ਪੰਨਾ ਨ: ੧੩੫੦
ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ
ੴ ਸਤਿਗੁਰ ਪ੍ਰਸਾਦਿ ॥
 
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥
ਬੇਧੀਅਲੇ ਗੋਪਾਲ ਗੁਸਾਈ ॥
ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥

ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥
ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥

ਬਿਰਥਾ— ਪੀੜ, ਦੁੱਖ । ਕੈ—ਜਾਂ । ਬੂਝਲ ਆਗੈ—ਬੁੱਝਣਹਾਰ ਅੱਗੇ, ਅੰਤਰਜਾਮੀ ਪ੍ਰਭੂ ਅੱਗੇ । ਰਵਾਂਈ—ਮੈਂ ਸਿਮਰਦਾ ਹਾਂ । ਮੈ—ਮੈਨੂੰ । ਕੈਸੇ—ਕਿਉਂ? ਚਾਹੀਐ—ਲੋੜੀਏ, ਹੋਵੇ ।੧। ਬੇਧੀਅਲੇ—ਵਿੰਨ੍ਹ ਲਿਆ ਹੈ । ਗੁਸਾਈ—(ਅੱਖਰ 'ਗ' ਦੇ ਨਾਲ ਦੋ ਲਗਾਂ ਹਨ— ੋ ਅਤੇ ੁ । ਅਸਲ ਲਫ਼ਜ਼ 'ਗੋਸਾਈ' ਹੈ, ਪੜ੍ਹਨਾ ਹੈ 'ਗੁਸਾਈ') ।੧।ਰਹਾਉ। ਮਾਨੈ—ਮਨ ਵਿਚ ਹੀ । ਪਾਟੁ—ਪਟਣ ਸ਼ਹਰ । ਪਾਸਾਰੀ—ਪਸਾਰੀ, ਹੱਟ ਚਲਾਣ ਵਾਲਾ । ਨਾਨਾ ਭੇਦੀ— ਅਨੇਕਾਂ ਰੂਪ ਰੰਗ ਬਣਾਣ ਵਾਲਾ ਪਰਮਾਤਮਾ । ਸੰਸਾਰੀ—ਸੰਸਾਰ ਵਿਚ ਭਟਕਣ ਵਾਲਾ, ਸੰਸਾਰ ਨਾਲ ਮੋਹ ਪਾਣ ਵਾਲਾ ।੨। ਰਾਤਾ—ਰੰਗਿਆ ਹੋਇਆ । ਦੁਬਿਧਾ—ਦੁ-ਚਿੱਤਾ-ਪਨ । ਸਹਜਿ—ਸਹਜ ਵਿਚ, ਆਤਮਕ ਅਡੋਲਤਾ ਵਿਚ । ਆਪੇ—ਆਪ ਹੀ । ਸਮਤੁ—ਇੱਕ-ਸਮਾਨ । ਬੀਚਾਰੀ—ਵਿਚਾਰਦਾ ਹੈ, ਸਮਝਦਾ ਹੈ ।੩। ਜਾਨਿ—ਜਾਣ ਕੇ, ਇਉਂ ਜਾਣ ਕੇ, ਪ੍ਰਭੂ ਨੂੰ ਇਹੋ ਜਿਹਾ ਸਮਝ ਕੇ । ਚੀ—ਦੀ । ਤਾ ਚੀ—ਉਹਨਾਂ ਦੀ । ਅਬਿਗਤੁ—ਅਦ੍ਰਿਸ਼ਟ ਪ੍ਰਭੂ (ਦਾ ਨਾਮ) । ਤਾ ਚੀ ਬਾਣੀ—ਉਹਨਾਂ ਦੀ ਬਾਣੀ । ਵਿਡਾਣੀ—ਅਚਰਜ ।੪।
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥

ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ । ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ।੧।

ਬੇਧੀਅਲੇ ਗੋਪਾਲ ਗੁਸਾਈ ॥ ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥
ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ, ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ।੧।ਰਹਾਉ।

ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥

(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ, ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ । ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ।੨।

ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥

ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ, ਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ।੩।

ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥
ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥

ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤਿ-ਸਾਲਾਹ ਹੀ ਕਰਦੇ ਹਨ) । ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ।੪।੧।