ਪੰਚਹੁ ਕਾ ਮਿਟ ਨਾਵਉ ॥ ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥ ਪਾਛੈ ਬਹੁਰਿ ਨ ਆਵਨੁ ਪਾਵਉ ॥ ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥ ਬਜਰ ਕੁਠਾਰੁ ਮੋਹਿ ਹੈ ਛੀਨਾ ਕਰਿ ਮਿੰਨਤਿ ਲਗਿ ਪਾਵਉ ॥ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥ ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥ ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥ ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥ |
ਬੈਰਾਗਨਿ—ਵੈਰਾਗਿਨੀ—ਸ਼ਾਂਤ ਹੋਏ ਇੰਦ੍ਰੇ । ਮੋਹਿ—ਮੈਂ । ਪੰਚਹੁ ਕਾ—ਪੰਜ ਕਾਮਾਦਿਕਾਂ ਦਾ । ਨਾਵਉ—ਨਾਮ ਹੀ, ਨਿਸ਼ਾਨ ਹੀ । ਸਤਰਿ ਦੋਇ—ਬਹੱਤਰ ਹਜ਼ਾਰ ਨਾੜੀਆਂ । ਅੰਮ੍ਰਿਤ ਸਰਿ—ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਨਾਲ । ਬਿਖੁ—ਜ਼ਹਿਰ, ਮਾਇਆ ਦਾ ਪ੍ਰਭਾਵ ।੧। ਪਾਛੈ—ਮੁੜ । ਬਹੁਰਿ—ਫਿਰ । ਘਟ ਤੇ—ਹਿਰਦੇ ਤੋਂ, ਦਿਲੋਂ, ਚਿੱਤ ਜੋੜ ਕੇ । ਉਚਰਉ—ਮੈਂ ਉਚਾਰਦਾ ਹਾਂ । ਆਤਮ ਕਉ—ਆਪਣੇ ਆਪ ਨੂੰ । ਰਹਾਉ। ਬਜਰ—ਕਰੜਾ । ਕੁਠਾਰੁ—ਕੁਹਾੜਾ । ਮੋਹਿ—ਮੈਂ । ਲਗਿ—ਲੱਗ ਕੇ । ਪਾਵਉ—ਚਰਨੀਂ । (ਨੋਟ:- ਇੱਥੇ ਰਾਮਾਇਣ ਦੀ ਉਸ ਸਾਖੀ ਵਲ ਇਸ਼ਾਰਾ ਹੈ ਜਦੋਂ ਸੀਤਾ ਜੀ ਦੇ ਸੁਅੰਬਰ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਸ਼ਿਵ ਜੀ ਦਾ ਧਨੁੰਖ ਤੋੜਿਆ ਸੀ; ਪਰਸ ਰਾਮ ਇਹ ਸੁਣ ਕੇ ਆਪਣਾ ਭਿਆਨਕ ਸ਼ਸਤ੍ਰ ਕੁਹਾੜਾ ਲੈ ਕੇ ਸ੍ਰੀ ਰਾਮ ਚੰਦਰ ਜੀ ਨੂੰ ਮਾਰਨ ਲਈ ਆਇਆ । ਪਰ ਸ੍ਰੀ ਰਾਮ ਚੰਦਰ ਜੀ ਨੇ ਕ੍ਰੋਧ ਵਿਚ ਆਏ ਪਰਸ ਰਾਮ ਦੇ ਚਰਨੀਂ ਹੱਥ ਲਾ ਦਿੱਤੇ, ਇਸ ਤਰ੍ਹਾਂ ਉਸ ਦਾ ਕ੍ਰੋਧ ਤੇ ਬਲ ਖਿੱਚ ਲਿਆ ਤੇ ਕੁਹਾੜਾ ਉਸ ਦੇ ਹੱਥੋਂ ਡਿੱਗ ਪਿਆ) । ਡਰਪਾਵਉ—ਡਰਦਾ ਹਾਂ ।੨। ਛੂਟਉ—ਬਚਦਾ ਹਾਂ । ਤਿਹ—ਇਸ ਮਾਇਆ ਨੂੰ । ਤਜਿ—ਤਿਆਗ ਕੇ ।੩। ਇਤੁ ਕਰਿ—ਇਸ ਤਰ੍ਹਾਂ । ਕਰਹਿ—ਕਰਦੇ ਹਨ । ਚੁਕਾਈਐ—ਦੂਰ ਹੋ ਜਾਂਦਾ ਹੈ । ਬਾਹਰਿ—(ਬੈਰਾਗੀ ਬਣ ਕੇ ਬਨ ਆਦਿਕਾਂ ਵਿਚ) ਬਾਹਰ । ਇਹ ਸੰਜਮ—(ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ਕੇ, ਕਾਮਾਦਿਕਾਂ ਤੋਂ ਬਚ ਕੇ, ਆਪਣੇ ਗੁਰੂ ਦੀ ਸ਼ਰਨ ਪੈ ਕੇ, ਮਾਇਆ ਦਾ ਮੋਹ ਤਿਆਗ ਕੇ) ਇਹਨਾਂ ਜੁਗਤੀਆਂ ਨਾਲ ।੪। |
ਦਸ ਬੈਰਾਗਨਿ ਮੋਹਿ ਬਸਿ ਕੀਨੀ ਪੰਚਹੁ ਕਾ ਮਿਟ ਨਾਵਉ ॥ ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥ (ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ); ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ।੧। ਪਾਛੈ ਬਹੁਰਿ ਨ ਆਵਨੁ ਪਾਵਉ ॥ ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥ ਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ, (ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ ।੧।ਰਹਾਉ। ਬਜਰ ਕੁਠਾਰੁ ਮੋਹਿ ਹੈ ਛੀਨਾ ਕਰਿ ਮਿੰਨਤਿ ਲਗਿ ਪਾਵਉ ॥ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥ ਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ । (ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ ।੨। ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥ ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ ।੩। ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥ ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥ ਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ । ਨਾਮਦੇਵ ਆਖਦਾ ਹੈ—(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ।੪।੨। |