ਹਰਿ ਕੋ ਨਾਮੁ ਲੈ ਊਤਮ ਧਰਮਾ ॥ ਹਰਿ ਹਰਿ ਕਰਤ ਜਾਤਿ ਕੁਲ ਹਰੀ ॥ ਸੋ ਹਰਿ ਅੰਧੁਲੇ ਕੀ ਲਾਕਰੀ ॥੧॥ ਹਰਏ ਨਮਸਤੇ ਹਰਏ ਨਮਹ ॥ ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥ ਹਰਿ ਹਰਨਾਕਸ ਹਰੇ ਪਰਾਨ ॥ ਅਜੈਮਲ ਕੀਓ ਬੈਕੁੰਠਹਿ ਥਾਨ ॥ ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ ਨੈਨਹੁ ਕੀ ਪੂਤਰੀ ॥੨॥ ਹਰਿ ਹਰਿ ਕਰਤ ਪੂਤਨਾ ਤਰੀ ॥ ਬਾਲ ਘਾਤਨੀ ਕਪਟਹਿ ਭਰੀ ॥ ਸਿਮਰਨ ਦ੍ਰੋਪਦ ਸੁਤ ਉਧਰੀ ॥ ਗਊਤਮ ਸਤੀ ਸਿਲਾ ਨਿਸਤਰੀ ॥੩॥ ਕੇਸੀ ਕੰਸ ਮਥਨੁ ਜਿਨਿ ਕੀਆ ॥ ਜੀਅ ਦਾਨੁ ਕਾਲੀ ਕਉ ਦੀਆ ॥ ਪ੍ਰਣਵੈ ਨਾਮਾ ਐਸੋ ਹਰੀ ॥ ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥ |
ਹਰਿ ਹਰਿ ਕਰਤ—ਪ੍ਰਭੂ ਦਾ ਨਾਮ ਸਿਮਰਿਆਂ । ਭਰਮਾ—ਭਟਕਣਾ । ਲੈ ਨਾਮੁ—ਨਾਮ ਸਿਮਰ । ਊਤਮ—ਸਭ ਤੋਂ ਸ੍ਰੇਸ਼ਟ । ਹਰੀ—ਨਾਸ ਹੋ ਜਾਂਦੀ ਹੈ । ਲਾਕਰੀ—ਲੱਕੜੀ, ਟੋਹਣੀ, ਡੰਗੋਰੀ, ਆਸਰਾ ।੧। ਹਰਏ—ਹਰੀ ਨੂੰ (ਵੇਖੋ ਮੇਰੇ 'ਸੁਖਮਨੀ ਸਟੀਕ' ਵਿਚ ਲਫ਼ਜ਼ 'ਗੁਰਏ' ਦੀ ਵਿਆਖਿਆ) ।੧।ਰਹਾਉ। ਹਰੇ ਪਰਾਨ—ਜਾਨ ਲੈ ਲਈ, ਮਾਰਿਆ । ਥਾਨ—ਥਾਂ । ਸੂਆ—ਤੋਤਾ । ਗਨਿਕਾ—ਵੇਸਵਾ । ਪੂਤਰੀ— ਪੁਤਲੀ ।੨। ਪੂਤਨਾ—ਉਸ ਦਾਈ ਦਾ ਨਾਮ ਸੀ ਜਿਸ ਨੂੰ ਕੰਸ ਨੇ ਗੋਕਲ ਵਿਚ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ; ਇਹ ਥਣਾਂ ਨੂੰ ਜ਼ਹਿਰ ਲਾ ਕੇ ਗਈ; ਪਰ ਕ੍ਰਿਸ਼ਨ ਜੀ ਨੇ ਥਣ ਮੂੰਹ ਵਿਚ ਪਾ ਕੇ ਇਸ ਦੇ ਪ੍ਰਾਣ ਖਿੱਚ ਲਏ; ਆਖ਼ਰ ਮੁਕਤੀ ਭੀ ਦੇ ਦਿੱਤੀ । ਘਾਤਨੀ—ਮਾਰਨ ਵਾਲੀ । ਕਪਟ—ਧੋਖਾ, ਫ਼ਰੇਬ । ਦ੍ਰੋਪਦ ਸੁਤ—ਦ੍ਰੋਪਦ ਸੁਤਾ, ਰਾਜਾ ਦ੍ਰੋਪਦ ਦੀ ਧੀ, ਦ੍ਰੋਪਤੀ । ਸਤੀ—ਨੇਕ ਇਸਤ੍ਰੀ, ਜੋ ਆਪਣੇ ਪਤੀ ਦੇ ਸ੍ਰਾਪ ਨਾਲ ਸਿਲਾ ਬਣ ਗਈ ਸੀ, ਸ੍ਰੀ ਰਾਮ ਚੰਦਰ ਜੀ ਨੇ ਇਸ ਨੂੰ ਮੁਕਤ ਕੀਤਾ ਸੀ ।੩। ਕੇਸੀ—ਉਹ ਦੈਂਤ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਦੇ ਮਾਰਨ ਲਈ ਗੋਕਲ ਭੇਜਿਆ ਸੀ । ਮਥਨੁ—ਨਾਸ । ਜਿਨਿ—ਜਿਸ ਨੇ । ਕਾਲੀ—ਇਕ ਨਾਗ ਸੀ ਜਿਸ ਨੂੰ ਕ੍ਰਿਸ਼ਨ ਜੀ ਨੇ ਜਮਨਾ ਤੋਂ ਕੱਢਿਆ ਸੀ । ਜੀਅ ਦਾਨੁ— ਜਿੰਦ-ਬਖ਼ਸ਼ੀ । ਪ੍ਰਣਵੈ—ਬੇਨਤੀ ਕਰਦਾ ਹੈ । ਜਾਸੁ—ਜਿਸ ਨੂੰ । ਅਪਦਾ—ਮੁਸੀਬਤ । ਟਰੀ—ਟਲ ਜਾਂਦੀ ਹੈ ।੪। |
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥ ਹਰਿ ਕੋ ਨਾਮੁ ਲੈ ਊਤਮ ਧਰਮਾ ॥ ਹਰਿ ਹਰਿ ਕਰਤ ਜਾਤਿ ਕੁਲ ਹਰੀ ॥ ਸੋ ਹਰਿ ਅੰਧੁਲੇ ਕੀ ਲਾਕਰੀ ॥੧॥ ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ; ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ । ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ । ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ।੧। ਹਰਏ ਨਮਸਤੇ ਹਰਏ ਨਮਹ ॥ ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥ ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ, ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ।੧।ਰਹਾਉ। ਹਰਿ ਹਰਨਾਕਸ ਹਰੇ ਪਰਾਨ ॥ ਅਜੈਮਲ ਕੀਓ ਬੈਕੁੰਠਹਿ ਥਾਨ ॥ ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ ਨੈਨਹੁ ਕੀ ਪੂਤਰੀ ॥੨॥ ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ, ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ । ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ; ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ।੨। ਹਰਿ ਹਰਿ ਕਰਤ ਪੂਤਨਾ ਤਰੀ ॥ ਬਾਲ ਘਾਤਨੀ ਕਪਟਹਿ ਭਰੀ ॥ ਸਿਮਰਨ ਦ੍ਰੋਪਦ ਸੁਤ ਉਧਰੀ ॥ ਗਊਤਮ ਸਤੀ ਸਿਲਾ ਨਿਸਤਰੀ ॥੩॥ ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ; ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ, ਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ।੩। ਕੇਸੀ ਕੰਸ ਮਥਨੁ ਜਿਨਿ ਕੀਆ ॥ ਜੀਅ ਦਾਨੁ ਕਾਲੀ ਕਉ ਦੀਆ ॥ ਪ੍ਰਣਵੈ ਨਾਮਾ ਐਸੋ ਹਰੀ ॥ ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥ ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ, ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ । ਨਾਮਦੇਵ ਬੇਨਤੀ ਕਰਦਾ ਹੈ—ਪ੍ਰਭੂ ਐਸਾ (ਬਖ਼ਸ਼ੰਦ) ਹੈ ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ।੪।੧।੫। |