ਪੰਨਾ ਨ: ੯੭੨
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰ ੧
ੴ ਸਤਿਗੁਰ ਪ੍ਰਸਾਦਿ ॥
 
ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥
ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥
ਬੈਰਾਗੀ ਰਾਮਹਿ ਗਾਵਉਗੋ ॥
ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥
ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥
ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥
ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਾਉਗੋ ॥੩॥
ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥
ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

ਨੋਟ:- ਲਫ਼ਜ਼ 'ਗਾਵਉਗੋ, ਬਜਾਵਉਗੋ' ਆਦਿਕ ਵਿਚ ਅੱਖਰ 'ਗੋ' ਸਿਰਫ਼ ਪਦ-ਪੂਰਤੀ ਵਾਸਤੇ ਹੈ, ਭਵਿੱਖਤ ਕਾਲ ਵਾਸਤੇ ਨਹੀਂ । ਅਰਥ ਕਰਨ ਲਈ ਇਹਨਾਂ ਨੂੰ 'ਗਾਵਉ, ਬਜਾਵਉ' ਆਦਿਕ ਹੀ ਸਮਝਣਾ ਹੈ ।

ਪਦਅਰਥ:- ਆਨੰਤਾ—ਬੇਅੰਤ । ਨ ਗਾਵਉਗੋ—ਨ ਗਾਵਉਂ, ਮੈਂ ਨਹੀਂ ਗਾਉਂਦਾ । ਅਖੰਡ—ਅਵਿਨਾਸ਼ੀ । ਅਖੰਡ ਮੰਡਲ—ਅਵਿਨਾਸ਼ੀ ਟਿਕਾਣੇ ਵਾਲਾ (ਪ੍ਰਭੂ) । ਅਨਹਦ ਬੇਨੁ—ਇਕ-ਰਸ ਵੱਜਦੀ ਰਹਿਣ ਵਾਲੀ ਬੰਸਰੀ । ਬਜਾਵਉਗੋ—ਬਜਾਂਵਉ, ਮੈਂ ਵਜਾ ਰਿਹਾ ਹਾਂ ।੧। ਬੈਰਾਗੀ—ਵੈਰਾਗਵਾਨ ਹੋ ਕੇ, ਮਾਇਆ ਵਲੋਂ ਉਪਰਾਮ ਹੋ ਕੇ, ਮਾਇਆ ਨਾਲੋਂ ਮੋਹ ਤੋੜ ਕੇ । ਸਬਦਿ—(ਗੁਰੂ ਦੇ) ਸ਼ਬਦ ਦੀ ਰਾਹੀਂ । ਅਤੀਤ—ਵਿਰਕਤ, ਉਦਾਸ । ਅਨਾਹਦਿ—ਅਨਾਹਦ ਵਿਚ, ਇੱਕ-ਰਸ ਟਿਕੇ ਰਹਿਣ ਵਾਲੇ ਹਰੀ ਵਿਚ, ਅਵਿਨਾਸ਼ੀ ਪ੍ਰਭੂ ਵਿਚ । ਆਕੁਲ ਕੈ ਘਰਿ—ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਵਿਚ । ਜਾਉਗੋ—ਜਾਉ, ਮੈਂ ਜਾਂਦਾ ਹਾਂ, ਮੈਂ ਟਿਕਿਆ ਰਹਿੰਦਾ ਹਾਂ ।੧।ਰਹਾਉ। ਪਉਨੈ ਬੰਧਿ—ਪਵਨ ਨੂੰ ਬੰਨ੍ਹ ਕੇ, ਪਵਨ ਵਰਗੇ ਚੰਚਲ ਮਨ ਨੂੰ ਕਾਬੂ ਵਿਚ ਰੱਖ ਕੇ । (ਨੋਟ:- ਸਾਰੇ ਬੰਦ ਗਹੁ ਨਾਲ ਪੜ੍ਹੋ; ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਕਰਮ ਕਾਂਡ ਤੇ ਤੀਰਥ ਇਸ਼ਨਾਨ ਆਦਿਕ ਦੀ ਨਿਖੇਧੀ ਕਰ ਰਹੇ ਹਨ; ਇਸ ਬੰਦ ਵਿਚ ਭੀ ਪ੍ਰਾਣਾਯਾਮ ਨੂੰ ਬੇ-ਲੋੜਵਾਂ ਕਹਿ ਰਹੇ ਹਨ) । ਸੁਖਮਨਾ- ਨੱਕ ਦੇ ਉੱਪਰਵਾਰ ਮੱਥੇ ਦੇ ਵਿਚ ਉਹ ਨਾੜੀ ਜਿਸ ਵਿਚ ਪ੍ਰਾਣਾਯਾਮ ਵੇਲੇ ਜੋਗੀ ਲੋਕ ਖੱਬੀ ਸੁਰ (ਇੜਾ) ਦੇ ਰਾਹ ਪ੍ਰਾਣ ਚਾੜ੍ਹ ਕੇ ਟਿਕਾਉਂਦੇ ਹਨ ਤੇ ਸੱਜੀ ਨਾਸ ਦੀ ਨਾੜੀ ਪਿੰਗਲਾ ਦੇ ਰਾਹ ਉਤਾਰ ਦੇਂਦੇ ਹਨ । ਚੰਦੁ—ਖੱਬੀ ਸੁਰ ਇੜਾ । ਸੂਰਜੁ—ਸੱਜੀ ਸੁਰ ਪਿੰਗਲਾ । ਸਮ—ਬਰਾਬਰ, ਇੱਕੋ ਜਿਹੀ ।੨। ਨ ਪੈਸਉ—ਨਹੀਂ ਪੈਂਦਾ । ਭੀਤਰਿ—ਅੰਦਰ ।੩। ਪੰਚ ਸਹਾਈ—ਸੱਜਣ ਮਿੱਤਰ । ਰਾਤਾ—ਰੰਗਿਆ ਹੋਇਆ । ਸੁੰਨ ਸਮਾਧਿ—ਮਨ ਦੀ ਉਹ ਇਕਾਗ੍ਰਤਾ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, ਜਿਸ ਵਿਚ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ ।੪।

ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥
ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥

ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ, ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ।੧।

ਬੈਰਾਗੀ ਰਾਮਹਿ ਗਾਵਉਗੋ ॥
ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥

(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ, ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ।੧।ਰਹਾਉ।

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥
ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥

(ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਚੰਚਲ ਮਨ ਨੂੰ ਰੋਕ ਕੇ (ਮੈਂ ਪ੍ਰਭੂ-ਚਰਨਾਂ ਵਿਚ) ਟਿਕਿਆ ਹੋਇਆ ਹਾਂ—ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ; ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ), ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ।੨।

ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥
ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਾਉਗੋ ॥੩॥

ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ । ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ । ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ।੩।

ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥
ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

ਸਤਿਗੁਰੂ ਨਾਮਦੇਵ ਜੀ ਆਖਦੇ ਹਨ— (ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ; ਮੇਰਾ ਚਿੱਤ ਪ੍ਰਭੂ (-ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ।੪।੨।