ਲੋਹਾ ਕੰਚਨੁ ਹਿਰਨ ਹੋਇ ਕੈਸੇ, ਜਉ ਪਾਰਸਹਿ ਨ ਪਰਸੈ ॥੧॥ ਦੇਵ, ਸੰਸੈ ਗਾਂਠਿ ਨ ਛੂਟੈ ॥ ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥ ਹਮ ਬਡ ਕਬਿ, ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ, ਇਹ ਬੁਧਿ ਕਬਹਿ ਨ ਨਾਸੀ ॥੨॥ ਕਹੁ ਰਵਿਦਾਸ ਸਭੈ ਨਹੀ ਸਮਝਸਿ, ਭੂਲਿ ਪਰੇ ਜੈਸੇ ਬਉਰੇ ॥ ਮੋਹਿ ਅਧਾਰੁ ਨਾਮੁ ਨਾਰਾਇਨ, ਜੀਵਨ ਪ੍ਰਾਨ ਧਨ ਮੋਰੇ ॥੩॥੧॥ |
ਪੜੀਐ — ਪੜ੍ਹੀਦਾ ਹੈ । ਗੁਨੀਐ — ਵਿਚਾਰੀਦਾ ਹੈ । ਸਭੁ — ਹਰ ਥਾਂ । ਸੁਨੀਐ — ਸੁਣੀਦਾ ਹੈ । ਭਾਉ — ਪ੍ਰੇਮ, ਲਗਨ, ਖਿੱਚ । ਅਨਭਉ — ਅਨੁਭਵ — ਪ੍ਰਤੱਖ ਦਰਸ਼ਨ । ਕੰਚਨੁ — ਸੋਨਾ । ਹਿਰਨ — ਸੋਨਾ । ਪਾਰਸਹਿ — ਪਾਰਸ ਨੂੰ । ਪਰਸੈ — ਛੋਹੇ ।੧। ਸੰਸੈ — ਸੰਸੇ ਦੀ, ਡਰ ਦੀ, ਸਹਿਮ ਦੀ । ਗਾਂਠਿ — ਗੰਢ । ਨ ਛੂਟੈ — ਨਹੀਂ ਖੁਲ੍ਹਦੀ । ਮਦ — ਅਹੰਕਾਰ, ਮਦੁਰਾ, ਸ਼ਰਾਬ, ਨਸ਼ੀਲੇ ਪਦਾਰਥ । ਮਤਸਰ — ਈਰਖਾ । ਇਨ ਪੰਚਹੁ — (ਕਾਮਾਦਿਕ) ਇਹਨਾਂ ਪੰਜਾਂ ਨੇ । ਲੂਟੇ — (ਸਭ ਜੀਵ) ਲੁੱਟ ਲਏ ਹਨ ।੧। ਰਹਾਉ। ਕਬਿ — ਕਵੀ । ਕੁਲੀਨ — ਚੰਗੀ ਕੁਲ ਵਾਲੇ । ਗੁਨੀ — ਗੁਣਵਾਨ । ਸੂਰ — ਸੂਰਮੇ ।੨। ਸਭੈ — ਸਾਰੇ ਜੀਵ (ਜਿਨ੍ਹਾਂ ਨੂੰ ਕਾਮਾਦਿਕ ਪੰਜਾਂ ਨੇ ਲੁੱਟ ਲਿਆ ਹੈ) । ਭੂਲਿ ਪਰੇ — ਭੁੱਲ ਗਏ ਹਨ, ਗ਼ਲਤੀ ਖਾ ਗਏ ਹਨ । ਮੋਹਿ — ਮੈਨੂੰ । ਜੀਵਨ — ਜਿੰਦ । ਮੋਰੇ — ਮੇਰੇ ਵਾਸਤੇ ।੩। |
ਪੜੀਐ ਗੁਨੀਐ ਨਾਮੁ ਸਭੁ ਸੁਨੀਐ, ਅਨਭਉ ਭਾਉ ਨ ਦਰਸੈ ॥ ਲੋਹਾ ਕੰਚਨੁ ਹਿਰਨ ਹੋਇ ਕੈਸੇ, ਜਉ ਪਾਰਸਹਿ ਨ ਪਰਸੈ ॥੧॥ ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ; (ਦਰਸ਼ਨ ਹੋਵੇ ਭੀ ਕਿਸ ਤਰ੍ਹਾਂ ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ ? ।੧। ਦੇਵ, ਸੰਸੈ ਗਾਂਠਿ ਨ ਛੂਟੈ ॥ ਕਾਮ ਕ੍ਰੋਧ ਮਾਇਆ ਮਦ ਮਤਸਰ, ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥ ਹੇ ਪ੍ਰਭੂ ! ਕਾਮ, ਕੋ੍ਰਧ, ਮਾਇਆ (ਦਾ ਮੋਹ), ਅਹੰਕਾਰ ਤੇ ਈਰਖਾ-ਸਾੜਾ — ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ (ਇਸ ਵਾਸਤੇ ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ ।੧।ਰਹਾਉ। ਹਮ ਬਡ ਕਬਿ, ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ, ਇਹ ਬੁਧਿ ਕਬਹਿ ਨ ਨਾਸੀ ॥੨॥ (ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ) ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ ਅਸੀ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ, ਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ (ਜਿਹੜੇ ਭੀ ਪਾਸੇ ਪਏ ਉਸੇ ਦਾ ਹੀ ਮਾਣ ਹੋ ਗਿਆ) ।੨। ਕਹੁ ਰਵਿਦਾਸ ਸਭੈ ਨਹੀ ਸਮਝਸਿ, ਭੂਲਿ ਪਰੇ ਜੈਸੇ ਬਉਰੇ ॥ ਮੋਹਿ ਅਧਾਰੁ ਨਾਮੁ ਨਾਰਾਇਨ, ਜੀਵਨ ਪ੍ਰਾਨ ਧਨ ਮੋਰੇ ॥੩॥੧॥ ਹੇ ਰਵਿਦਾਸ ! ਆਖ — (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ); ਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ ।੩। |