ਪੰਨਾ ਨ: ੧੨੯੨
ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
 
ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥
ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥ ੧ ॥ ਰਹਾਉ ॥

ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥
ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥
ਸੁ ਐਸਾ ਰਾਜਾ ਸ੍ਰੀ ਨਰਹਰੀ ॥ ੧ ॥
ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥
ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥
ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥
ਧਰਮ ਰਾਇ ਪਰੁਲੀ ਪ੍ਰਤਿਹਾਰੁ ॥ ਸੋ ਐਸਾ ਰਾਜਾ ਸ੍ਰੀ ਗੋਪਾਲੁ ॥ ੨ ॥
ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥
ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥
ਚਉਰ ਢੂਲ ਜਾਂ ਚੈ ਹੈ ਪਵਣੁ ॥ ਚੇਰੀ ਸਕਤਿ ਜੀਤਿ ਲੇ ਭਵਣੁ ॥
ਅੰਡ ਟੂਕ ਜਾ ਚੈ ਭਸਮਤੀ ॥ ਸੋ ਐਸਾ ਰਾਜਾ ਤ੍ਰਿਭਵਣ ਪਤੀ ॥ ੩ ॥
ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥
ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥
ਨਖ ਪ੍ਰਸੇਵ ਜਾ ਚੈ ਸੁਰਸਰੀ ॥ ਸਪਤ ਸਮੁੰਦ ਜਾਂ ਚੈ ਘੜਥਲੀ ॥
ਏਤੇ ਜੀਅ ਜਾਂ ਚੈ ਵਰਤਣੀ ॥ ਸੋ ਐਸਾ ਰਾਜਾ ਤ੍ਰਿਭਵਣ ਧਣੀ ॥ ੪ ॥
ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥
ਏਤੇ ਜੀਅ ਜਾਂ ਚੈ ਹਹਿ ਘਰੀ ॥ ਸਰਬ ਬਿਆਪਿਕ ਅੰਤਰ ਹਰੀ ॥
ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥ ਸਗਲ ਭਗਤ ਜਾ ਚੈ ਨੀਸਾਣਿ ॥ ੫ ॥ ੧ ॥

ਸੇਵੀਲੇ—ਮੈਂ ਤੈਨੂੰ ਸਿਮਰਿਆ ਹੈ । ਗੋਪਾਲ—(ਗੋ—ਧਰਤੀ । ਪਾਲ—ਪਾਲਣਹਾਰ) ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ । ਅਕੁਲ—ਜਿਸ ਦੀ ਕੋਈ ਖ਼ਾਸ ਕੁਲ ਨਹੀਂ । ਨਿਰੰਜਨ— ਨਿਰ+ਅੰਜਨ, ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ । ਦੀਜੈ—ਕਿਰਪਾ ਕਰ ਕੇ ਦੇਹ । ਜਾਚਹਿ—ਮੰਗਦੇ ਹਨ ।੧।
—ਦਾ । ਚੋ—ਦਾ । ਚੀ—ਦੀ । ੇ—ਦੇ । ਜਾਂ ਚੈ ਘਰਿ—ਜਿਸ ਦੇ ਘਰ ਵਿਚ । ਕੁਆਰੀ—ਸਦਾ-ਜੁਆਨ, ਦੀਵੜੇ—ਸੁਹਣੇ ਦੀਵੇ । ਦਿਗ ਦਿਸੈ—ਸਾਰੀਆਂ ਦਿਸ਼ਾਂ, ਚਹੁੰਆਂ ਦਿਸ਼ਾਂ ਦੀ । ਸਰਾਇਚਾ— ਕਨਾਤ । ਚਿਤ੍ਰ—ਤਸਵੀਰ । ਸਾਲਾ—ਸ਼ਾਲਾ, ਘਰ । ਚਿਤ੍ਰਸਾਲਾ—ਤਸਵੀਰ-ਘਰ । ਸਪਤ ਲੋਕ—ਸਾਰੀ ਸ੍ਰਿਸ਼ਟੀ । ਸਾਮਾਨਿ—ਇਕੋ ਜਿਹਾ । ਪੂਰੀਅਲੇ—ਭਰਪੂਰ ਹੈ, ਵਿਆਪਕ ਹੈ, ਮੌਜੂਦ ਹੈ । ਕਉਤਕੁ— ਖਿਡੌਣਾ । ਬਪੁੜਾ—ਵਿਚਾਰਾ । ਕੋਟਵਾਲੁ—ਕੋਤਵਾਲ, ਸ਼ਹਿਰ ਦਾ ਰਾਖਾ । ਸੁ—ਉਹ ਕਾਲ । ਕਰਾ—ਕਰ, ਹਾਲਾ । ਸਿਰਿ—ਸਭ ਤੋਂ ਸਿਰਾਂ ਉੱਤੇ । ਨਰਹਰੀ—ਪਰਮਾਤਮਾ ।੧।

ਕੁਲਾਲੁ—ਕੁੰਭਿਆਰ, ਭਾਂਡੇ ਘੜਨ ਵਾਲਾ । ਚਤੁਰਮੁਖ—ਚਾਰ ਮੂੰਹਾਂ ਵਾਲਾ । ਡਾਂਵੜਾ—ਸਂਚੇ ਵਿਚ ਢਾਲਣ ਵਾਲਾ । ਜਿਨਿ—ਜਿਸ (ਬ੍ਰਹਮਾ) ਨੇ । ਬਿਸ੍ਵ ਸੰਸਾਰੁ—ਸਾਰਾ ਜਗਤ । ਰਾਚੀਲੇ—ਰਚਿਆ ਹੈ, ਸਿਰਜਿਆ ਹੈ । ਜਾਂ ਕੈ ਘਰਿ—ਜਿਸ ਦੇ ਘਰ ਵਿਚ । ਈਸਰੁ—ਸ਼ਿਵ ਜੀ। ਬਾਵਲਾ—ਕਮਲਾ । ਸਾਰਖਾ— ਵਰਗਾ, ਬਰਾਬਰ ਦਾ । ਭਾਖੀਲੇ—(ਜਿਸ ਨੇ) ਉਚਾਰਿਆ ਹੈ । ਤਤ ਸਾਰਖਾ ਗਿਆਨੁ ਭਾਖੀਲੇ—ਜਿਸ ਨੇ ਅਸਲੀਅਤ ਦੱਸੀ ਹੈ, ਜੋ ਮੌਤ ਦਾ ਚੇਤਾ ਕਰਾਂਦਾ ਹੈ । ਜਾਂ ਚੈ ਦੁਆਰੇ—ਜਿਸ ਦੇ ਦਰਵਾਜ਼ੇ ਉੱਤੇ । ਡਾਂਗੀਆ—ਚੋਬਦਾਰ । ਲੇਖੀਆ—ਮੁਨੀਮ, ਲੇਖਾ ਲਿਖਣ ਵਾਲਾ । ਪ੍ਰਤਿਹਾਰੁ—ਦਰਬਾਰ । ਚਿਤ੍ਰਗੁਪਤੁ— ਜਮਰਾਜ ਦਾ ਉਹ ਦੂਤ ਜੋ ਮਨੁੱਖਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਲਿਖਦਾ ਹੈ । ਪਰੁਲੀ—ਪਰਲੋ ਲਿਆਉਣ ਵਾਲਾ ।੨।

ਗਣ—ਸ਼ਿਵ ਜੀ ਦੇ ਖ਼ਾਸ ਸੇਵਕਾਂ ਦਾ ਜੱਥਾ, ਜੋ ਗਣੇਸ਼ ਦੀ ਨਿਗਰਾਨੀ ਵਿਚ ਰਹਿੰਦਾ ਹੈ । ਗੰਧਰਬ—ਦੇਵਤਿਆਂ ਦੇ ਰਾਗੀ । ਗਾਵੰਤ ਆਛੈ—ਗਾ ਰਹੇ ਹਨ । ਗਰੂਆ—ਵੱਡਾ । ਅਨਗਰੂਆ—ਛੋਟਾ ਜਿਹਾ । ਕਾਛੇ— ਮਨ-ਇੱਛਤ, ਸੁੰਦਰ । ਮੰਡਲੀਕ—(ਕਨਿਗ) ਉਹ ਰਾਜੇ ਜੋ ਕਿਸੇ ਵੱਡੇ ਮਹਾਰਜੇ ਅੱਗੇ ਹਾਲਾ ਭਰਦੇ ਹੋਣ । ਜਾਂ ਚੈ—ਜਾਂ ਚੈ (ਘਰਿ), ਜਿਸ ਦੇ ਦਰਬਾਰ ਵਿਚ । ਚੇਰੀ—ਦਾਸੀ । ਸਕਤਿ—ਮਾਇਆ । ਜੀਤਿ ਲੇ—(ਜਿਸ ਨੇ) ਜਿੱਤ ਲਿਆ ਹੈ । ਅੰਡ—ਬ੍ਰਹਮੰਡ, ਸ੍ਰਿਸ਼ਟੀ । ਅੰਡ ਟੂਕ— ਬ੍ਰਹਮੰਡ ਦਾ ਟੁਕੜਾ, ਧਰਤੀ । ਭਸਮਤੀ—ਚੁਲ੍ਹਾ ।੩।

ਕੂਰਮਾ— ਵਿਸ਼ਨੂ ਦਾ ਦੂਜਾ ਅਵਤਾਰ, ਕੱਛੂ-ਕੁੰਮਾ, ਜਿਸ ਨੇ ਧਰਤੀ ਨੂੰ ਥੰਮ੍ਹ ਰੱਖਿਆ ਹੈ । ਜਦੋਂ ਦੇਵਤੇ ਅਤੇ ਦੈਂਤ ਖੀਰ-ਸਮੁੰਦਰ ਰਿੜਕਣ ਲੱਗੇ ਉਹਨਾਂ ਮੰਦਰਾਚਲ ਨੂੰ ਮਧਾਣੀ ਦੇ ਥਾਂ ਵਰਤਿਆ । ਪਰ ਮਧਾਣੀ ਇਤਨੀ ਭਾਰੀ ਸੀ ਕਿ ਥੱਲੇ ਧਸਦੀ ਜਾਂਦੀ ਸੀ । ਵਿਸ਼ਨੂ ਨੇ ਕੱਛੂ ਦਾ ਰੂਪ ਧਾਰ ਕੇ ਮੰਦਰਾਚਲ ਦੇ ਹੇਠਾਂ ਪਿੱਠ ਦਿੱਤੀ । ਪਾਲੁ—ਪਲੰਘ । ਸਹਸ੍ਰ—ਹਜ਼ਾਰ । ਫਨੀ—ਫਣਾਂ ਵਾਲਾ । ਬਾਸਕੁ— ਸ਼ੇਸ਼ਨਾਗ । ਵਾਲੂਆ—ਤਣੀਆਂ । ਪਾਣੀਹਾਰੀਆ—ਪਾਣੀ ਭਰਨ ਵਾਲੇ । ਨਖ—ਨਹੁ । ਪ੍ਰਸੇਵ—ਪਸੀਨਾ । ਨਖ ਪ੍ਰਸੇਵ—ਨਹੁੰਆਂ ਦਾ ਪਸੀਨਾ । ਜਾ ਚੈ—ਜਾ ਚੈ (ਘਰਿ) । ਸੁਰਸਰੀ—ਦੇਵ-ਨਦੀ, ਗੰਗਾ । ਸਪਤ—ਸੱਤ । ਘੜਥਲੀ—ਘੜਵੰਜੀ । ਵਰਤਣੀ—ਬਰਤਨ, ਭਾਂਡੇ ।੪।

ਨਿਕਟ ਵਰਤੀ—ਨੇੜੇ ਰਹਿਣ ਵਾਲਾ, ਨਿੱਜ ਦਾ ਸੇਵਕ । ਨੇਜੈ—ਇਕ ਰਿਸ਼ੀ ਦਾ ਨਾਮ ਹੈ । ਹੇਲਾ—ਖੇਡ । ਬਾਨਵੈ—ਬਾਵਨ, ਬਵੰਜਾ ਬੀਰ । ਹਹਿ—ਹਨ । ਘਰੀ—ਘਰ ਵਿਚ । ਜਾਂ ਚੈ ਘਰੀ—ਜਾਂ ਚੈ ਘਰਿ, ਜਿਸ ਦੇ ਘਰ ਵਿਚ । ਤਾਂ ਚੀ—ਉਸ ਦੀ । ਆਣਿ—ਓਟ । ਜਾ ਚੈ ਨੀਸਾਣਿ—ਜਿਸ ਦੇ ਨੀਸਾਣ ਹੇਠ, ਜਿਸ ਦੇ ਝੰਡੇ ਹੇਠ ਹਨ ।੫।
ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥ ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥ ੧ ॥ ਰਹਾਉ ॥
ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਅਤੇ (ਜਿਸ ਦੇ ਦਰ ਤੇ) ਸਾਰੇ ਭਗਤ ਮੰਗਦੇ ਹਨ (ਅਤੇ ਆਖਦੇ ਹਨ ਕਿ ਹੇ ਦਾਤਾ! ਅਸਾਨੂੰ) ਆਪਣੀ ਭਗਤੀ ਦੀ ਦਾਤਿ ਬਖ਼ਸ਼ ।੧।ਰਹਾਉ।

ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥
ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥
ਸੁ ਐਸਾ ਰਾਜਾ ਸ੍ਰੀ ਨਰਹਰੀ ॥ ੧ ॥

ਉਹ ਪਰਮਾਤਮਾ (ਮਾਨੋ) ਇਕ ਬੜਾ ਵੱਡਾ ਰਾਜਾ ਹੈ (ਜਿਸ ਦਾ ਇਤਨਾ ਵੱਡਾ ਸ਼ਾਮੀਆਨਾ ਹੈ ਕਿ) ਇਹ ਚਾਰੇ ਦਿਸ਼ਾਂ (ਉਸ ਸ਼ਾਮੀਆਨੇ ਦੀ ਮਾਨੋ) ਕਨਾਤ ਹੈ, (ਰਾਜਿਆਂ ਦੇ ਰਾਜ-ਮਹਲਾਂ ਵਿਚ ਤਸਵੀਰ-ਘਰ ਹੁੰਦੇ ਹਨ, ਪਰਮਾਤਮਾ ਇਕ ਐਸਾ ਰਾਜਾ ਹੈ ਕਿ) ਸਾਰਾ ਬੈਕੁੰਠ ਉਸ ਦਾ (ਮਾਨੋ) ਤਸਵੀਰ-ਘਰ ਹੈ, ਅਤੇ ਸਾਰੇ ਹੀ ਜਗਤ ਵਿਚ ਉਸ ਦਾ ਹੁਕਮ ਇਕ-ਸਾਰ ਚੱਲ ਰਿਹਾ ਹੈ । (ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਦਾ ਹੁੰਦਾ ਹੈ, ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਮਹਲ ਵਿਚ ਲੱਛਮੀ ਹੈ, ਜੋ ਸਦਾ ਜੁਆਨ ਰਹਿੰਦੀ ਹੈ (ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ), ਇਹ ਚੰਦ ਸੂਰਜ (ਉਸ ਦੇ ਮਹਲ ਦੇ, ਮਾਨੋ) ਨਿੱਕੇ ਜਿਹੇ ਦੀਵੇ ਹਨ, ਜਿਸ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ (ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ, ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਥਰ- ਥਰ ਕੰਬਦਾ ਹੈ) ਤੇ ਜੋ ਕਾਲ (ਇਸ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਹ ਕਾਲ ਵਿਚਾਰਾ (ਉਸ ਪਰਮਾਤਮਾ ਦੇ ਘਰ ਵਿਚ, ਮਾਨੋ, ਇਕ) ਖਿਡੌਣਾ ਹੈ ।੧।

ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥
ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥
ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥
ਧਰਮ ਰਾਇ ਪਰੁਲੀ ਪ੍ਰਤਿਹਾਰੁ ॥ ਸੋ ਐਸਾ ਰਾਜਾ ਸ੍ਰੀ ਗੋਪਾਲੁ ॥ ੨ ॥

ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇਕ ਐਸਾ ਰਾਜਾ ਹੈ ਕਿ (ਲੋਕਾਂ ਦੇ ਖ਼ਿਆਲ ਅਨੁਸਾਰ) ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਭੀ ਉਸ ਦੇ ਘਰ ਵਿਚ ਭਾਂਡੇ ਘੜਨ ਵਾਲਾ ਇਕ ਕੁੰਭਿਆਰ ਹੀ ਹੈ (ਭਾਵ, ਉਸ ਪਰਮਾਤਮਾ ਦੇ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾ ਭੀ ਇਤਨੀ ਹੀ ਹਸਤੀ ਰੱਖਦਾ ਹੈ ਜਿਤਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ ਕੁੰਭਿਆਰ) । (ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ) ਸ਼ਿਵ ਜੀ ਜਗਤ ਦਾ ਗੁਰੂ (ਹੈ), ਜਿਸ ਨੇ (ਜਗਤ ਦੇ ਜੀਵਾਂ ਵਾਸਤੇ) ਅਸਲ ਸਮਝਣ-ਜੋਗ ਉਪਦੇਸ਼ ਸੁਣਾਇਆ ਹੈ (ਭਾਵ, ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਅਪੜਾਂਦਾ ਹੈ, ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ), ਇਹ ਸ਼ਿਵ ਜੀ (ਸ੍ਰਿਸ਼ਟੀ ਦੇ ਮਾਲਕ) ਉਸ ਪਰਮਾਤਮਾ ਦੇ ਘਰ ਵਿਚ (ਮਾਨੋ) ਇਕ ਕਮਲਾ ਮਸਖ਼ਰਾ ਹੈ । (ਰਾਜੇ ਲੋਕਾਂ ਦੇ ਰਾਜ-ਮਹਲਾਂ ਦੇ ਦਰਵਾਜ਼ੇ ਉੱਤੇ ਚੋਬਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ ਵਿਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦੇਂਦੇ ਹਨ, ਘਟ ਘਟ ਵਿਚ ਵੱਸਣ ਵਾਲੇ ਰਾਜਨ-ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ) ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਲ ਦੇ ਦਰ ਤੇ ਚੋਬਦਾਰ ਹੈ (ਭਾਵ, ਹਰੇਕ ਜੀਵ ਦੇ ਅੰਦਰ ਹਿਰਦੇ-ਘਰ ਵਿਚ ਪ੍ਰਭੂ ਵੱਸ ਰਿਹਾ ਹੈ, ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿੱਥ ਕਰਾ ਦੇਂਦੇ ਹਨ) । ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ, ਉਹ) ਚਿਤ੍ਰਗੁਪਤ ਉਸ ਦੇ ਘਰ ਇਕ ਮੁਨੀਮ (ਦੀ ਹਸਤੀ ਰੱਖਦਾ) ਹੈ । (ਲੋਕਾਂ ਦੇ ਭਾਣੇ) ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇਕ (ਮਮੂਲੀ) ਦਰਬਾਨ ਹੈ ।੨।

ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥
ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥
ਚਉਰ ਢੂਲ ਜਾਂ ਚੈ ਹੈ ਪਵਣੁ ॥ ਚੇਰੀ ਸਕਤਿ ਜੀਤਿ ਲੇ ਭਵਣੁ ॥
ਅੰਡ ਟੂਕ ਜਾ ਚੈ ਭਸਮਤੀ ॥ ਸੋ ਐਸਾ ਰਾਜਾ ਤ੍ਰਿਭਵਣ ਪਤੀ ॥ ੩ ॥

ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇਕ ਐਸਾ ਰਾਜਾ ਹੈ, ਜਿਸ ਦੇ ਦਰ ਤੇ (ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ—ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ । ਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ ਦੇ) ਸੁੰਦਰ ਬੋਲ ਬੋਲਦੇ ਹਨ । ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ, ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ, ਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ, ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ) ।੩।

ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥
ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥
ਨਖ ਪ੍ਰਸੇਵ ਜਾ ਚੈ ਸੁਰਸਰੀ ॥ ਸਪਤ ਸਮੁੰਦ ਜਾਂ ਚੈ ਘੜਥਲੀ ॥
ਏਤੇ ਜੀਅ ਜਾਂ ਚੈ ਵਰਤਣੀ ॥ ਸੋ ਐਸਾ ਰਾਜਾ ਤ੍ਰਿਭਵਣ ਧਣੀ ॥ ੪ ॥

ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ; ਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ; ਗੰਗਾ ਉਸ ਦੇ ਦਰ ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ, ਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ, ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ ।੪।

ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ
ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥
ਏਤੇ ਜੀਅ ਜਾਂ ਚੈ ਹਹਿ ਘਰੀ ॥ ਸਰਬ ਬਿਆਪਿਕ ਅੰਤਰ ਹਰੀ ॥
ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥ ਸਗਲ ਭਗਤ ਜਾ ਚੈ ਨੀਸਾਣਿ ॥ ੫ ॥ ੧ ॥

ਉਹ ਪ੍ਰਭੂ ਇਕ ਐਸਾ ਰਾਜਾ ਹੈ ਜਿਸ ਦੇ ਘਰ ਵਿਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ, ਪ੍ਰਹਿਲਾਦ, ਅੰਬ੍ਰੀਕ, ਨਾਰਦ, ਨੇਜੈ (ਜੋਗ-ਸਾਧਨਾ ਵਿਚ) ਪੁੱਗੇ ਹੋਏ ਜੋਗੀ, ਗਿਆਨਵਾਨ ਮਨੁੱਖ, ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ, ਬਵੰਜਾ ਬੀਰ ਆਦਿਕ ਉਸ ਦੀ (ਇਕ ਸਧਾਰਨ ਜਿਹੀ) ਖੇਡ ਹਨ । ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਪ੍ਰਭੂ ਦੇ ਘਰ ਵਿਚ ਹਨ, ਉਹ ਹਰੀ-ਪ੍ਰਭੂ ਸਭ ਵਿਚ ਵਿਆਪਕ ਹੈ, ਸਭ ਦੇ ਅੰਦਰ ਵੱਸਦਾ ਹੈ । ਭਗਤ ਨਾਮਦੇਵ ਜੀ ਬੇਨਤੀ ਕਰਦੇ ਹਨ — ਮੈਨੂੰ ਉਸ ਪਰਮਾਤਮਾ ਦੀ ਓਟ ਆਸਰਾ ਹੈ ਸਾਰੇ ਭਗਤ ਜਿਸ ਦੇ ਝੰਡੇ ਹੇਠ ਸਬ (ਅਨੰਦ ਮਾਣ ਰਹੇ) ਹਨ ।੫।੧।