ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ ॥੧॥ ਮਾਧਉ, ਸਤ ਸੰਗਤਿ ਸਰਨਿ ਤੁਮ੍ਹਾਰੀ ॥ ਹਮ ਅਉਗਨ ਤੁਮ੍ਹ ਉਪਕਾਰੀ ॥੧॥ ਰਹਾਉ ॥ ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜਸ ਕੀਰਾ ॥ ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ ॥੨॥ ਜਾਤੀ ਓਛਾ, ਪਾਤੀ ਓਛਾ, ਓਛਾ ਜਨਮੁ ਹਮਾਰਾ ॥ ਰਾਜਾ ਰਾਮ ਕੀ ਸੇਵ ਨ ਕੀਨ੍ਹੀ ਕਹਿ ਰਵਿਦਾਸ ਚਮਾਰਾ ॥੩॥੩॥ |
ਬਾਪੁਰੇ — ਵਿਚਾਰੇ, ਨਿਮਾਣੇ । ਸੰਗਿ ਤੁਮਾਰੇ — ਤੇਰੇ ਨਾਲ । ਬਾਸਾ — ਵਾਸ । ਰੂਖ — ਰੁੱਖ । ਸੁਗੰਧ — ਮਿੱਠੀ ਵਾਸ਼ਨਾ । ਨਿਵਾਸਾ — ਵੱਸ ਪਈ ਹੈ ।੧। ਮਾਧਉ — ਮਾਧਵ । ਮਾ — ਮਾਇਆ, ਲੱਛਮੀ । ਧਵ — ਖਸਮ । ਲੱਛਮੀ ਦਾ ਪਤੀ, ਹੇ ਮਾਧੋ ! ਹੇ ਪ੍ਰਭੂ ! ਅਉਗਨ — ਔਗਿਣਆਰ, ਮੰਦ - ਕਰਮੀ । ਉਪਕਾਰੀ — ਭਲਾਈ ਕਰਨ ਵਾਲਾ, ਮਿਹਰ ਕਰਨ ਵਾਲਾ ।੧।ਰਹਾਉ। ਮਖਤੂਲ — ਰੇਸ਼ਮ । ਸੁਪੇਦ — ਚਿੱਟਾ । ਸਪੀਅਲ — ਪੀਲਾ । ਜਸ — ਜੈਸੇ, ਜਿਵੇਂ । ਕੀਰਾ — ਕੀੜੇ । ਮਿਲਿ — ਮਿਲ ਕੇ । ਰਹੀਐ — ਟਿਕੇ ਰਹੀਏ। ਮਧੁਪ — ਸ਼ਹਿਦ ਦੀ ਮੱਖੀ । ਮਖੀਰ — ਸ਼ਹਿਦ ਦਾ ਛੱਤਾ ।੨। ਓਛਾ — ਨੀਵਾਂ, ਹੌਲਾ । ਪਾਤੀ — ਪਾਤ, ਕੁਲ । ਰਾਜਾ — ਮਾਲਕ, ਖਸਮ । ਕੀਨ੍ਹੀ — (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ ) ਮੈਂ ਕੀਤੀ । ਕਹਿ — ਕਹੇ, ਆਖਦਾ ਹੈ ।੩। |
ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗਿ ਤੁਮਾਰੇ ਬਾਸਾ ॥ ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ ॥ ਹੇ ਮਾਧੋ ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ (ਪਰ ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿਚ ਰਹਿਣ ਲਈ ਥਾਂ ਮਿਲ ਗਈ ਹੈ, ਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ ।੧। ਮਾਧਉ, ਸਤ ਸੰਗਤਿ ਸਰਨਿ ਤੁਮ੍ਹਾਰੀ ॥ ਹਮ ਅਉਗਨ ਤੁਮ੍ਹ ਉਪਕਾਰੀ ॥੧॥ ਰਹਾਉ ॥ ਹੇ ਮਾਧੋ ! ਮੈਂ ਤੇਰੀ ਸਾਧ ਸੰਗਤਿ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੁੜਨ ਨਾਹ ਦੇਈਂ), ਮੈਂ ਮੰਦ — ਕਰਮੀ ਹਾਂ (ਤੇਰਾ ਸਤ — ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੋੜ ਲੈਂਦਾ ਹੈਂ) ।੧।ਰਹਾਉ। ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜਸ ਕੀਰਾ ॥ ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ ॥੨॥ ਹੇ ਮਾਧੋ ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ), ਮਾਧੋ ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ) ।੨। ਜਾਤੀ ਓਛਾ, ਪਾਤੀ ਓਛਾ, ਓਛਾ ਜਨਮੁ ਹਮਾਰਾ ॥ ਰਾਜਾ ਰਾਮ ਕੀ ਸੇਵ ਨ ਕੀਨ੍ਹੀ ਕਹਿ ਰਵਿਦਾਸ ਚਮਾਰਾ ॥੩॥੩॥ ਸਤਿਗੁਰ ਰਵਿਦਾਸ ਆਖਦੇ ਹਨ — (ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤਿ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ (ਪਰ, ਹੇ ਮਾਧੋ ! ਮੇਰੀ ਜਾਤਿ, ਕੁਲ ਤੇ ਜਨਮ ਸੱਚ — ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੇ ਮੇਰੇ ਮਾਲਕ ਪ੍ਰਭੂ ! ਤੇਰੀ ਭਗਤੀ ਨਾਹ ਕੀਤੀ ।੩।੩। ਨੋਟ : — ਇਸ ਸ਼ਬਦ ਵਿਚ ਵਰਤੇ ਲਫ਼ਜ਼ 'ਰਾਜਾ ਰਾਮ' ਤੋਂ ਇਹ ਅੰਦਾਜ਼ਾ ਲਾਣਾ ਗ਼ਲਤ ਹੈ ਕਿ ਰਵਿਦਾਸ ਜੀ ਸ੍ਰੀ ਰਾਮ — ਅਵਤਾਰ ਦੇ ਪੁਜਾਰੀ ਸਨ । ਜਿਸ ਸਰਬ — ਵਿਆਪਕ ਮਾਲਕ ਨੂੰ ਉਹ ਅਖ਼ੀਰਲੀ ਤੁਕ ਵਿਚ 'ਰਾਜਾ ਰਾਮ' ਆਖਦੇ ਹਨ, ਉਸੇ ਨੂੰ ਉਹ 'ਰਹਾਉ' ਦੀ ਤੁਕ ਵਿਚ 'ਮਾਧਉ' ਆਖਦੇ ਹਨ । ਜੇ ਅਵਤਾਰ — ਪੂਜਾ ਦੀ ਤੰਗ — ਦਿਲੀ ਵਲ ਜਾਈਏ ਤਾਂ ਲਫ਼ਜ਼ 'ਮਾਧਉ' ਕ੍ਰਿਸ਼ਨ ਜੀ ਦਾ ਨਾਮ ਹੈ । ਸ੍ਰੀ ਰਾਮ ਚੰਦਰ ਜੀ ਦਾ ਪੁਜਾਰੀ ਆਪਣੇ ਪੂਜਯ — ਅਵਤਾਰ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਕਿਸੇ ਨਾਮ ਨਾਲ ਨਹੀਂ ਬੁਲਾ ਸਕਦਾ । ਰਵਿਦਾਸ ਜੀ ਦੀਆਂ ਨਜ਼ਰਾਂ ਵਿਚ 'ਰਾਮ' ਤੇ 'ਮਾਧਉ' ਉਸ ਪ੍ਰਭੂ ਦੇ ਹੀ ਨਾਮ ਹਨ, ਜੋ ਮਾਇਆ ਵਿਚ ਵਿਆਪਕ ('ਰਾਮ') ਹੈ ਤੇ ਮਾਇਆ ਦਾ ਖਸਮ । ('ਮਾਧਉ') ਹੈ । |