ਪੰਨਾ ਨ: ੭੧੮
ਰਾਗੁ ਟੋਡੀ ਸ੍ਰੀ ਨਾਮਦੇਉ ਜੀ 
ੴ ਸਤਿਗੁਰ ਪ੍ਰਸਾਦਿ ॥
 
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥

ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ॥੧॥
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥

ਕਉਨ ਕੋ—ਕਿਸ (ਮਨੁੱਖ) ਦਾ? ਕਲੰਕੁ—ਪਾਪ । ਕਉਨ...ਰਹਿਓ—ਕਿਸ ਮਨੁੱਖ ਦਾ ਪਾਪ ਰਹਿ ਗਿਆ? ਕਿਸੇ ਮਨੁੱਖ ਦਾ ਕੋਈ ਪਾਪ ਨਹੀਂ ਰਹਿ ਜਾਂਦਾ । (ਪਤਿਤ—ਵਿਕਾਰਾਂ ਵਿਚ) ਡਿੱਗੇ ਹੋਏ ਬੰਦੇ । ਭਏ—ਹੋ ਜਾਂਦੇ ਹਨ ।੧।ਰਹਾਉ।
ਰਾਮ ਸੰਗਿ—ਨਾਮ ਦੀ ਸੰਗਤਿ ਵਿਚ, ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ । ਜਨ ਕਉ—ਦਾਸ ਨੂੰ । ਪ੍ਰਤਗਿਆ—ਨਿਸ਼ਚਾ । ਰਹੈ—ਰਹਿ ਗਿਆ ਹੈ, ਕੋਈ ਲੋੜ ਨਹੀਂ ਰਹੀ । ਕਾਹੇ ਕਉ—ਕਾਹਦੇ ਵਾਸਤੇ? ਜਾਂਈ—ਮੈਂ ਜਾਵਾਂ ।੧।
ਭਨਤਿ—ਆਖਦਾ ਹੈ । ਸੁਕ੍ਰਿਤ—ਚੰਗੀ ਕਰਣੀ ਵਾਲੇ । ਸੁਮਤਿ—ਚੰਗੀ ਮਤ ਵਾਲੇ । ਗੁਰਮਤਿ—ਗੁਰੂ ਦੀ ਮਤ ਲੈ ਕੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ । ਰਾਮੁ ਕਹਿ—ਪ੍ਰਭੂ ਦਾ ਨਾਮ ਸਿਮਰ ਕੇ । ਕੋ ਕੋ ਨ—ਕੌਣ ਕੋਣ ਨਹੀਂ? (ਭਾਵ, ਹਰੇਕ ਜੀਵ) । ਬੈਕੁੰਠਿ—ਬੈਕੁੰਠ ਵਿਚ, ਪ੍ਰਭੂ ਦੇ ਦੇਸ ਵਿਚ ।੨।

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਸਿਮਰਿਆਂ ਕਿਸੇ ਜੀਵ ਦਾ (ਭੀ) ਕੋਈ ਪਾਪ ਨਹੀਂ ਰਹਿ ਜਾਂਦਾ; ਵਿਕਾਰਾਂ ਵਿੱਚ ਨਿੱਘਰੇ ਹੋਏ ਬੰਦੇ ਭੀ ਪ੍ਰਭੂ ਦਾ ਭਜਨ ਕਰ ਕੇ ਪਵਿੱਤਰ ਹੋ ਜਾਂਦੇ ਹਨ ।੧।ਰਹਾਉ।

ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ॥੧॥
ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ ਕਿ ਕਿਸੇ ਇਕਾਦਸ਼ੀ (ਆਦਿਕ) ਵਰਤ ਦੀ ਲੋੜ ਨਹੀਂ; ਤੇ ਮੈਂ ਤੀਰਥਾਂ ਉੱਤੇ (ਭੀ ਕਿਉਂ) ਜਾਵਾਂ? ।੧।

ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥ ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥

ਨਾਮਦੇਵ ਜੀ ਆਖਦੇ ਹਨ—ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ, ਪ੍ਰਭੂ ਦਾ ਨਾਮ ਸਿਮਰ ਕੇ ਸਭ ਜੀਵ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦੇ ਹਨ, (ਕਿਉਂਕਿ ਨਾਮ ਦੀ ਬਰਕਤਿ ਨਾਲ ਜੀਵ) ਚੰਗੀ ਕਰਣੀ ਵਾਲੇ ਅਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ ।੨।