ਪੰਨਾ ਨ: ੧੨੫੨
ਸਾਰੰਗ ਬਾਣੀ ਨਾਮਦੇਉ ਜੀ ਕੀ
ੴ ਸਤਿਗੁਰ ਪ੍ਰਸਾਦਿ ॥
 
ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥
ਠਾਕੁਰ ਤੇ ਜਨੁ ਜਨ ਤੇ ਠਾਕੁਰੁ
ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥

ਆਪਨ ਦੇਉ ਦੇਹੁਰਾ ਆਪਨ
ਆਪ ਲਗਾਵੈ ਪੂਜਾ ॥
ਜਲ ਤੇ ਤਰੰਗ ਤਰੰਗ ਤੇ ਹੈ ਜਲੁ
ਕਹਨ ਸੁਨਨ ਕਉ ਦੂਜਾ ॥੧॥
ਆਪਹਿ ਗਾਵੈ ਆਪਹਿ ਨਾਚੈ
ਆਪਿ ਬਜਾਵੈ ਤੂਰਾ ॥
ਕਹਤ ਨਾਮਦੇਉ ਤੂੰ ਮੇਰੋ ਠਾਕੁਰੁ
ਜਨੁ ਊਰਾ ਤੂ ਪੂਰਾ ॥੨॥੨॥
ਕੀ ਨ—ਕਿਉਂ ਨਹੀਂ? ਬਦਹੁ—ਲਾਂਦੇ, ਮਿਥਦੇ । ਹੋਡ—ਸ਼ਰਤ । ਮੋ ਸਿਉ—ਮੇਰੇ ਨਾਲ । ਬਦਹੁ...ਸਿਉ—ਹੇ ਮਾਧੋ! ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਂਦੇ? ਹੇ ਮਾਧੋ! ਮੇਰੇ ਨਾਲ ਸ਼ਰਤ ਲਾ ਕੇ ਵੇਖ ਲੈ; ਹੇ ਮਾਧੋ! ਮੇਰੇ ਨਾਲ ਬਹਿਸ ਕਰ ਕੇ ਵੇਖ ਲੈ, ਜੋ ਮੈਂ ਆਖਦਾ ਹਾਂ ਠੀਕ ਹੈ । ਖੇਲੁ—ਜਗਤ-ਰੂਪ ਖੇਡ । ਤੋ ਸਿਉ—ਤੇਰੇ ਨਾਲ । ਖੇਲੁ...ਸਿਉ—ਇਹ ਜਗਤ-ਖੇਡ ਸਾਡੀ ਤੇਰੇ ਨਾਲ (ਸਾਂਝੀ) ਪਈ ਹੋਈ ਹੈ; ਇਹ ਤੇਰੀ ਸਾਡੀ ਸਾਂਝੀ ਖੇਡ ਹੈ ।੧।ਰਹਾਉ। ਦੇਉ—ਦੇਵਤਾ । ਆਪਨ—ਤੂੰ ਆਪ ਹੀ । ਤਰੰਗ—ਲਹਿਰਾਂ । ਦੂਜਾ—ਵੱਖੋ-ਵੱਖਰਾ ।੧। ਤੂਰਾ—ਵਾਜਾ । ਊਰਾ—ਘੱਟ ।੨।
ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥
ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥

ਹੇ ਮਾਧੋ! ਮੇਰੇ ਨਾਲ ਵਿਚਾਰ ਕਰ ਕੇ ਵੇਖ ਲੈ (ਇਹ ਗੱਲ ਸੱਚੀ ਹੈ ਕਿ) ਇਹ ਜਗਤ-ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ (ਕਿਉਂਕਿ) ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ (ਦੀ ਪੀੜ੍ਹੀ ਚਲਦੀ ਹੈ, ਭਾਵ, ਜੇ ਮਾਲਕ ਹੋਵੇ ਤਾਂ ਹੀ ਉਸ ਦਾ ਕੋਈ ਸੇਵਕ ਬਣ ਸਕਦਾ ਹੈ, ਤੇ ਜੇ ਸੇਵਕ ਹੋਵੇ ਤਾਂ ਹੀ ਉਸ ਦਾ ਕੋਈ ਮਾਲਕ ਅਖਵਾ ਸਕੇਗਾ । ਸੋ, ਮਾਲਕ-ਪ੍ਰਭੂ ਅਤੇ ਸੇਵਕ ਦੀ ਹਸਤੀ ਸਾਂਝੀ ਹੈ) ।੧।ਰਹਾਉ।

ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥

ਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ । ਪਾਣੀ ਤੋਂ ਲਹਿਰਾਂ (ਉਠਦੀਆਂ ਹਨ), ਲਹਿਰਾਂ (ਦੇ ਮਿਲਣ) ਤੋਂ ਪਾਣੀ (ਦੀ ਹਸਤੀ) ਹੈ, ਇਹ ਸਿਰਫ਼ ਆਖਣ ਨੂੰ ਤੇ ਸੁਣਨ ਨੂੰ ਹੀ ਵੱਖੋ-ਵੱਖ ਹਨ (ਭਾਵ, ਇਹ ਸਿਰਫ਼ ਕਹਿਣ-ਮਾਤ੍ਰ ਗੱਲ ਹੈ ਕਿ ਇਹ ਪਾਣੀ ਹੈ, ਤੇ ਇਹ ਲਹਿਰਾਂ ਹਨ) ।੧।

ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥
ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥

(ਹੇ ਮਾਧੋ!) ਤੂੰ ਆਪ ਹੀ ਗਾਂਦਾ ਹੈਂ, ਤੂੰ ਆਪ ਹੀ ਨੱਚਦਾ ਹੈਂ, ਤੂੰ ਆਪ ਹੀ ਵਾਜਾ ਵਜਾਉਂਦਾ ਹੈਂ । ਨਾਮਦੇਵ ਆਖਦਾ ਹੈ—ਹੇ ਮਾਧੋ! ਤੂੰ ਮੇਰਾ ਮਾਲਕ ਹੈਂ, (ਇਹ ਠੀਕ ਹੈ ਕਿ ਮੈਂ) ਤੇਰਾ ਦਾਸ (ਤੈਥੋਂ ਬਹੁਤ) ਛੋਟਾ ਹਾਂ ਅਤੇ ਤੂੰ ਮੁਕੰਮਲ ਹੈਂ (ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਂ? ਸੋ, ਮੈਨੂੰ ਆਪਣਾ ਸੇਵਕ ਬਣਾਈ ਰੱਖ) ।੨।