ਪੰਨਾ ਨ: ੯੮੮
ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ
ੴ ਸਤਿਗੁਰ ਪ੍ਰਸਾਦਿ ॥
 
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮੁ ਬਿਨਾ ਕੋ ਬੋਲੈ ਰੇ ॥੧॥ਰਹਾਉ॥
ਏਕਲ ਮਾਟੀ, ਕੁੰਜਰ ਚੀਟੀ,
ਭਾਜਨ ਹੈ ਬਹੁ ਨਾਨਾ ਰੇ ॥
ਅਸਥਾਵਰ ਜੰਗਮ, ਕੀਟ ਪਤੰਗਮ,
ਘਟਿ ਘਟਿ ਰਾਮੁ ਸਮਾਨਾ ਰੇ ॥੧॥
ਏਕਲ ਚਿੰਤਾ, ਰਾਖੁ ਅਨੰਤਾ,
ਅਉਰ ਤਜਹੁ ਸਭ ਆਸਾ ਰੇ ॥
ਪ੍ਰਣਵੈ ਨਾਮਾ ਭਏ ਨਿਹਕਾਮਾ,
ਕੋ ਠਾਕੁਰੁ ਕੋ ਦਾਸਾ ਰੇ ॥੨॥੨॥

ਸਭੈ ਘਟ—ਸਾਰੇ ਘਟਾਂ ਵਿਚ । ਰਾਮਾ—ਰਾਮ ਹੀ । ਰੇ—ਹੇ ਭਾਈ! ਕੋ—ਕੌਣ? ।੧।ਰਹਾਉ। ਏਕਲ ਮਾਟੀ—ਇੱਕੋ ਹੀ ਮਿੱਟੀ ਤੋਂ । ਕੁੰਜਰ—ਕੁੰਚਰ, ਹਾਥੀ । ਚੀਟੀ—ਕੀੜੀ । ਭਾਜਨ—ਭਾਂਡੇ । ਨਾਨਾਂ— ਕਈ ਕਿਸਮਾਂ ਦੇ । ਰੇ—ਹੇ ਭਾਈ! ਅਸਥਾਵਰੁ—(ਰੁੱਖ ਪਰਬਤ ਆਦਿਕ ਉਹ ਪਦਾਰਥ) ਜੋ ਇੱਕ ਥਾਂ ਟਿਕੇ ਰਹਿੰਦੇ ਹਨ । ਜੰਗਮ—ਤੁਰਨ ਫਿਰਨ ਹਿੱਲਣ-ਜੁੱਲਣ ਵਾਲੇ ਜੀਅ-ਜੰਤ । ਕੀਟ—ਕੀੜੇ । ਘਟਿ ਘਟਿ— ਹਰੇਕ ਘਟ ਵਿਚ । ਏਕਲ ਅਨੰਤਾ—ਇਕ ਬੇਅੰਤ ਪ੍ਰਭੂ ਦੀ । ਚਿੰਤਾ—ਧਿਆਨ, ਸੁਰਤ । ਤਜਹੁ—ਛੱਡ ਦਿਉ । ਨਿਹਕਾਮ— ਵਾਸ਼ਨਾ-ਰਹਿਤ । ਕੋ...ਦਾਸਾ—ਉਸ ਦਾਸ ਅਤੇ ਉਸ ਦੇ ਠਾਕੁਰ ਵਿਚ ਫ਼ਰਕ ਨਹੀਂ ਰਹਿ ਜਾਂਦਾ ।੨।
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮੁ ਬਿਨਾ ਕੋ ਬੋਲੈ ਰੇ ॥੧॥ਰਹਾਉ॥
ਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ ।੧।ਰਹਾਉ।

ਏਕਲ ਮਾਟੀ ਕੁੰਜਰ ਚੀਟੀ ਭਾਜਨ ਹਂੈ ਬਹੁ ਨਾਨਾ ਰੇ ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥

ਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ, ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ—ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ ।੧।

ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੨॥

ਹੇ ਭਾਈ! ਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿਚ ਮੌਜੂਦ ਹੈ) । ਨਾਮਦੇਵ ਬੇਨਤੀ ਕਰਦਾ ਹੈ—ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ ।੨।੩।