ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥ ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥ ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ |
ਸੰਕਟਵੈ—ਸੰਕਟ ਦੇਵੇ । ਭਜੈ—ਨੱਠ ਜਾਏ, ਛੱਡ ਜਾਏ । ਚਿਰੰਕਾਲ—ਬਹੁਤ ਸਮਾ । ਲਜੈ— ਲਾਜ ਲਾਂਦਾ ਹੈ, ਬਦਨਾਮ ਕਰਾਂਦਾ ਹੈ ।੧। ਹਸੈ—ਠੱਠਾ ਕਰੇ । ਹੀਅਰੇ—ਹਿਰਦੇ ਵਿਚ ।੧।ਰਹਾਉ। ਧਨਹਿ—ਧਨ ਦੀ ਖ਼ਾਤਰ । ਪ੍ਰਾਨੀ—ਜੀਵ, ਬੰਦਾ । ਮਾਂਡੈ—ਠਾਨ ਲੈਂਦਾ ਹੈ । ਮਰਨੁ ਮਾਂਡੈ—ਮਰਨਾ ਠਾਨ ਲੈਂਦਾ ਹੈ, ਮਰਨ ਤੇ ਤੁਲ ਪੈਂਦਾ ਹੈ ।੨। ਸੰਸਾਰ ਕੇ—ਦੁਨੀਆ ਨੂੰ ਪਤਿਆਉਣ ਵਾਲੇ । ਨਾਮਾ—ਹੇ ਨਾਮਦੇਵ! ਤ—ਤਦੋਂ ਹੀ ।੩। |
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥ ਹੇ ਪ੍ਰਭੂ! ਕੰਵਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਹਨ, (ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ, ਹੁਣ) ਜਗਤ ਭਾਵੇਂ ਪਿਆ ਠੱਠਾ ਕਰੇ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ ।੧।ਰਹਾਉ। ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ, (ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ । (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ) ।੧। ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥ ਜਿਵੇਂ ਆਪਣਾ ਧਨ ਬਚਾਣ ਦੀ ਖ਼ਾਤਰ ਮਨੁੱਖ ਮਰਨ ਤੇ ਭੀ ਤੁਲ ਪੈਂਦਾ ਹੈ, ਤਿਵੇਂ ਪ੍ਰਭੂ ਦੇ ਭਗਤ ਭੀ ਪ੍ਰਭੂ ਦਾ ਨਾਮ (ਧਨ) ਨਹੀਂ ਛੱਡਦੇ (ਉਹਨਾਂ ਪਾਸ ਭੀ ਪ੍ਰਭੂ ਦਾ ਨਾਮ ਹੀ ਧਨ ਹੈ) ।੨। ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ ਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ—ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ; ਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ।੩।੧। |