ਤਉ ਜਨ ਧੀਰਜੁ ਪਾਵਾ ॥ ੧ ॥ ਨਾਦਿ ਸਮਾਇਲੋ ਰੇ, ਸਤਿਗੁਰੁ ਭੇਟਿਲੇ ਦੇਵਾ ॥ ੧ ॥ ਰਹਾਉ ॥ ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥ ੨ ॥ ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥ ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥ ੩ ॥ ਜਹ ਅਨਹਤ ਸੂਰ ਉਜ੍ਹਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥ ੪ ॥ ੧ ॥ |
ਦੇਖਾ—ਪ੍ਰਭੂ ਦਾ ਦੀਦਾਰ ਕਰਦਾ ਹਾਂ । ਗਾਵਾ— ਮੈਂ (ਉਸ ਦੇ ਗੁਣ) ਗਾਉਂਦਾ ਹਾਂ । ਤਉ—ਤਦੋਂ । ਪਾਵਾ—ਮੈਂ ਹਾਸਲ ਕਰਦਾ ਹਾਂ । ਧੀਰਜੁ—ਸ਼ਾਂਤੀ, ਅਡੋਲਤਾ, ਟਿਕਾਉ ।੧। ਨਾਦਿ—ਨਾਦ ਵਿਚ, (ਗੁਰੂ ਦੇ) ਸ਼ਬਦ ਵਿਚ । ਸਮਾਇਲੋ—ਸਮਾ ਗਿਆ ਹੈ, ਲੀਨ ਹੋ ਗਿਆ ਹੈ । ਭੇਟਿਲੇ—ਮਿਲਾ ਦਿੱਤਾ ਹੈ । ਜਹ—ਜਿੱਥੇ, ਜਿਸ (ਮਨ) ਵਿਚ । ਝਿਲਿਮਿਲਿਕਾਰੁ—ਸਦਾ ਚੰਚਲਤਾ ਹੀ ਚੰਚਲਤਾ । ਦਿਸੰਤਾ—ਦਿੱਸਦੀ ਸੀ । ਤਹ—ਉੱਥੇ, ਉਸ (ਮਨ) ਵਿਚ । ਅਨਹਦ—ਇੱਕ-ਰਸ । ਸਬਦ ਬਜੰਤਾ—ਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ । ਜੋਤੀ—ਪਰਮਾਤਮਾ ਦੀ ਜੋਤਿ ਵਿਚ । ਜੋਤਿ— ਮੇਰੀ ਜਿੰਦ, ਮੇਰੀ ਆਤਮਾ । ਸਮਾਨ੍ੀ—(ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) । ।੨। ਕਮਲ ਕੋਠਰੀ—(ਹਿਰਦਾ-) । ਰਤਨ—(ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ) । ਤਹੀ—ਉਸੇ (ਹਿਰਦੇ) ਵਿਚ । ਚਮਕਾਰ—ਲਿਸ਼ਕ, ਚਾਨਣ । ਨਿਜ ਆਤਮੈ—ਮੇਰੇ ਆਪਣੇ ਅੰਦਰ ।੩। ਛੰਛਾਰਾ—ਮੱਧਮ । ਦੀਪਕ—ਦੀਵਾ । ਅਨਹਤ—ਇੱਕ-ਰਸ, ਲਗਾਤਾਰ ।੪। |
ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥ ੧ ॥ (ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ ।੧। ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥ ੧ ॥ ਰਹਾਉ ॥ ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ।੧।ਰਹਾਉ। ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥ ੨ ॥ (ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ, ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ, ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ।੨। ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥ ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥ ੩ ॥ ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ); ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ); ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ, ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ।੩। ਜਹ ਅਨਹਤ ਸੂਰ ਉਜ੍ਹਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥ ੪ ॥ ੧ ॥ ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ, ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ; ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ।੪।੧। |