ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ ਜਮ ਕੀ ਫਾਸੀ ॥ ੧ ॥
ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ), (ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਨਾਪ-ਨਾਪ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ।੧।
ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ ॥ ੧ ॥ ਰਹਾਉ ॥
ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ।ਰਹਾਉ।
ਰਾਂਗਨਿ ਰਾਂਗਉ ਸੀਵਨਿ ਸੀਵਉ ॥ ਰਾਮ ਨਾਮ ਬਿਨੁ ਘਰੀਅ ਨ ਜੀਵਉ ॥ ੨ ॥
(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ।੨।
ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ ॥ ੩ ॥
ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ।੩।
ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ ਹਰਿ ਸਉ ਲਾਗਾ ॥ ੪ ॥ ੩ ॥
ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ; (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ।੪।੩। |