ਅੰਗ: ੪੮੫
ੴ ਸਤਿਗੁਰ ਪ੍ਰਸਾਦਿ ॥
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ
 
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥ ੧ ॥  
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥ ੧ ॥ ਰਹਾਉ ॥

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥ ੨ ॥
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥ ੩ ॥
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥ ੪ ॥ ੧ ॥

ਪੂਰਕ—ਭਰਪੂਰ । ਜਤ—ਜਿੱਧਰ । ਦੇਖਉ—ਮੈਂ ਵੇਖਦਾ ਹਾਂ । ਤਤ—ਉੱਧਰ । ਸੋਈ—ਉਹ ਪ੍ਰਭੂ ਹੀ । ਚਿਤ੍ਰ—ਮੂਰਤਾਂ, ਤਸਵੀਰਾਂ । ਬਚਿਤ੍ਰ—ਰੰਗਾ ਰੰਗ ਦੀਆਂ । ਬਿਮੋਹਿਤ—ਚੰਗੀ ਤਰ੍ਹਾਂ ਮੋਹੇ ਜਾਂਦੇ ਹਨ ।੧। ਸਭੁ—ਹਰ ਥਾਂ । ਸੂਤੁ—ਧਾਗਾ । ਮਣਿ—ਮਣਕੇ । ਸਤ—ਸ਼ਤ, ਸੈਂਕੜੇ । ਸਹੰਸ—ਹਜ਼ਾਰਾਂ । ਓਤਿ ਪੋਤਿ— ਪ੍ਰੋਤਾ ਹੋਇਆ । ਤਰੰਗ—ਲਹਿਰਾਂ, ਠਿੱਲ੍ਹਾਂ । ਫੇਨ—ਝੱਗ । ਬੁਦਬੁਦਾ—ਬੁਲਬੁਲਾ । ਭਿੰਨ—ਵੱਖਰਾ । ਪਰਪੰਚੁ— ਦਿੱਸਦਾ ਤਮਾਸ਼ਾ-ਰੂਪ ਸੰਸਾਰ । ਲੀਲਾ—ਖੇਡ । ਬਿਚਰਤ—ਵਿਚਾਰਿਆਂ । ਆਨ—ਵੱਖਰਾ, ਓਪਰਾ ।੨। ਮਿਥਿਆ—ਝੂਠਾ । ਭਰਮੁ—ਵਹਿਮ, ਗ਼ਲਤ ਖ਼ਿਆਲ । ਮਨੋਰਥ—ਉਹ ਚੀਜ਼ਾਂ ਜਿਨ੍ਹਾਂ ਦੀ ਖ਼ਾਤਰ ਮਨ ਦੌੜਦਾ ਫਿਰਦਾ ਹੈ । ਸਤਿ—ਸਦਾ ਕਾਇਮ ਰਹਿਣ ਵਾਲੇ । ਸੁਕ੍ਰਿਤ—ਨੇਕੀ । ਮਨਸਾ—ਸਮਝ । ਮਾਨਿਆ—ਪਤੀਜ ਗਿਆ, ਤਸੱਲੀ ਹੋ ਗਈ ।੩। ਰਚਨਾ—ਸ੍ਰਿਸ਼ਟੀ । ਬੀਚਾਰੀ—ਵਿਚਾਰ ਕੇ । ਅੰਤਰਿ—ਅੰਦਰ । ਨਿਰੰਤਰਿ—ਇਕ-ਰਸ ਸਭ ਵਿਚ ।੪।

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥ ੧ ॥
 
ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ । ਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ।੧।

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥ ੧ ॥ ਰਹਾਉ ॥

ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ; ਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ ।੧।ਰਹਾਉ।

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥ ੨ ॥

ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ—ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ, ਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ ।੨।

ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥ ੩ ॥

(ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ); ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ । ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ।੩।

ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥ ੪ ॥ ੧ ॥

ਸਤਿਗੁਰੂ ਨਾਮਦੇਵ ਜੀ ਆਖਦੇ ਜਨ —(ਹੇ ਭਾਈ!) ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ।੪।੧।