ਜੇ ਓਹੁ ਦੁਆਦਸ ਸਿਲਾ ਪੂਜਾਵੈ ॥ ਜੇ ਓਹੁ ਕੂਪ ਤਟਾ ਦੇਵਾਵੈ ॥ ਕਰੈ ਨਿੰਦ ਸਭ ਬਿਰਥਾ ਜਾਵੈ ॥੧॥ ਸਾਧ ਕਾ ਨਿੰਦਕੁ ਕੈਸੇ ਤਰੈ ॥ ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥ ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥ ਅਰਪੈ ਨਾਰਿ ਸੀਗਾਰ ਸਮੇਤਿ ॥ ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥ ਕਰੈ ਨਿੰਦ ਕਵਨੈ ਨਹੀ ਗੁਨੈ ॥੨॥ ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥ ਭੂਮਿ ਦਾਨ ਸੋਭਾ ਮੰਡਪਿ ਪਾਵੈ ॥ ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥ ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥ ਨਿੰਦਾ ਕਹਾ ਕਰਹੁ ਸੰਸਾਰਾ ॥ ਨਿੰਦਕ ਕਾ ਪਰਗਟਿ ਪਾਹਾਰਾ ॥ ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥ |
ਅਠਸਠਿ — ਅਠਾਹਠ । ਦੁਆਦਸ ਸਿਲਾ — ਬਾਰਾਂ ਸ਼ਿਵਲਿੰਗ (ਸੋਮਨਾਥ, ਬਦਰੀਨਰੈਣ, ਕੇਦਾਰ, ਬਿਸ਼ੇਸ਼੍ਵਰ, ਰਾਮੇਸ਼੍ਵਰ, ਨਾਗੇਸ਼੍ਵਰ, ਬੈਜਨਾਥ, ਭੀਮਸ਼ੰਕਰ ਆਦਿਕ) । ਨੋਟ : — ਸਾਲਗ੍ਰਾਮ ਦੀ ਪੂਜਾ ਵਿਸ਼ਨੂੰ ਦੀ ਪੂਜਾ ਹੈ । 'ਸਿਲਾ' ਦੀ ਪੂਜਾ ਸ਼ਿਵ ਜੀ ਦੀ ਪੂਜਾ ਹੈ । ਕੂਪ — ਖੂਹ । ਤਟਾ — ਤਲਾਬ ।੧। ਕੈਸੇ ਤਰੈ — ਨਹੀਂ ਤਰ ਸਕਦਾ । ਸਰਪਰ — ਜ਼ਰੂਰ ।੧।ਰਹਾਉ। ਕੁਲਖੇਤਿ — ਕੁਲਖੇਤ੍ਰ (ਤੀਰਥ) ਉੱਤੇ (ਜਾ ਕੇ) । ਗ੍ਰਹਨ ਕਰੈ — ਗ੍ਰਹਿਣ (ਸਮੇਂ ਦਾ ਇਸ਼ਨਾਨ) ਕਰੇ । ਅਰਪੈ — ਭੇਟਾ ਕਰੇ, ਦਾਨ ਕਰੇ । ਸ੍ਰਵਨੀ — ਕੰਨਾਂ ਨਾਲ ।੨। ਪ੍ਰਸਾਦ — ਭੋਜਨ, ਠਾਕਰਾਂ ਨੂੰ ਭੋਗ । ਮੰਡਪਿ — ਜਗਤ ਵਿਚ । ਬਿਗਾਰਿ — ਵਿਗਾੜ ਕੇ । ਸਾਂਢੈ — ਸਵਾਰੇ । ਹਾਂਢੈ — ਭਟਕਦਾ ਹੈ ।੩। ਕਹਾ — ਕਿਉਂ ? ਪਰਗਟਿ — ਪਰਗਟੇ, ਪਰਗਟੈ, ਉੱਘੜ ਪੈਂਦਾ ਹੈ । ਪਹਾਰਾ — ਦੁਕਾਨ, (ਠੱਗ ਦੀ) ਹੱਟੀ । ਸੋਧਿ ਸਾਧਿ — ਚੰਗੀ ਤਰ੍ਹਾਂ ਵਿਚਾਰ ਕੇ । "ਕਹੁ, ਰਵਿਦਾਸ । ਸੋਧਿ ਸਾਧਿ ਬੀਚਾਰਿਆ, ਪਾਪੀ ਨਿੰਦਕੁ ਨਰਕਿ ਸਿਧਾਰਿਆ" — ਅਨਵੈ ।੪। |
ਜੇ ਓਹੁ ਅਠਸਠਿ ਤੀਰਥ ਨ੍ਹਾਵੈ ॥ ਜੇ ਓਹੁ ਦੁਆਦਸ ਸਿਲਾ ਪੂਜਾਵੈ ॥ ਜੇ ਓਹੁ ਕੂਪ ਤਟਾ ਦੇਵਾਵੈ ॥ ਕਰੈ ਨਿੰਦ ਸਭ ਬਿਰਥਾ ਜਾਵੈ ॥੧॥ ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ, ਜੇ ਬਾਰਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ, ਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ; ਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ, ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ ੧। ਸਾਧ ਕਾ ਨਿੰਦਕੁ ਕੈਸੇ ਤਰੈ ॥ ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥ ਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ) ਪਾਰ ਨਹੀਂ ਲੰਘ ਸਕਦਾ, ਯਕੀਨ ਨਾਲ ਜਾਣੋ ਉਹ ਸਦਾ ਨਰਕ ਵਿਚ ਹੀ ਪਿਆ ਰਹਿੰਦਾ ਹੈ ।੧। ਰਹਾਉ । ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥ ਅਰਪੈ ਨਾਰਿ ਸੀਗਾਰ ਸਮੇਤਿ ॥ ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥ ਕਰੈ ਨਿੰਦ ਕਵਨੈ ਨਹੀ ਗੁਨੈ ॥੨॥ ਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ, ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੇਵੇ, ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ; ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਭੀ ਲਾਭ ਨਹੀਂ ।੨।। ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥ ਭੂਮਿ ਦਾਨ ਸੋਭਾ ਮੰਡਪਿ ਪਾਵੈ ॥ ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥ ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥ ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ, ਜ਼ਮੀਨ ਦਾ ਦਾਨ ਕਰੇ (ਜਿਸ ਕਰਕੇ) ਜਗਤ ਵਿਚ ਸ਼ੋਭਾ ਖੱਟ ਲਏ, ਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ, ਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿਚ ਭਟਕਦਾ ਹੈ ।੩। ਨਿੰਦਾ ਕਹਾ ਕਰਹੁ ਸੰਸਾਰਾ ॥ ਨਿੰਦਕ ਕਾ ਪਰਗਟਿ ਪਾਹਾਰਾ ॥ ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥ ਹੇ ਦੁਨੀਆ ਦੇ ਲੋਕੋ ! ਤੁਸੀ (ਸੰਤਾਂ ਦੀ) ਨਿੰਦਿਆ ਕਿਉਂ ਕਰਦੇ ਹੋ ? (ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੇ, ਪਰ ਜੇ ਮਨੁੱਖ ਸੰਤ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉੱਘੜ ਪੈਂਦੀ ਹੈ । ਹੇ ਰਵਿਦਾਸ ! ਆਖ — ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ ਕਿ ਸੰਤ ਦਾ ਨਿੰਦਕ ਕੁਕਰਮੀ ਰਹਿੰਦਾ ਹੈ ਤੇ ਨਰਕ ਵਿਚ ਪਿਆ ਰਹਿੰਦਾ ਹੈ । |