ਪੰਨਾ ਨ: ੮੭੪
ਗੋਂਡ 
 
ਭੈਰਉ ਭੂਤ ਸੀਤਲਾ ਧਾਵੈ ॥
ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥
ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥
ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ ॥
ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ ॥
ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥

ਭੈਰਉ—ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ । ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ । ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ । ਸੀਤਲਾ—ਚੀਚਕ ਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ । ਖਰ—ਖੋਤਾ । ਖਰ ਬਾਹਨੁ—ਖੋਤੇ ਦੀ ਸਵਾਰੀ ਕਰਨ ਵਾਲਾ । ਛਾਰ—ਸੁਆਹ ।੧। ਤਉ—ਤਾਂ । ਰਮਈਆ—ਸੋਹਣਾ ਰਾਮ । ਲੈ ਹਉ—ਲਵਾਂਗਾ । ਆਨ—ਹੋਰ । ਬਦਲਾਵਨਿ—ਬਦਲੇ ਵਿਚ, ਵੱਟੇ ਵਿਚ । ਦੈ ਹਉ—ਦੇ ਦਿਆਂਗਾ ।੧।ਰਹਾਉ। ਬਰਦ—ਬਲਦ (ਇਹ ਸ਼ਿਵ ਜੀ ਦੀ ਸਵਾਰੀ ਹੈ) । ਡਉਰੂ—ਡਮਰੂ ।੨। ਮਹਾ—ਵੱਡੀ । ਮਹਾ ਮਾਈ—ਵੱਡੀ ਮਾਂ, ਪਾਰਵਤੀ । ਸੈ—ਤੋਂ । ਹੋਇ—ਬਣ ਕੇ । ਅਉਤਰੈ—ਜੰਮਦਾ ਹੈ ।੩। ਕਹੀਅਤ—ਕਹੀ ਜਾਂਦੀ ਹੈ । ਭਵਾਨੀ—ਦੁਰਗਾ ਦੇਵੀ । ਬਰੀਆ—ਵਾਰੀ । ਛਪਾਨੀ—ਲੁਕ ਜਾਂਦੀ ਹੈ ।੪। ਗਹੁ—ਫੜ, ਪਕੜ, ਆਸਰਾ ਲੈ । ਮੀਤਾ—ਹੇ ਮਿੱਤਰ ਪੰਡਤ! ਇਉ—ਇਸੇ ਤਰ੍ਹਾਂ ਹੀ ।੫।

ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ । ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ।੧।

ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ( ਅਕਾਲ ਪੁਰਖ ) ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।੧।ਰਹਾਉ।

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥

ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ।੨।

ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।੩।

ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।੪।

ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥

ਸੋ, ਸਤਿਗੁਰ ਨਾਮਦੇਵ ਜੀ ਬੇਨਤੀ ਕਰਦੇ ਹਨ —ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, ਗੀਤਾ ਭੀ ਇਹੀ ਆਖਦੀ ਹੈ ।੫।੨।੬।

काङ्क्षन्तः कर्मणां सिद्धिं यजन्त इह देवताः।
क्षिप्रं हि मानुषे लोके सिद्धिर्भवति कर्मजा॥४-१२॥

इस लोक में कर्मों के फल को चाहने वाले लोग देवताओं का पूजन किया करते हैं; क्योंकि कर्मों से उत्पन्न होने वाली सिद्धि मनुष्य लोक में शीघ्र मिल जाती है ।