਪਾਰਲਾ—ਬੇਅੰਤ । ਨਾਮੇ ਕਉ—ਨਾਮਦੇਵ ਵਲ । ਪੰਡੀਅਨ ਕਉ—ਪਾਂਡਤਾਂ ਵਲ, ਪੁਜਾਰੀਆਂ ਵਲ । ਪਿਛਵਾਰਲਾ—ਪਿਛਲਾ ਪਾਸਾ, ਪਿੱਠ ।੩।
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ਤੂ ਨ ਬਿਸਾਰੇ ਰਾਮਈਆ ॥ ੧ ॥ ਰਹਾਉ ॥
ਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ, ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ ।੧।ਰਹਾਉ।॥

ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥
(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ;

ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥ ੧ ॥
ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ ।੧।

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥ ੨ ॥

ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ;
ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ।੨।

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈ ਅਤਿਭੁਜ ਭਇਓ ਅਪਾਰਲਾ ॥
(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ । (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?)

ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥ ੩ ॥ ੨ ॥
(ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ ।੩।੨।