ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥ ਗੋਬਿਦੁ ਗਾਜੈ ਸਬਦੁ ਬਾਜੈ ॥ ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥ ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥ ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥ ਤੁਮ੍ਹ੍ਹ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥ ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥ |
ਆਦਿ—(ਸਭ ਦਾ) ਮੁੱਢ । ਜੁਗਾਦਿ—ਜੁਗਾਂ ਦੇ ਆਦਿ ਤੋਂ । ਜੁਗੋ ਜੁਗੁ—ਹਰੇਕ ਜੁਗ ਵਿਚ । ਤਾ ਕਾ—ਉਸ (ਪ੍ਰਭੂ) ਦਾ । ਨਿਰੰਤਰਿ—ਅੰਦਰ ਇਕ-ਰਸ । ਰਵਿ ਰਹਿਆ—ਵਿਆਪਕ ਹੈ । ਬਖਾਨਿਆ— ਬਿਆਨ ਕੀਤਾ ਗਿਆ ਹੈ, (ਧਰਮ-ਪੁਸਤਕਾਂ ਵਿਚ) ਦੱਸਿਆ ਗਿਆ ਹੈ ।੧। ਗਾਜੇ—ਗੱਜਦਾ ਹੈ, ਪਰਗਟ ਹੋ ਜਾਂਦਾ ਹੈ । ਬਾਜੈ—ਵੱਜਦਾ ਹੈ । ਸਬਦੁ ਬਾਜੈ—ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ । ਰਾਮਈਆ—ਸੋਹਣਾ ਰਾਮ ।੧।ਰਹਾਉ। ਬਾਵਨ—ਚੰਦਨ । ਬੀਖੂ—ਬਿਰਖ, ਰੁੱਖ । ਬਾਨੈ ਬੀਖੇ—ਬਨ ਵਿਖੇ, ਜੰਗਲ ਵਿਚ । ਬਾਸੁ ਤੇ—(ਚੰਦਨ ਦੀ) ਸੁਗੰਧੀ ਤੋਂ । ਲਾਗਿਲਾ—ਲੱਗਦਾ ਹੈ, ਮਿਲਦਾ ਹੈ । ਪਰਮਲਾਦਿ—ਪਰਮਲ ਆਦਿ, ਸੁਗੰਧੀਆਂ ਦਾ ਮੂਲ । ਕਾਸਟ—(ਸਾਧਾਰਨ) ਕਾਠ । ਭੈਇਲਾ—ਹੋ ਜਾਂਦਾ ਹੈ ।੨। ਤੁਮ੍ ਚੇ—ਤੇਰੇ ਵਰਗਾ (ਭਾਵ, ਤੂੰ) ਪਾਰਸ ਹੈਂ । ਹਮ ਚੇ—ਮੇਰੇ ਵਰਗਾ (ਭਾਵ, ਮੈਂ) । ਸੰਗੇ—ਤੇਰੀ ਸੰਗਤਿ ਵਿਚ, ਤੇਰੇ ਨਾਲ ਛੋਹਿਆਂ । ਕੰਚਨ—ਸੋਨਾ । ਸਾਚਿ—ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ । ਸਮਾਇਲਾ—ਲੀਨ ਹੋ ਗਿਆ ਹੈ ।੩। |
ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥ ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥ (ਉਹ ਸੋਹਣਾ ਰਾਮ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਰਾਮ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ—(ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ।੧। ਗੋਬਿਦੁ ਗਾਜੈ ਸਬਦੁ ਬਾਜੈ ॥ ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥ (ਇਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ) ਸ਼ਬਦ-ਵਾਜਾ ਵੱਜਦਾ ਹੈ, ਉਥੇ ਮੇਰਾ ਸੋਹਣਾ ਰਾਮ, ਸੁਖ- ਸਰੂਪ ਰਾਮ, ਗੋਬਿੰਦ ਪਰਗਟ ਹੋ ਜਾਂਦਾ ਹੈ ।੧।ਰਹਾਉ। ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥ ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥ (ਜਿਵੇਂ) ਜੰਗਲ ਵਿਚ ਚੰਦਨ ਦਾ ਬੂਟਾ ਹੁੰਦਾ ਹੈ, (ਉਸ ਦੀ) ਸੁਗੰਧੀ ਤੋਂ (ਸਭ ਨੂੰ) ਸੁਖ ਮਿਲਦਾ ਹੈ, (ਉਸ ਦੀ ਸੰਗਤਿ ਨਾਲ ਸਾਧਾਰਨ) ਰੁੱਖ ਚੰਦਨ ਬਣ ਜਾਂਦਾ ਹੈ; ਤਿਵੇਂ, ਉਹ ਰਾਮ, ਸਭ ਜੀਵਾਂ ਦਾ ਮੂਲ ਰਾਮ, (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤਿ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ।੨। ਤੁਮ੍ਹ੍ਹ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥ ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥ (ਹੇ ਮੇਰੇ ਸੋਹਣੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤਿ ਵਿਚ ਮੈਂ ਸੋਨਾ ਬਣ ਗਿਆ ਹਾਂ । ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ । ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ।੩।੨। |