ਪੰਨਾ ਨ: ੫੨੫
ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧
ੴ ਸਤਿਗੁਰ ਪ੍ਰਸਾਦਿ ॥
 
 
ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥ ੧ ॥
ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥ ੧ ॥  ਰਹਾਉ ॥
ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥
ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ  ॥ ੨ ॥
ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥ ੩ ॥ ੨ ॥

ਮਲੈ— ਮੈਲ ਦਾ । ਲਾਛੈ— ਦਾਗ਼, ਨਿਸ਼ਾਨ । ਪਾਰਮਲੋ—ਮਲ- ਰਹਿਤ । ਪਰਮਲੀਓ—ਸੁਗੰਧੀ । ਆਕੁਲੁ—ਜਿਸ ਦੀ ਕੁਲ ਚਾਰ ਚੁਫੇਰੇ ਹੈ, ਸਰਬ-ਵਿਆਪਕ ।੧।ਰਹਾਉ। ਨਿਰਖਿਓ ਨ ਜਾਈ—ਵੇਖਿਆ ਨਹੀਂ ਜਾ ਸਕਦਾ । ਮਾਝੈ—ਵਿਚ । ਆਕਾਸੈ—ਆਕਾਸ਼ ਵਿਚ, ਖੁਲ੍ਹੇ ਥਾਂ, ਮੈਦਾਨ ਵਿਚ । ਘੜੂਅਲੋ—ਪਾਣੀ ਦਾ ਘੜਾ, (ਭਾਵ, ਪਾਣੀ) । ਮ੍ਰਿਗ ਤ੍ਰਿਸਨਾ—ਠਗ-ਨੀਰਾ, ਉਹ ਪਾਣੀ ਜੋ ਤਿਹਾਏ ਹਰਨ ਨੂੰ ਰੇਤਲੇ ਥਾਂ ਜਾਪਦਾ ਹੈ ਮ੍ਰਿਗ—ਹਰਨ । ਤ੍ਰਿਸਨਾ—ਪਿਆਸ । ਮ੍ਰਿਗ ਤ੍ਰਿਸਨਾ ਘੜੂਅਲੋ—ਤਿਹਾਏ ਹਰਨ ਦਾ ਪਾਣੀ, ਮ੍ਰਿਗਤ੍ਰਿਸਨਾ ਦਾ ਜਲ । ਚੇ—ਦੇ । ਬੀਠਲੋ( वि- स्थल )—ਮਾਇਆ ਤੋਂ ਨਿਰਲੇਪ ਪ੍ਰਭੂ । ਤੀਨੈ—ਤਿੰਨੇ ਤਾਪ —ਆਧਿ, ਵਿਆਧਿ, ਉਪਾਧਿ (ਮਾਨਸਕ ਰੋਗ, ਸਰੀਰਕ ਰੋਗ, ਝਗੜੇ ਆਦਿਕ) ਤੰਨੇ ਤਾਪ ਮਨੁੱਖ (ਦੇ ਆਤਮਕ ਜੀਵਨ) ਨੂੰ ਸਾੜਦੇ ਰਹਿੰਦੇ ਹਨ ।। ਜਰਿਆ—ਸਾੜ ਦਿੱਤੇ ਹਨ ।੩।

ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥ ੧ ॥

ਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਰਾਮ ਤਾਂ ਸੁਗੰਧੀ (ਵਾਂਗ) ਸਭ ਜੀਵਾਂ ਵਿਚ ਆ ਕੇ ਵੱਸਦਾ ਹੈ, (ਭਾਵ, ਜਿਵੇਂ ਸੁਗੰਧੀ ਫੁੱਲਾਂ ਵਿਚ ਹੈ) । ਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ ।੧।

ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥ ੧ ॥  ਰਹਾਉ ॥
ਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਭੀ (ਉਸ ਦਾ ਮੁਕੰਮਲ ਸਰੂਪ) ਬਿਆਨ ਨਹੀਂ ਕਰ ਸੱਕਆ, ਨ ਹੀਂ ਸਮਝਿਆ ।੧।ਰਹਾਉ।

ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥
ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ  ॥ ੨ ॥

ਜਿਵੇਂ ਆਕਾਸ਼ ਵਿਚ ਪੰਛੀ ਉੱਡਦਾ ਹੈ, ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ; ਜਿਵੇਂ ਮੱਛੀ ਪਾਣੀ ਵਿਚ ਤਰਦੀ ਹੈ, ਪਰ (ਜਿਸ ਰਸਤੇ ਤਰਦੀ ਹੈ) ਉਹ ਰਾਹ ਵੇਖਿਆ ਨਹੀਂ ਜਾ ਸਕਦਾ (ਭਾਵ, ਅੱਖਾਂ ਅੱਗੇ ਕਾਇਮ ਨਹੀਂ ਕੀਤਾ ਜਾ ਸਕਦਾ, ਤਿਵੇਂ ਉਸ ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ) ।੨।

ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥ ੩ ॥ ੨ ॥

ਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ (ਅਗਾਂਹ ਅਗਾਂਹ ਤੁਰੇ ਜਾਈਏ, ਪਰ ਉਸ ਦਾ ਟਿਕਾਣਾ ਲੱਭਦਾ ਨਹੀਂ, ਇਸੇ ਤਰ੍ਹਾਂ ਪ੍ਰਭੂ ਦਾ ਖ਼ਾਸ ਟਿਕਾਣਾ ਨਹੀਂ ਲੱਭਦਾ; ਉਂਞ) ਨਾਮਦੇਵ ਦੇ ਖਸਮ ਬੀਠਲ ਜੀ ਐਸੇ ਹਨ ਜਿਸ ਨੇ ਮੇਰੇ ਤਿੰਨੇ ਤਾਪ (ਮਾਨਸਕ ਰੋਗ, ਸਰੀਰਕ ਰੋਗ, ਝਗੜੇ ਆਦਿਕ) ਖਤਮ ਕਰ ਦਿੱਤੇ ਹਨ ।੩।੨।