ਪੰਨਾ ਨ: ੯੮੮
ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ
ੴ ਸਤਿਗੁਰ ਪ੍ਰਸਾਦਿ ॥
 
ਮੇਰੋ ਬਾਪੁ ਮਾਧਉ ਤੂ ਧਨੁ ਕੇਸੌ
ਸਾਂਵਲੀਓ ਬੀਠੁਲਾਇ ॥ ੧ ॥ ਰਹਾਉ ॥

ਕਰ ਧਰੇ ਚਕ੍ਰ ਬੈਕੁੰਠ ਤੇ ਆਏ
ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥
ਦੁਹਸਾਸਨ ਕੀ ਸਭਾ ਦ੍ਰੋਪਤੀ
ਅੰਬਰ ਲੇਤ ਉਬਾਰੀਅਲੇ ॥ ੧ ॥
ਗੋਤਮ ਨਾਰਿ ਅਹਲਿਆ ਤਾਰੀ
ਪਾਵਨ ਕੇਤਕ ਤਾਰੀਅਲੇ ॥
ਐਸਾ ਅਧਮੁ ਅਜਾਤਿ ਨਾਮਦੇਉ
ਤਉ ਸਰਨਾਗਤਿ ਆਈਅਲੇ ॥ ੨ ॥ ੨ ॥
ਮਾਧਉ—ਹੇ ਮਾਧੋ! ਹੇ ਪ੍ਰਭੂ! ਧਨੁ—ਸਲਾਹੁਣ-ਜੋਗ । ਕੇਸੌ-ਲੰਮੇ ਕੇਸਾਂ ਵਾਲਾ ਪ੍ਰਭੂ ।੧।ਰਹਾਉ। ਕਰ—ਹੱਥਾਂ ਵਿਚ । ਧਰੇ—ਲੈ ਕੇ, ਧਰ ਕੇ । ਪ੍ਰਾਨ—ਜਿੰਦ । ਹਸਤੀ—ਹਾਥੀ । ਅੰਬਰ ਲੇਤ—ਕੱਪੜੇ ਲਾਂਹਦਿਆਂ । ਉਬਾਰੀਅਲੇ—(ਇੱਜ਼ਤ) ਬਚਾਈ ।੧। ਗੋਤਮ ਨਾਰਿ—ਗੋਤਮ ਰਿਸ਼ੀ ਦੀ ਵਹੁਟੀ । ਪਾਵਨ—ਪਵਿੱਤਰ ਕੀਤੇ । ਕੇਤਕ—ਕਈ ਜੀਵ । ਅਧਮੁ—ਨੀਚ । ਅਜਾਤਿ—ਨੀਵੀਂ ਜਾਤ ਵਾਲਾ । ਤਉ—ਤੇਰੀ ।੨।
ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥ ੧ ॥ ਰਹਾਉ ॥
ਹੇ ਮੇਰੇ ਮਾਧੋ! ਹੇ ਲੰਮੇ ਕੇਸਾਂ ਵਾਲੇ ਪ੍ਰਭੂ! ਹੇ ਸਾਂਵਲੇ ਰੰਗ ਵਾਲੇ ਪ੍ਰਭੂ! ਹੇ ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ (ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ) ।੧।ਰਹਾਉ।

ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥

ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ ਆਇਆ ਸੀ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀ ਬਚਾਈ ਸੀ ।

ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥ ੧ ॥

ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ ।

ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥
ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਪੱਥਰ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ!

ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥ ੨ ॥
ਤੂੰ (ਅਨੇਕਾਂ ਪਤਿਤਾਂ ਨੂੰ) ਪਵਿਤੱਰ ਕੀਤਾ ਤੇ ਤਾਰਿਆ ਹੈ । ਮੈਂ ਨਾਮਦੇਵ (ਭੀ) ਇਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ (ਮੇਰਾ ਭੀ ਮਰਗ ਦਰਸ਼ਨ ਕਰ, ਰਕਸ਼ਾ ਕਰ) ।੨।੨।