ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥ ਸੰਤ ਚੀ ਸੰਗਤਿ, ਸੰਤ ਕਥਾ ਰਸੁ ॥ ਸੰਤ ਪ੍ਰੇਮ, ਮਾਝੈ ਦੀਜੈ, ਦੇਵਾ ਦੇਵ ॥੧॥ ਰਹਾਉ ॥ ਸੰਤ ਆਚਰਣ, ਸੰਤ ਚੋ ਮਾਰਗੁ, ਸੰਤ ਚ ਓਲ੍ਹਗ ਓਲ੍ਹਗਣੀ ॥੨॥ ਅਉਰ ਇਕ ਮਾਗਉ ਭਗਤਿ ਚਿੰਤਾਮਣਿ॥ ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥ ਰਵਿਦਾਸੁ ਭਣੈ, ਜੋ ਜਾਣੈ ਸੋ ਜਾਣੁ ॥ ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥ |
ਪਦ ਅਰਥ : — ਤੁਝੀ — ਤੇਰਾ ਹੀ । ਤਨੁ — ਸਰੀਰ, ਸਰੂਪ । ਪ੍ਰਾਨ — ਜਿੰਦ-ਜਾਨ । ਜਾਨੈ — ਪਛਾਣ ਲੈਂਦਾ ਹੈ । ਦੇਵਾਦੇਵ — ਹੇ ਦੇਵਤਿਆਂ ਦੇ ਦੇਵਤੇ ! ।੧। ਚੀ — ਦੀ । ਰਸੁ — ਆਨੰਦ । ਮਾਝੈ — ਮੁਝੇ, ਮੈਨੂੰ । ਦੀਜੈ — ਦੇਹ ।੧।ਰਹਾਉ। ਆਚਰਣ — ਕਰਣੀ, ਕਰਤੱਬ । ਚੋ — ਦਾ । ਮਾਰਗੁ — ਰਸਤਾ । ਚ — ਦੇ । ਓਲ੍ਹਗ ਓਲ੍ਹਗਣੀ — ਦਾਸਾਂ ਦੀ ਸੇਵਾ । ਓਲ੍ਹਗ — ਦਾਸ, ਲਾਗੀ । ਓਲ੍ਹਗਣੀ — ਸੇਵਾ ।੨। ਚਿੰਤਾਮਣਿ — ਮਨ-ਚਿੰਦੇ ਫਲ ਦੇਣ ਵਾਲੀ ਮਣੀ । ਜਣੀ — ਨਾਹ । ਜਣੀ ਲਖਵਹੁ — ਨਾਹ ਦਿਖਾਵੀਂ । ਸਣਿ — ਸਣੇ, ਅਤੇ ।੩। ਭਣੈ — ਆਖਦਾ ਹੈ । ਜਾਣੁ — ਸਿਆਣਾ । ਅੰਤਰੁ — ਵਿੱਥ ।੪। |
ਸੰਤ ਤੁਝੀ ਤਨੁ, ਸੰਗਤਿ ਪ੍ਰਾਨ ॥ ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥ ਹੇ ਦੇਵਾਂ ਦੇ ਦੇਵ ਪ੍ਰਭੂ ! ਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ਕਿ ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤਿ ਤੇਰੀ ਜਿੰਦ-ਜਾਨ ਹੈ ।੧। ਸੰਤ ਚੀ ਸੰਗਤਿ, ਸੰਤ ਕਥਾ ਰਸੁ ॥ ਸੰਤ ਪ੍ਰੇਮ, ਮਾਝੈ ਦੀਜੈ, ਦੇਵਾ ਦੇਵ ॥੧॥ ਰਹਾਉ ॥ ਹੇ ਦੇਵਤਿਆਂ ਦੇ ਦੇਵਤੇ ਪ੍ਰਭੂ ! ਮੈਨੂੰ ਸੰਤਾਂ ਦੀ ਸੰਗਤਿ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ; ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ।੧। ਰਹਾਉ। ਸੰਤ ਆਚਰਣ, ਸੰਤ ਚੋ ਮਾਰਗੁ, ਸੰਤ ਚ ਓਲ੍ਹਗ ਓਲ੍ਹਗਣੀ ॥੨॥ ਹੇ ਪ੍ਰਭੂ ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ।੨। ਅਉਰ ਇਕ ਮਾਗਉ ਭਗਤਿ ਚਿੰਤਾਮਣਿ॥ ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥ ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ; ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ ।੩। ਰਵਿਦਾਸੁ ਭਣੈ, ਜੋ ਜਾਣੈ ਸੋ ਜਾਣੁ ॥ ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥ ਰਵਿਦਾਸ ਜੀ ਆਖਦੇ ਹਨ — ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ।੪।੨। |