ਦੂਲਹ ਪ੍ਰਭ ਕੀ ਸਰਨਿ ਪਰਿਓ ॥ ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥ ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥ ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥ ਸੰਖ ਚਕਰ੍ ਮਾਲਾ ਤਿਲਕੁ ਬਿਰਾਜਿਤ ਦੇਖਿ ਪਰ੍ਤਾਪੁ ਜਮੁ ਡਰਿਓ ॥ ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥ ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥ ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥ ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥ ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥ |
ਚਾਰਿ ਮੁਕਤਿ—ਚਾਰ ਕਿਸਮ ਦੀਆਂ ਮੁਕਤੀਆਂ (ਸਾਲੋਕ੍ਯ, ਸਾਮੀਪ੍ਯ, ਸਾਰੂਪ੍ਯ ਅਤੇ ਸਾਯੁਜ੍ਯ । ਸਾਲੋਕ੍ਯ—ਆਪਣੇ ਇਸ਼ਟ ਨਾਲ ਇੱਕੋ ਹੀ ਲੋਕ ਦੇਸ ਵਿਚ ਵੱਸਣਾ । ਸਾਮੀਪ੍ਯ—ਇਸ਼ਟ ਦੇ ਸਮੀਪ ਨੇੜੇ ਹੋ ਜਾਣਾ । ਸਰੂਪ੍ਯ—ਇਸ਼ਟ ਦੇ ਨਾਲ ਇਕ-ਰੂਪ ਹੋ ਜਾਣਾ । ਸਾਯੁਜ੍ਯ—ਆਪਣੇ ਇਸ਼ਟ ਦੇ ਨਾਲ ਜੁੜ ਜਾਣਾ, ਉਸ ਵਿਚ ਲੀਨ ਹੋ ਜਾਣਾ । ਚਾਰੈ—ਇਹ ਚਾਰੇ ਹੀ ਮੁਕਤੀਆਂ । ਸਿਧਿ ਮਿਲ ਕੈ—(ਚਾਰ ਮੁਕਤੀਆਂ ਅਠਾਰਾਂ) ਸਿੱਧੀਆਂ ਨਾਲ ਮਿਲ ਕੇ । ਦੂਲਹ ਕੀ—ਖਸਮ ਦੀ । ਜਾਨਿਓ—ਉੱਘਾ ਹੋ ਗਿਆ ਹੈ । ਜਸੁ—ਸੋਭਾ ।੧।
ਕੋ ਕੋ ਨ—ਕੌਣ ਨਹੀਂ? ਉਪਦੇਸਿ—ਉਪਦੇਸ਼ ਦੀ ਰਾਹੀਂ ।੧।ਰਹਾਉ। ਦੇਖਿ ਪ੍ਰਤਾਪੁ—(ਭਗਤ ਦਾ) ਪਰਤਾਪ ਵੇਖ ਕੇ । ਹਿਰਿਓ—ਦੂਰ ਹੋ ਜਾਂਦਾ ਹੈ ।੨।
ਅੰਬਰੀਕ—ਸੂਰਜ ਬੰਸੀ ਇਕ ਰਾਜਾ; ਪ੍ਰਭੂ ਦਾ ਭਗਤ ਸੀ । ਦੁਰਬਾਸਾ ਰਿਸ਼ੀ ਇਕ ਵਾਰ ਇਸ ਦੇ ਪਾਸ ਆਇਆ, ਤਦੋਂ ਰਾਜੇ ਨੇ ਵਰਤ ਰੱਖਿਆ ਹੋਇਆ ਸੀ, ਰਿਸ਼ੀ ਦੀ ਸੇਵਾ ਚੰਗੀ ਤਰ੍ਹਾਂ ਨਾ ਕਰ ਸਕਿਆ । ਦੁਰਬਾਸਾ ਸਰਾਪ ਦੇਣ ਲੱਗਾ । ਵਿਸ਼ਨੂ ਨੇ ਆਪਣੇ ਭਗਤ ਦੀ ਰੱਖਿਆ ਲਈ ਆਪਣਾ ਸੁਦਰਸ਼ਨ ਚੱਕਰ ਛੱਡਿਆ; ਰਿਸ਼ੀ ਜਾਨ ਬਚਾਉਣ ਲਈ ਨੱਠਾ, ਪਰ ਕੋਈ ਉਸ ਦੀ ਸਹਾਇਤਾ ਨਾ ਕਰ ਸਕਿਆ, ਆਖ਼ਿਰ ਅੰਬਰੀਕ ਨੇ ਹੀ ਬਚਾਇਆ । ਅਧਿਕ—ਵੱਡਾ । ਠਾਕੁਰਿ—ਠਾਕੁਰ ਨੇ ।੩।
ਭਗਤ ਹੇਤਿ—ਭਗਤ ਦੀ ਖ਼ਾਤਰ । ਦੇਹ ਧਰਿਓ—ਸਰੀਰ ਧਾਰਿਆ । ਬਸਿ—ਵੱਸ ਵਿਚ । ਕੇਸਵ—ਲੰਮੇ ਕੇਸਾਂ ਵਾਲਾ । ਬਲਿ—ਇਕ ਭਗਤ ਰਾਜਾ ਸੀ; ਇਸ ਨੂੰ ਛਲਣ ਲਈ ਵਿਸ਼ਨੂ ਨੇ ਵਾਮਨ ਅਵਤਾਰ ਧਾਰਿਆ । ਵਾਮਨ-ਰੂਪ ਵਿਚ ਆ ਕੇ ਰਾਜੇ ਪਾਸੋਂ ਢਾਈ ਕਰੂ ਥਾਂ ਮੰਗਿਆ, ਕੁਟੀਆ ਬਣਾਣ ਲਈ । ਪਰ ਮਿਣਨ ਲੱਗਿਆਂ ਦੋ ਕਰੂਆਂ ਨਾਲ ਸਾਰੀ ਧਰਤੀ ਹੀ ਮਿਣ ਲਈ ਅਤੇ ਅੱਧੇ ਕਰੂ ਨਾਲ ਰਾਜੇ ਦਾ ਆਪਣਾ ਸਰੀਰ । ਰਾਜੇ ਨੂੰ ਪਤਾਲ ਜਾ ਅਪੜਾਇਆ । ਜਾਣ ਲੱਗਾ ਤਾਂ ਰਾਜੇ ਆਖਿਆ ਕਿ ਕੁਟੀਆ ਬਣਾਣ ਦਾ ਬਚਨ ਹੁਣ ਪਾਲੋ । ਸੋ, ਹੁਣ ਤਕ ਉਸ ਦੇ ਬੂਹੇ ਅੱਗੇ ਕੁਟੀਆ ਪਾਈ ਬੈਠਾ ਹੈ ।੪। ਨੋਟ:- ਇਸ ਸ਼ਬਦ ਵਿਚ ਨਾਮਦੇਵ ਜੀ ਬੰਦਗੀ ਕਰਨ ਵਾਲੇ ਦੀ ਵਡਿਆਈ ਬਿਆਨ ਕਰਦੇ ਹਨ । 'ਰਹਾਉ' ਦੀ ਤੁਕ ਵਿਚ ਇਹੀ ਕੇਂਦਰੀ ਖ਼ਿਆਲ ਹੈ । ਨਾਮਦੇਵ ਜੀ ਹਿੰਦੂ ਜਾਤੀ ਵਿਚ ਜੰਮੇ-ਪਲੇ ਸਨ; ਹਿੰਦੂਆਂ ਵਿਚ ਇਕ ਪ੍ਰਭੂ ਦੀ ਭਗਤੀ ਦਾ ਪਰਚਾਰ ਕਰਨ ਲੱਗਿਆਂ ਪਰਚਾਰ ਦਾ ਪ੍ਰਭਾਵ ਪਾਣ ਲਈ ਉਹਨਾਂ ਹਿੰਦੂ ਭਗਤਾਂ ਦਾ ਹੀ ਜ਼ਿਕਰ ਕਰ ਸਕਦੇ ਸਨ ਜਿਨ੍ਹਾਂ ਦੀਆਂ ਸਾਖੀਆਂ ਪੁਰਾਣਾਂ ਵਿਚ ਆਈਆਂ, ਤੇ ਜੋ ਆਮ ਲੋਕਾਂ ਵਿਚ ਪਰਸਿੱਧ ਸਨ । ਅੰਬਰੀਕ, ਸੁਦਾਮਾ, ਪ੍ਰਹਿਲਾਦ, ਦਰੋਪਤੀ, ਅਹੱਲਿਆ, ਭਭੀਖਣ, ਬਲਿ, ਧ੍ਰ , ਗਜ—ਆਮ ਤੌਰ ਤੇ ਇਹਨਾਂ ਬਾਰੇ ਹੀ ਸਾਖੀਆਂ ਪਰਸਿੱਧ ਸਨ ਤੇ ਹੈਨ । ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੇਸ ਵਿਚ ਜਾ ਕੇ ਹਿੰਦੂ ਜਨਤਾ ਨੂੰ ਮੁਗ਼ਲ-ਰਾਜ ਦੇ ਜ਼ੁਲਮਾਂ ਦੇ ਸਹਿਮ ਤੋਂ ਢਾਰਸ ਦੇਣ ਵੇਲੇ ਭੀ ਇਹਨਾਂ ਸਾਖੀਆਂ ਦਾ ਹੀ ਹਵਾਲਾ ਦੇਂਦੇ ਰਹੇ । ਵੇਰਵਾ ਵਿਚ ਗਿਆਂ—ਇਹ ਸਾਖੀਆਂ ਸਿੱਖ ਧਰਮ ਦੇ ਅਨੁਸਾਰ ਹਨ ਜਾਂ ਨਹੀਂ—ਇਸ ਗੱਲ ਦੇ ਛੇੜਨ ਦੀ ਲੋੜ ਨਹੀਂ ਸੀ । ਮੁਗ਼ਲ-ਰਾਜ ਦੇ ਜ਼ੁਲਮਾਂ ਤੋਂ ਸਹਿਮੇ ਹੋਏ ਬੰਦਿਆਂ ਨੂੰ ਉਹਨਾਂ ਦੇ ਆਪਣੇ ਘਰ ਵਿਚੋਂ ਪਰਸਿੱਧ ਭਗਤਾਂ ਦੇ ਨਾਮ ਸੁਣਾ ਕੇ ਹੀ ਮਨੁੱਖਤਾ ਦੀ ਪ੍ਰੇਰਨਾ ਕੀਤੀ ਜਾ ਸਕਦੀ ਸੀ । "ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥" ਤਾਂ ਇਥੋਂ ਇਹ ਮਤਲਬ ਨਹੀਂ ਨਿਕਲਦਾ ਕਿ ਸਤਿਗੁਰੂ ਜੀ ਮੁਸਲਮਾਨ ਸਨ । ਭਗਤ ਜੀ ਨੇ ਲਫ਼ਜ਼ 'ਸੰਤ ਚਕ੍ਰ ਗਦਾ' ਆਦਿਕ ਭੀ ਇਸੇ ਵਾਸਤੇ ਹੀ ਵਰਤੇ ਹਨ ਕਿ ਹਿੰਦੂ ਲੋਕ ਵਿਸ਼ਨੂ ਦਾ ਇਹੀ ਸਰੂਪ ਮੰਨਦੇ ਹਨ । ਅੱਜ ਜੋ ਉਤਸ਼ਾਹ ਕਿਸੇ ਸਿੱਖ ਨੂੰ 'ਕਲਗੀ' ਤੇ 'ਬਾਜ' ਲਫ਼ਜ਼ ਵਰਤ ਕੇ ਦਿੱਤਾ ਜਾ ਸਕਦਾ ਹੈ, ਹੋਰ ਕਿਸੇ ਉਪਦੇਸ਼ ਨਾਲ ਨਹੀਂ । ਗੁਰੂ ਨਾਨਕ ਦੇਵ ਜੀ ਨੇ ਭੀ ਤਾਂ ਪਰਮਾਤਮਾ ਦਾ ਇਸੇ ਤਰ੍ਹਾਂ ਦਾ ਸਰੂਪ ਇਕ ਵਾਰ ਵਿਖਾਇਆ ਸੀ; ਵੇਖੋ, ਵਡਹੰਸ ਮਹਲਾ ੧ ਛੰਤ: ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਜਮਦੁਆਰਿ ਨ ਹੋਹੁ ਖੜੀਆ, ਸਿਖ ਸੁਣਹੁ ਮਹੇਲੀਹੋ ॥੭॥੨॥ ਸੋ, ਇਸ ਸ਼ਬਦ ਦੇ ਲਫ਼ਜ਼ ਸੰਖ, ਚਕ੍ਰ, ਮਾਲਾ, ਤਿਲਕ ਆਦਿਕ ਤੋਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਭਗਤ ਨਾਮਦੇਵ ਜੀ ਕਿਸੇ ਅਵਤਾਰ ਦੀ ਕਿਸੇ ਮੂਰਤੀ ਉੱਤੇ ਰੀਝੇ ਹੋਏ ਸਨ । |
ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥ ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥ ਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ । ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ।੧।ਰਹਾਉ। ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥ ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥ (ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ), ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ, (ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ।੧। ਸੰਖ ਚਕਰ੍ ਮਾਲਾ ਤਿਲਕੁ ਬਿਰਾਜਿਤ ਦੇਖਿ ਪਰ੍ਤਾਪੁ ਜਮੁ ਡਰਿਓ ॥ ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥ (ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ (ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ), ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ।੨। ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥ ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥ (ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ), ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ; ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ।੩। ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥ ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥ ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ । ਸਤਿਗੁਰੂ ਨਾਮਦੇਵ ਜੀ ਆਖਦੇ ਹਨ—ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ।੪।੧। |