ਪੰਨਾ ਨ: ੧੧੦੬
ੴ ਸਤਿਗੁਰ ਪ੍ਰਸਾਦਿ ॥
ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ
   
ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਗਰੀਬ ਨਿਵਾਜੁ ਗੁਸਈਆ ਮੇਰਾ,
ਮਾਥੈ ਛਤ੍ਰੁ ਧਰੈ ॥੧॥ ਰਹਾਉ ॥

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥
ਨੀਚਹ ਊਚ ਕਰੈ ਮੇਰਾ ਗੋਬਿੰਦੁ, ਕਾਹੂ ਤੇ ਨ ਡਰੈ ॥੧॥
ਨਾਮਦੇਵ ਕਬੀਰੁ ਤਿਲੋਚਨੁ, ਸਧਨਾ ਸੈਨੁ ਤਰੈ ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ,
ਹਰਿ ਜੀਉ ਤੇ ਸਭੈ ਸਰੈ ॥੨॥੧॥
ਲਾਲ — ਹੇ ਸੋਹਣੇ ਪ੍ਰਭੂ ! ਐਸੀ — ਅਜਿਹੀ (ਮਿਹਰ) । ਗਰੀਬ ਨਿਵਾਜੁ — ਗਰੀਬਾਂ ਨੂੰ ਮਾਣ ਦੇਣ ਵਾਲਾ । ਗੁਸਈਆ ਮੇਰਾ — ਮੇਰਾ ਮਾਲਕ । ਮਾਥੈ — (ਗਰੀਬ ਦੇ) ਸਿਰ ਉੱਤੇ ।੧।ਰਹਾਉ । ਛੋਤਿ — ਭਿੱਟ । ਤਾ ਪਰ — ਉਸ ਉੱਤੇ । ਢਰੈ — ਢਲਦਾ ਹੈਂ, ਦ੍ਰਵਦਾ ਹੈਂ, ਤਰਸ ਕਰਦਾ ਹੈਂ । ਨੀਚਹ — ਨੀਚ ਬੰਦਿਆਂ ਨੂੰ । ਕਾਹੂ ਤੇ — ਕਿਸੇ ਬੰਦੇ ਤੋਂ ।੧। ਸਭੈ — ਸਾਰੇ ਕੰਮ । ਸਰੈ — ਸਰਦੇ ਹਨ, ਹੋ ਸਕਦੇ ਹਨ, ਸਿਰੇ ਚੜ੍ਹ ਸਕਦੇ ਹਨ ।੨।
ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਗਰੀਬ ਨਿਵਾਜੁ ਗੁਸਈਆ ਮੇਰਾ, ਮਾਥੈ ਛਤ੍ਰੁ ਧਰੈ ॥੧॥ ਰਹਾਉ ॥

ਹੇ ਸੋਹਣੇ ਪ੍ਰਭੂ ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ ? (ਹੇ ਭਾਈ !) ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ।੧। ਰਹਾਉ ।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥
ਨੀਚਹ ਊਚ ਕਰੈ ਮੇਰਾ ਗੋਬਿੰਦੁ, ਕਾਹੂ ਤੇ ਨ ਡਰੈ ॥੧॥

(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ !) ਤੂੰ ਹੀ ਕਿਰਪਾ ਕਰਦਾ ਹੈਂ ।(ਹੇ ਭਾਈ !) ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ।।੧।

ਨਾਮਦੇਵ ਕਬੀਰੁ ਤਿਲੋਚਨੁ, ਸਧਨਾ ਸੈਨੁ ਤਰੈ ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ, ਹਰਿ ਜੀਉ ਤੇ ਸਭੈ ਸਰੈ ॥੨॥੧॥

(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ । ਰਵਿਦਾਸ ਜੀ ਆਖਦੇ ਹਨ — ਹੇ ਸੰਤ ਜਨੋ ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ।੨।੧।

ਨੋਟ : — ਲਫ਼ਜ਼ 'ਨੀਚਹ' ਨੂੰ ਆਮ ਤੌਰ ਤੇ ਲੋਕ 'ਨੀਚਹੁ' ਪੜ੍ਹਦੇ ਹਨ । ਸਹੀ ਪਾਠ 'ਨੀਚਹ' ਹੈ । ਨੋਟ : — ਸ੍ਰੀ ਰਵਿਦਾਸ ਜੀ ਦੀ ਗਵਾਹੀ ਅਨੁਸਾਰ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੀ ਪੂਜਾ ਤੋਂ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਤਰੇ ਸਨ । ਨਾਮਦੇਵ, ਤਿਲੋਚਨ, ਕਬੀਰ ਅਤੇ ਸਧਨਾ — ਇਹਨਾਂ ਚਹੁੰਆਂ ਬਾਬਤ ਰਵਿਦਾਸ ਜੀ ਆਖਦੇ ਹਨ ਕਿ 'ਹਰਿ ਜੀਉ ਤੇ ਸਭੈ ਸਰੈ' ।