ਪੰਨਾ ਨ: ੧੧੬੪
ਭੈਰਉ ਨਾਮਦੇਉ ਜੀਉ ਘਰੁ ੨
ੴ ਸਤਿਗੁਰ ਪ੍ਰਸਾਦਿ ॥
 
ਜੈਸੀ ਭੂਖੇ ਪ੍ਰੀਤਿ ਅਨਾਜ ॥
ਤ੍ਰਿਖਾਵੰਤ ਜਲ ਸੇਤੀ ਕਾਜ ॥
ਜੈਸੀ ਮੂੜ ਕੁਟੰਬ ਪਰਾਇਣ ॥
ਐਸੀ ਨਾਮੇ ਪ੍ਰੀਤਿ ਨਰਾਇਣ ॥੧॥
ਨਾਮੇ ਪ੍ਰੀਤਿ ਨਾਰਾਇਣ ਲਾਗੀ ॥
ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥

ਜੈਸੀ ਪਰ ਪੁਰਖਾ ਰਤ ਨਾਰੀ ॥
ਲੋਭੀ ਨਰੁ ਧਨ ਕਾ ਹਿਤਕਾਰੀ ॥
ਕਾਮੀ ਪੁਰਖ ਕਾਮਨੀ ਪਿਆਰੀ ॥
ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥
ਸਾਈ ਪ੍ਰੀਤਿ ਜਿ ਆਪੇ ਲਾਏ ॥
ਗੁਰ ਪਰਸਾਦੀ ਦੁਬਿਧਾ ਜਾਏ ॥
ਕਬਹੁ ਨ ਤੂਟਸਿ ਰਹਿਆ ਸਮਾਇ ॥
ਨਾਮੇ ਚਿਤੁ ਲਾਇਆ ਸਚਿ ਨਾਇ ॥੩॥
ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥
ਐਸਾ ਹਰਿ ਸੇਤੀ ਮਨੁ ਰਾਤਾ ॥
ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥
ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥
ਤ੍ਰਿਖਾਵੰਤ—ਤਿਹਾਇਆ, ਪਿਆਸਾ । ਸੇਤੀ—ਨਾਲ । ਕਾਜ—ਲੋੜ, ਗ਼ਰਜ਼ । ਮੂੜ—ਮੂਰਖ ਬੰਦੇ । ਕੁਟੰਬ—ਪਰਵਾਰ । ਪਰਾਇਣ—ਆਸਰੇ ।੧। ਸਹਜ ਸੁਭਾਇ—ਸੁਤੇ ਹੀ, ਕੋਈ ਖ਼ਾਸ ਉਚੇਚ ਕਰਨ ਤੋਂ ਬਿਨਾ ਹੀ । ਬੈਰਾਗੀ—ਵਿਰਕਤ ।੧।ਰਹਾਉ। ਰਤ—ਰੱਤੀ ਹੋਈ, ਪਿਆਰ ਪਾਣ ਵਾਲੀ । ਹਿਤਕਾਰੀ—ਹਿਤ ਕਰਨ ਵਾਲਾ, ਪ੍ਰੇਮ ਕਰਨ ਵਾਲਾ । ਕਾਮੀ— ਵਿਸ਼ਈ । ਕਾਮਨੀ—ਇਸਤ੍ਰੀ ।੨। ਸਾਈ—ਉਹੀ (ਅਸਲ) । ਜਿ—ਜਿਹੜੀ । ਦੁਬਿਧਾ—ਮੇਰ-ਤੇਰ । ਨ ਤੂਟਸਿ—ਉਹ ਪ੍ਰੀਤ ਕਦੇ ਟੁੱਟਦੀ ਨਹੀਂ । ਸਚਿ—ਸੱਚ ਵਿਚ । ਨਾਇ—ਨਾਮ ਵਿਚ ।੩। ਰਾਤਾ—ਰੰਗਿਆ ਹੋਇਆ । ਚੀਤਿ—ਚਿੱਤ ਵਿਚ ।੪।
ਜੈਸੀ ਭੂਖੇ ਪ੍ਰੀਤਿ ਅਨਾਜ ॥ ਤ੍ਰਿਖਾਵੰਤ ਜਲ ਸੇਤੀ ਕਾਜ ॥
ਜੈਸੀ ਮੂੜ ਕੁਟੰਬ ਪਰਾਇਣ ॥ ਐਸੀ ਨਾਮੇ ਪ੍ਰੀਤਿ ਨਰਾਇਣ ॥੧॥

ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ, ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ, ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ, ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ।੧।

ਨਾਮੇ ਪ੍ਰੀਤਿ ਨਾਰਾਇਣ ਲਾਗੀ ॥ ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥
(ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ, (ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ।੧।ਰਹਾਉ।

ਜੈਸੀ ਪਰ ਪੁਰਖਾ ਰਤ ਨਾਰੀ ॥ ਲੋਭੀ ਨਰੁ ਧਨ ਕਾ ਹਿਤਕਾਰੀ ॥
ਕਾਮੀ ਪੁਰਖ ਕਾਮਨੀ ਪਿਆਰੀ ॥ ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥

ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ, ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ, ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ, ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ।੨।

ਸਾਈ ਪ੍ਰੀਤਿ ਜਿ ਆਪੇ ਲਾਏ ॥ ਗੁਰ ਪਰਸਾਦੀ ਦੁਬਿਧਾ ਜਾਏ ॥
ਕਬਹੁ ਨ ਤੂਟਸਿ ਰਹਿਆ ਸਮਾਇ ॥ ਨਾਮੇ ਚਿਤੁ ਲਾਇਆ ਸਚਿ ਨਾਇ ॥੩॥

ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ, ਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ, ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ । (ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ।੩।

ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥ ਐਸਾ ਹਰਿ ਸੇਤੀ ਮਨੁ ਰਾਤਾ ॥
ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥ ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥

ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ, ਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ । ਨਾਮਦੇਵ ਬੇਨਤੀ ਕਰਦਾ ਹੈ—ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ, ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ।੪।੧।੭।